ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੈ ਕਪੂਰ ਦਾ ਦੇਹਾਂਤ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਤੇ ਸਨਅਤਕਾਰ ਸੰਜੈ ਕਪੂਰ ਦੀ ਬਰਤਾਨੀਆ ਦੇ ਪੋਲੋ ਗਰਾਊਂਡ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਤੋਂ ਠੀਕ ਤਿੰਨ ਦਿਨ ਪਹਿਲਾਂ ਸੰਜੈ ਕਪੂਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਦਾਰਸ਼ਨਿਕ ਪੋਸਟ ਵਿੱਚ ਲਿਖਿਆ ਸੀ, ‘‘ਧਰਤੀ ’ਤੇ ਤੁਹਾਡਾ ਸਮਾਂ ਸੀਮਿਤ ਹੈ।’’ ਆਟੋ ਕੰਪੋਨੈਂਟ ਫਰਮ ਸੋਨਾ ਕੋਮਸਟਾਰ ਦੇ ਚੇਅਰਮੈਨ ਸੰਜੈ ਕਪੂਰ ਨੂੰ ਪੋਲੋ ਮੈਚ ਵਿਚਾਲੇ ਦਿਲ ਦਾ ਦੌਰਾ ਪੈ ਗਿਆ। ਉਹ 53 ਸਾਲ ਦੇ ਸਨ।
ਕਪੂਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਲਿਖਿਆ ਸੀ, ‘‘ਧਰਤੀ ’ਤੇ ਤੁਹਾਡਾ ਸਮਾਂ ਸੀਮਿਤ ਹੈ। ‘ਕੀ ਹੋਵੇਗਾ ਜੇਕਰ’ ਨੂੰ ਦਾਰਸ਼ਨਿਕਾਂ ’ਤੇ ਛੱਡ ਦਿਓ ਅਤੇ ਇਸ ਦੀ ਥਾਂ ‘ਕਿਉਂ ਨਹੀਂ’ ਦੀ ਦੁਨੀਆ ਵਿੱਚ ਗੋਤਾ ਲਗਾਓ।’’ ਸੋਨਾ ਕੋਮਸਟਾਰ ਨੇ ਬਿਆਨ ਵਿੱਚ ਕਿਹਾ, ‘‘ਸਾਨੂੰ ਬੇਹੱਦ ਦੁੱਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਸੋਨਾ ਕੋਮਸਟਾਰ ਦੇ ਚੇਅਰਮੈਨ ਅਤੇ ਗੈਰ-ਕਾਰਜਕਾਰੀ ਡਾਇਰੈਕਟਰ ਸੰਜੈ ਜੇ ਕਪੂਰ ਦਾ 12 ਜੂਨ 2025 ਨੂੰ ਇੰਗਲੈਂਡ, ਬਰਤਾਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ 53 ਸਾਲ ਦੀ ਉਮਰ ਵਿੱਚ ਅਚਨਚੇਤ ਦੇਹਾਂਤ ਹੋ ਗਿਆ।’’ -ਪੀਟੀਆਈ