For the best experience, open
https://m.punjabitribuneonline.com
on your mobile browser.
Advertisement

ਕਥਲੌਰ ’ਚ ਜੰਗਲੀ ਜੀਵ ਰੱਖ ਦੀ ਅੱਗ ਨੇ ਧਾਰਿਆ ਭਿਆਨਕ ਰੂਪ

07:55 AM Jun 20, 2024 IST
ਕਥਲੌਰ ’ਚ ਜੰਗਲੀ ਜੀਵ ਰੱਖ ਦੀ ਅੱਗ ਨੇ ਧਾਰਿਆ ਭਿਆਨਕ ਰੂਪ
ਕਥਲੌਰ ਵਿੱਚ ਵਾਈਲਡ ਲਾਈਫ਼ ਸੈਂਕਚੁਰੀ ਵਿੱਚ ਲੱਗੀ ਅੱਗ।
Advertisement

ਐੱਨਪੀ ਧਵਨ
ਪਠਾਨਕੋਟ, 19 ਜੂਨ
ਕਥਲੌਰ ਵਿਖੇ ਵਾਈਲਡ ਲਾਈਫ਼ ਸੈਂਕਚੁਰੀ (ਜੰਗਲੀ ਜੀਵ ਰੱਖ) ਵਿੱਚ ਦੋ ਦਿਨਾਂ ਤੋਂ ਲੱਗੀ ਅੱਗ ’ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਅੱਗ ਨੇ ਵਾਤਾਵਰਨ ਦਾ ਕਾਫ਼ੀ ਨੁਕਸਾਨ ਕੀਤਾ ਹੈ। ਕਈ ਕੀਡ਼ੇ ਮਕੌਡ਼ੇ, ਜੀਵ-ਜੰਤੂ ਅੱਗ ਦੀ ਭੇਟ ਚਡ਼੍ਹ ਗਏ। ਇਸ ਤੋਂ ਇਲਾਵਾ ਵਣ-ਸੰਪਦਾ ਅਤੇ ਬਨਸਪਤੀ ਵੀ ਨਸ਼ਟ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਵਿਭਾਗ ਕੋਲ ਅੱਗ ਬੁਝਾਉਣ ਲਈ ਕੋਈ ਪ੍ਰਬੰਧ ਨਹੀਂ ਸੀ। ਇਸੇ ਕਾਰਨ ਅੱਗ ’ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਜਾਣਕਾਰੀ ਅਨੁਸਾਰ ਲੰਘੇ ਦਿਨ ਇਹ ਅੱਗ ਦੁਪਹਿਰ 1 ਵਜੇ ਦੇ ਕਰੀਬ ਲੱਗੀ ਅਤੇ ਗੁਰਦਾਸਪੁਰ, ਪਠਾਨਕੋਟ, ਬਟਾਲਾ ਅਤੇ ਏਅਰ ਫੋਰਸ ਦੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਅੱਗ ਨੂੰ ਬੁਝਾਉਣ ਵਿੱਚ ਲੱਗੀਆਂ ਰਹੀਆਂ। ਫਾਇਰ ਵਿਭਾਗ ਦੇ ਅਮਲੇ ਨੇ ਰਾਤ 1 ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾ ਲਿਆ, ਪਰ ਅੱਜ ਦੁਪਹਿਰ ਨੂੰ ਅੱਗ ਦਰਜਨ ਤੋਂ ਵੱਧ ਥਾਵਾਂ ’ਤੇ ਧੁਖਦੀ ਰਹੀ। ਸ਼ਾਮ ਨੂੰ ਅਚਾਨਕ ਆਈ ਤੇਜ਼ ਹਨੇਰੀ ਨਾਲ ਅੱਗ ਮੁਡ਼ ਭਡ਼ਕ ਗਈ ਅਤੇ ਸਾਰਾ ਪ੍ਰਸ਼ਾਸਨ ਮੁਡ਼ ਉਸ ਨੂੰ ਕੰਟਰੋਲ ਕਰਨ ਵਿੱਚ ਲੱਗ ਗਿਆ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹੋਏ ਸਨ।
ਚੰਡੀਗਡ਼੍ਹ ਤੋਂ ਜੰਗਲੀ ਜੀਵ ਵਿਭਾਗ ਦੇ ਕੰਜ਼ਰਵੇਟਰ ਸੰਜੇ ਬਾਂਸਲ ਦੁਪਹਿਰ ਨੂੰ ਵਾਈਲਡ ਲਾਈਫ਼ ਸੈਂਕਚੁਰੀ ਵਿੱਚ ਜਾਂਚ ਕਰਨ ਲਈ ਪੁੱਜੇ ਪਰ ਸ਼ਾਮ ਨੂੰ ਅੱਗ ਮੁਡ਼ ਭਡ਼ਕਣ ਨਾਲ ਉਨ੍ਹਾਂ ਦੀ ਜਾਂਚ ਦਾ ਕੰਮ ਅੱਧ ਵਿਚਾਲੇ ਰੁਕ ਗਿਆ।
ਜ਼ਿਕਰਯੋਗ ਹੈ ਕਿ ਸ਼ਾਹਪੁਰਕੰਡੀ ਡੈਮ ਦੀ ਜ਼ਮੀਨ ਵਿੱਚ ਆਏ ਜੰਗਲੀ ਦਰਖਤਾਂ ਦੇ ਇਵਜ਼ ਵਿੱਚ ਇਹ ਵਾਈਲਡ ਲਾਈਫ ਸੈਂਕਚੁਰੀ 2007 ਵਿੱਚ 1800 ਏਕਡ਼ ਵਿੱਚ ਬਣਾਈ ਗਈ ਸੀ। ਮਗਰੋਂ 2019 ਵਿੱਚ ਇਸ ਨੂੰ ਟੂਰਿਜ਼ਮ ਦੀ ਹੱਬ ਵੱਜੋਂ ਵਿਕਸਿਤ ਕੀਤਾ ਗਿਆ। ਇੱਥੇ ਸਕੂਲਾਂ ਦੇ ਬੱਚੇ ਅਤੇ ਹੋਰ ਟੂਰਿਸਟ ਜੰਗਲੀ ਜਾਨਵਰਾਂ ਨੂੰ ਦੇਖਣ ਲਈ ਆਉਣ ਲੱਗੇ। ਇੱਥੇ ਟੂਰਿਸਟਾਂ ਲਈ ਕਿਸ਼ਤੀਆਂ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਇਹ ਸਾਰਾ ਕੁਝ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਕੁਝ ਘੰਟਿਆਂ ਵਿੱਚ ਹੀ ਸਵਾਹ ਹੋ ਗਿਆ। ਇਸੇ ਦੌਰਾਨ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਅੱਜ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਹਲਕੇ ਦੇ ਮੰਤਰੀ ਦੀ ਆਲੋਚਨਾ ਕੀਤੀ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਇਹ ਅੱਗ ਕਿਸੇ ਗਿਣੀਮਿਥੀ ਸਾਜ਼ਿਸ਼ ਤਹਿਤ ਲਗਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜੰਗਲੀ ਜੀਵ ਵਿਭਾਗ ਦੇ ਸਬੰਧਤ ਡੀਐੱਫਓ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਗਰਮੀ ਜ਼ਿਆਦਾ ਹੋਣ ਅਤੇ ਤੇਜ਼ ਹਵਾ ਕਾਰਨ ਅੱਗ ਬੇਕਾਬੂ ਹੋ ਗਈ। ਉਨ੍ਹਾਂ ਅਨੁਸਾਰ 200 ਏਕਡ਼ ਦੇ ਕਰੀਬ ਹੀ ਜੰਗਲ ਅੱਗ ਦੀ ਭੇਟ ਚਡ਼੍ਹਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੰਗਲੀ ਜੀਵ ਅੱਗ ਦੇ ਸੇਕ ਤੋਂ ਬਚਣ ਲਈ ਦੂਜੀ ਥਾਂ ਭੱਜ ਗਏ। ਅੱਜ ਜਦੋਂ ਪੱਤਰਕਾਰ ਨੇ ਦੇਖਿਆ ਤਾਂ 1000 ਏਕਡ਼ ਦੇ ਕਰੀਬ ਜੰਗਲ ਬੁਰੀ ਨਸ਼ਟ ਹੋ ਚੁੱਕਿਆ ਸੀ ਤੇ ਕੁਝ ਜੰਗਲੀ ਜੀਵਾਂ ਦੇ ਬੱਚੇ ਵੀ ਮਰੇ ਪਏ ਸਨ।

