ਕਮਲਦੀਪ ਦੇ ਪਰਿਵਾਰ ਵੱਲੋਂ ਇਨਸਾਫ਼ ਲਈ ਮੋਮਬੱਤੀ ਮਾਰਚ
ਗਗਨਦੀਪ ਅਰੋੜਾ
ਲੁਧਿਆਣਾ, 27 ਨਵੰਬਰ
ਰੇਲਵੇ ਸਟੇਸ਼ਨ ਦੇ ਬਾਹਰ ਬੀਅਰ ਦੀ ਬੋਤਲ ਨੂੰ ਲੈ ਕੇ ਤਿੰਨ ਦਿਨ ਪਹਿਲਾਂ ਕੁੱਟ-ਕੁੱਟ ਕੇ ਮਾਰ ਦਿੱਤੇ ਕਮਲਦੀਪ ਸਿੰਘ ਉਰਫ਼ ਕਮਲ ਦੇ ਪਰਿਵਾਰਕ ਮੈਂਬਰ ਨੇ ਅੱਜ ਫਰਾਰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਮੋਮਬੱਤੀ ਮਾਰਚ ਕੀਤਾ। ਮੰਗਲਵਾਰ ਦੇਰ ਸ਼ਾਮ ਕਮਲ ਦੇ ਨਜ਼ਦੀਕੀ ਸਾਥੀਆਂ ਸਣੇ ਪਰਿਵਾਰਕ ਮੈਂਬਰਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਦਿੱਤਾ ਅਤੇ ਕਤਲ ਕੇਸ ’ਚ ਨਾਮਜ਼ਦ ਸੁਨੀਲ ਅਤੇ ਸੰਦੀਪ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਢਿੱਲ-ਮੱਠ ਦਾ ਦੋਸ਼ ਲਗਾਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਗਗਨਪ੍ਰੀਤ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਕਮਲ ਦੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਦੋਵੇਂ ਫਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕਮਲਦੀਪ ਸਿੰਘ ਉਰਫ਼ ਕਮਲ ਦੀ ਮਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ ਅਤੇ ਮੁਲਜ਼ਮ ਫਰਾਰ ਹੋ ਗਏ। ਭਾਵੇਂ ਪੁਲੀਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੰਦੀਪ ਅਤੇ ਸੁਨੀਲ ਹਾਲੇ ਵੀ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਤਿੰਨ ਦਿਨ ਬੀਤਣ ’ਤੇ ਵੀ ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੁੱਝ ਨਹੀਂ ਕਰ ਰਹੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੁੱਖ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ ਅਤੇ ਪੁਲੀਸ ਉਨ੍ਹਾਂ ਨੂੰ ਕਾਬੂ ਕਰਨ ਵਿੱਚ ਅਸਮਰਥ ਹੈ।
ਇੰਸਪੈਕਟਰ ਗਗਨਪ੍ਰੀਤ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲੀਸ ਨੇ ਘਟਨਾ ਦੇ 7 ਘੰਟਿਆਂ ਦੇ ਅੰਦਰ ਹੀ ਹੈਪੀ, ਸ਼ਿਵਾ ਅਤੇ ਅੰਕਿਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਸੁਨੀਲ ਅਤੇ ਸੰਦੀਪ ਹਾਲੇ ਫਰਾਰ ਹਨ। ਉਨ੍ਹਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ 23-24 ਨਵੰਬਰ ਦੀ ਰਾਤ ਨੂੰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਠੇਕੇ ’ਤੇ ਬੀਅਰ ਦੀ ਬੋਤਲ ਨੂੰ ਲੈ ਕੇ ਦੋਸਤਾਂ ਵਿੱਚ ਬਹਿਸ ਹੋ ਗਈ ਸੀ। ਕੁੱਝ ਹੀ ਸਮੇਂ ਵਿੱਚ ਇਹ ਬਹਿਸ ਇੰਨੀ ਜ਼ਿਆਦਾ ਵਧ ਗਈ ਕਿ ਹੱਥੋਪਾਈ ਵਿੱਚ ਬਦਲ ਗਈ ਤੇ ਇਸੇ ਦੌਰਾਨ ਕਮਲ ਦੇ ਦੋਸਤਾਂ ਨੇ ਬੇਸਬਾਲ ਦੇ ਬੈਟ ਅਤੇ ਡੰਡੇ ਨਾਲ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਕੁੱਟਮਾਰ ਦੌਰਾਨ ਕਮਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਜ਼ਮਮਾਂ ਦੀ ਤਾਬ ਨਾ ਝੱਲਦਿਆਂ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਉਸ ਦੇ ਦੋਸ਼ ਮੌਕੇ ’ਤੋਂ ਫਰਾਰ ਹੋ ਗਏ।