ਕਰਨਾਟਕ: ਮੰਗਲੂਰੂ ਨੇੜੇ ਮਾਲਵਾਹਕ ਸਮੁੰਦਰੀ ਜਹਾਜ਼ ਡੁੱਬਿਆ
ਨਵੀਂ ਦਿੱਲੀ: ਭਾਰਤੀ ਤੱਟ ਰੱਖਿਅਕ ਬਲ ਨੇ ਮੰਗਲੂਰੂ ਤੋਂ 60 ਸਮੁੰਦਰੀ ਮੀਲ ਦੂਰ ਡੁੱਬੇ ਮਾਲਵਾਹਕ ਸਮੁੰਦਰੀ ਜਹਾਜ਼ ਦੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਬਚਾਅ ਲਿਆ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤੀ ਤੱਟ ਰੱਖਿਅਕ ਬਲ ਨੇ ਆਪਣੇ ਸਮੁੰਦਰੀ ਜਹਾਜ਼ ਵਿਕਰਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹ ਜਹਾਜ਼ ਗਸ਼ਤ ’ਤੇ ਸੀ ਅਤੇ ਇਸ ਨੂੰ ਖੋਜ ਤੇ ਬਚਾਅ ਮੁਹਿੰਮ ਲਈ ਭੇਜਿਆ ਗਿਆ ਸੀ। ਤੱਟ ਰੱਖਿਅਕ ਬਲ ਨੇ ‘ਐੱਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਭਾਰਤੀ ਤੱਟ ਰੱਖਿਅਕ ਬਲ ਨੇ ਸੰਕਟ ਦੀ ਸੂਚਨਾ ’ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਜਹਾਜ਼ ਐੱਮਐੱਸਵੀ ਸਲਾਮਤ ਦੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਬਚਾਇਆ। ਇਹ ਜਹਾਜ਼ ਕਰਨਾਟਕ ਦੇ ਨਿਊ ਮੰਗਲੂਰੂ ਤੋਂ ਲਕਸ਼ਦੀਪ ਦੇ ਕਦਮਤ ਦੀਪ ਵੱਲ ਜਾ ਰਿਹਾ ਸੀ। ਇਸੇ ਦੌਰਾਨ ਮੰਗਲੂਰੂ ਤੋਂ 60 ਸਮੁੰਦਰੀ ਮੀਲ ਦੀ ਦੂਰੀ ’ਤੇ ਇਹ ਡੁੱਬ ਗਿਆ।’’ ਤੱਟ ਰੱਖਿਅਕ ਬਲ ਨੇ ਕਿਹਾ, ‘‘ਗਸ਼ਤ ’ਤੇ ਨਿਕਲੇ ਜਹਾਜ਼ ਵਿਕਰਮ ਨੂੰ ਉਸ ਪਾਸੇ ਮੋੜਿਆ ਗਿਆ ਅਤੇ ਤੇਜ਼ੀ ਨਾਲ ਤੇ ਸਫ਼ਲ ਬਚਾਅ ਮੁਹਿੰਮ ਚਲਾਈ ਗਈ। ਸਾਰੇ ਜਿਊਂਦੇ ਬਚੇ ਲੋਕਾਂ ਨੂੰ ਕੱਢਿਆ ਗਿਆ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਅਤੇ ਨਿਊ ਮੰਗਲੂਰੂ ਬੰਦਰਗਾਹ ਲਿਆਂਦਾ ਗਿਆ।’’ -ਪੀਟੀਆਈ