Advertisement

ਅੱਗ ਲੱਗਣ ਕਾਰਨ ਸੌ ਤੋਂ ਵੱਧ ਦਰੱਖਤ ਸੜੇ

ਜਲੰਧਰ (ਪੱਤਰ ਪ੍ਰੇਰਕ): ਇਥੋਂ ਦੇ ਥਾਣਾ ਡਿਵੀਜ਼ਨ ਨੰਬਰ-1 ਦੇ ਖੇਤਰ ਵਿੱਚ ਗਦਾਈਪੁਰ ਸਵਰਨ ਪਾਰਕ ਨੇੜੇ ਖਾਲੀ ਪਲਾਟ ’ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਸੌ ਦੇ ਕਰੀਬ ਦਰੱਖਤ ਸਡ਼ਕੇ ਸੁਆਹ ਹੋ ਗਏ। ਇਹ ਪਲਾਟ ਗਦਾਈਪੁਰ ਦੇ ਰਹਿਣ ਵਾਲੇ ਇੱਕ ਐੱਨਆਰਆਈ ਦਾ ਸੀ ਤੇ ਉਸ ਨੇ ਪਲਾਟ ਵਿੱਚ ਵੱਡੀ ਗਿਣਤੀ ਦਰੱਖਤ ਲਾਏ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਲਾਟ ਵਿੱਚ ਸੁੱਕੇ ਪੱਤਿਆਂ ਦਾ ਢੇਰ ਲੱਗਾ ਸੀ ਅਤੇ ਕਿਸੇ ਨੇ ਇਸ ਨੂੰ ਅੱਗ ਲਾ ਦਿੱਤੀ। ਇਹ ਅੱਗ ਵਧਦੀ ਹੋਈ ਦਰੱਖਤਾਂ ਨੂੰ ਵੀ ਜਾ ਲੱਗੀ ਜਿਸ ਕਾਰਨ 100 ਤੋਂ ਵੱਧ ਦਰੱਖਤ ਸਡ਼ ਗਏ। ਇਸ ਬਾਰੇ ਪਤਾ ਲੱਗਣ ਮਗਰੋਂ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਇਸ ’ਤੇ ਕਾਬੂ ਪਾਇਆ।

ਵਿਭਾਗ ਦੇ ਉੱਚ ਅਧਿਕਾਰੀਆਂ ਦੀ 3 ਮੈਂਬਰੀ ਕਮੇਟੀ ਬਣਾਈ: ਕਟਾਰੂਚੱਕ

ਪਠਾਨਕੋਟ: ਜੰਗਲਾਤ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਸਿਰਫ 100 ਏਕਡ਼ ਜੰਗਲ ਹੀ ਸਡ਼ ਕੇ ਸੁਆਹ ਹੋਇਆ ਹੈ। ਇਸ ਅੱਗ ਦੀ ਜਾਂਚ ਲਈ ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੀ 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ ਪਡ਼ਤਾਲ ਕਰ ਕੇ ਹਫਤੇ ਵਿੱਚ ਰਿਪੋਰਟ ਦੇਵੇਗੀ। ਇਸ ਦੇ ਇਲਾਵਾ ਉਨ੍ਹਾਂ ਡੀਸੀ ਨੂੰ ਵੀ ਆਪਣੇ ਪੱਧਰ ’ਤੇ ਜਾਂਚ ਕਰਨ ਲਈ ਕਿਹਾ ਹੈ। ਜਦਕਿ ਡੀਸੀ ਆਦਿੱਤਿਆ ਉੱਪਲ ਦਾ ਕਹਿਣਾ ਸੀ ਕਿ ਉਹ ਇਸ ਸੰਬਧੀ ਐੱਸਡੀਐਮ ਦੀ ਅਗਵਾਈ ਹੇਠ 3 ਮੈਂਬਰੀ ਕਮੇਟੀ ਦਾ ਗਠਨ ਕਰਨ ਜਾ ਰਹੇ ਹਨ।

Advertisement
Author Image

joginder kumar

View all posts

Advertisement
Advertisement
×