ਕਤਲ
ਜਿੰਦਰ
ਕਥਾ ਪ੍ਰਵਾਹ
ਉਸ ਰਾਤ ਮੈਂ ਕਮਰੇ ਵਿੱਚ ਇਕੱਲਾ ਸਾਂ। ਬਾਪੂ ਦੀ ਹੋਂਦ ਮੇਰੇ ਲਈ ਨਾ ਹੋਇਆਂ ਦੇ ਬਰਾਬਰ ਸੀ। ਉਂਝ ਵੀ ਬਾਪੂ ਨੂੰ ਆਪਣੀ ਕੋਈ ਹੋਸ਼ ਨਹੀਂ ਸੀ। ਬਾਂਹ ਜਾਂ ਲੱਤ ਜਿਸ ਪਾਸੇ ਵੀ ਚੁੱਕ ਕੇ ਰੱਖ ਦਿੱਤੀ, ਉੱਥੇ ਹੀ ਟਿਕੀ ਰਹੀ ਸੀ। ਨਿਰਜਿੰਦ। ਦੁਪਹਿਰੇ ਤਾਂ ਵਾਰ-ਵਾਰ ਏਦਾਂ ਲੱਗਦਾ ਰਿਹਾ ਸੀ ਕਿ ਉਹ ਅੱਜ ਸ਼ਾਮ ਔਖੀ ਕੱਢੇਗਾ। ਉਹ ਔਖੇ ਔਖੇ ਲੰਬੇ ਸਾਹ ਲੈਂਦਾ। ਉਸ ਦਾ ਢਿੱਡ ਵਿਤੋਂ ਵੱਧ ਫੁਲਦਾ। ਗਲੇ ਵਿੱਚੋਂ ਘਰੜ-ਘਰੜ ਦੀ ਆਵਾਜ਼ ਆਉਂਦੀ। ਬੀਬੀ ਸਿਰਹਾਣੇ ਵੱਲ ਪਏ ਮੇਜ਼ ’ਤੇ ਰੱਖੀ ਗੜਵੀ ਵਿੱਚੋਂ ਚਮਚੇ ਭਰ-ਭਰ ਉਸ ਦੇ ਮੂੰਹ ਵਿੱਚ ਪਾਉਣ ਲੱਗਦੀ। ਕਿੰਨਾ ਚਿਰ ਪਾਣੀ ਮੂੰਹ ਵਿੱਚ ਰਹਿੰਦਾ। ਫੇਰ ਜਦੋਂ ਉਹ ਹਉਕਾ ਲੈਣ ਵਰਗਾ ਸਾਹ ਲੈਂਦਾ ਤਾਂ ਪਾਣੀ ਗਲੇ ਹੇਠਾਂ ਨੂੰ ਉਤਰ ਜਾਂਦਾ। ਬੀਬੀ ਕੋਲੋਂ ਬਹੁਤਾ ਚਿਰ ਬੈਠਿਆ ਨਹੀਂ ਸੀ ਜਾਂਦਾ। ਉਹ ਗੇੜੇ ਜਿਹੇ ਨਾਲ ਆਉਂਦੀ। ਉਸ ਦੇ ਚਿਹਰੇ ਨੂੰ ਨਿਹਾਰਦੀ। ਪਜਾਮਾ ਦੇਖਦੀ ਤੇ ਸੋਚਾਂ ਵਿੱਚ ਗੁਆਚੀ ਵ੍ਹਾਗੁਰੂੁ-ਵ੍ਹਾਗੁਰੂ ਕਹਿੰਦੀ ਕਮਰੇ ਵਿੱਚੋਂ ਬਾਹਰ ਹੋ ਜਾਂਦੀ। ਜਲਦੀ ਹੀ ਉਸ ਨੂੰ ਅੱਚਵੀ ਲੱਗ ਜਾਂਦੀ। ਸ਼ਾਇਦ ਇਸ ਕਰਕੇ ਵੀ ਕਿ ਬਾਪੂ ਦਾ ਅੰਤ ਨੇੜੇ ਸੀ। ਹੁਣ ਮੋੜ ਪੈਣ ਦੀ ਆਸ ਧੁੰਦ ਵਿੱਚ ਗੁਆਚੀ ਚੀਜ਼ ਵਾਂਗੂੰ ਸੀ। ਡਾਕਟਰ ਜਗਦੀਸ਼ ਨੇ ਜਵਾਬ ਦੇਣ ਦੀ ਮੁਦਰਾ ਵਿੱਚ ਕਿਹਾ ਸੀ ਕਿ ਬਜ਼ੁਰਗ ਦੀ ਸੇਵਾ ਕਰਨ ਵਿੱਚ ਹੀ ਤੁਹਾਡਾ ਸਾਰਿਆਂ ਦਾ ਭਲਾ ਹੈ। ਫੇਰ ਬੀਬੀ ਨੇ ਬਾਪੂ ਵਾਲੇ ਕਮਰੇ ਵਿੱਚ ਅਗਰਬੱਤੀ ਬੁਝਣ ਨਹੀਂ ਦਿੱਤੀ ਸੀ। ਸਟੀਰੀਓ ’ਤੇ ਵੱਡੇ ਤੜਕੇ ਤੋਂ ਦਸ ਵੱਜਦਿਆਂ ਤਾਈਂ ਵਾਰ ਵਾਰ ਜਪੁਜੀ ਸਾਹਿਬ ਦੀ ਕੈਸੇਟ ਤੇ ਸ਼ਾਮ ਨੂੰ ਹਨੇਰੇ ਦੇ ਅੰਦਰ-ਬਾਹਰ ਹੋਣ ਤੋਂ ਗੂੜ੍ਹੀ ਰਾਤ ਤੱਕ ਰਹਿਰਾਸ ਦਾ ਪਾਠ ਚਲਦਾ ਰਹਿੰਦਾ। ਇਸ ਸਮੇਂ ਦੌਰਾਨ ਬੀਬੀ ਦੀਆਂ ਅੱਖਾਂ ਬੰਦ ਹੁੰਦੀਆਂ। ਚੁੱਪ-ਚਾਪ ਤੁਰਦੀ ਫਿਰਦੀ ਰਹਿੰਦੀ। ਬਾਪੂ ਨੂੰ ਮੋਢਿਉਂ ਫੜ ਕੇ ਹਲੂਣਦੀ ਹੋਈ ਕਹਿੰਦੀ, ‘‘ਤੂੰ ਆਵਾਜ਼ ਦੇ ਮਗਰ ਮਗਰ ਪਾਠ ਕਰੀ ਜਾ। ਸ਼ਾਇਦ ਅਗਲੇ ਜਨਮ ’ਚ ਤੇਰਾ ਭਲਾ ਹੋ ਜਾਵੇ।’’
ਬੀਬੀ ਦਾ ਵਾਰ-ਵਾਰ ਏਦਾਂ ਕਹਿਣਾ ਮੈਨੂੰ ਬਹੁਤੀ ਵਾਰ ਹਾਸਾ ਲਿਆ ਦਿੰਦਾ। ਇਨ੍ਹਾਂ ਪਲਾਂ ਵਿੱਚ ਮੈਨੂੰ ਆਪਣੇ ਆਪ ’ਤੇ ਕੰਟਰੋਲ ਕਰਨਾ ਬੜਾ ਔਖਾ ਲੱਗਦਾ। ਮੈਂ ਆਪਣਾ ਸਿਰ ਗੋਡਿਆਂ ਦੀਆਂ ਚਪਣੀਆਂ ਤੱਕ ਝੁਕਾ ਲੈਂਦਾ, ਮਤੇ ਬੀਬੀ ਦੇਖ ਕੇ ਕਹਿ ਨਾ ਦੇਵੇ- ਤੇਰਾ ਬਾਪੂ ਮਰਨ ਕੰਢੇ ਪਿਐ, ਤੈਨੂੰ ਹਾਸਾ ਸੁੱਝਦੈ। ਵੈਸੇ ਬੀਬੀ ਦਾ ਏਦਾਂ ਕਰਨਾ ਮੈਨੂੰ ਬੜਾ ਅਜੀਬ ਲੱਗਦਾ। ਅਚੰਭੇ ਭਰਿਆ।
ਹੁਣ ਵੀ ਅਜੀਬ ਲੱਗ ਰਿਹਾ ਸੀ।
ਹੁਣ ਹੀ ਕਿਉਂ, ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਉਦੋਂ ਤੋਂ ਹੀ ਅਜੀਬ ਲੱਗਦਾ ਆ ਰਿਹਾ ਹੈ। ਫੇਰ ਕਾਲਜ ਵਿੱਚ ਜਾਂਦਿਆਂ ਇਸ ਸਭ ਕਾਸੇ ਦੇ ਹੋਰ ਹੀ ਅਰਥ ਸਮਝ ਆਏ ਸਨ।
ਬਾਪੂ ਮਨਮਤਾ ਸੀ। ਜੋ ਉਸ ਦੇ ਚਿੱਤ ਵਿੱਚ ਆਉਂਦਾ, ਉਹੀ ਕਰਦਾ। ਫੇਰ ਭਾਵੇਂ ਨਫ਼ਾ ਹੋਵੇ ਜਾਂ ਨੁਕਸਾਨ। ਭਾਵੇਂ ਘਰ ਤਬਾਹ ਹੋ ਜਾਵੇ ਜਾਂ ਵਿਕ ਜਾਵੇ, ਇਸ ਨਾਲ ਉਸ ਨੂੰ ਕੋਈ ਸਰੋਕਾਰ ਨਾ ਰਹਿੰਦਾ। ਕਈ ਵਾਰ ਤਾਂ ਉਸ ਆਪਣੀ ਹਿੰਡ ਪੁਗਾਉਣੀ ਹੁੰਦੀ ਸੀ। ਉਸ ਆਪਣੀ ਹਿੰਡ ਉਦੋਂ ਤਾਈਂ ਪੁਗਾਈ ਜਦੋਂ ਤੱਕ ਉਸ ਦੀ ਚਲਦੀ ਰਹੀ। ਚਲਦੀ ਹੀ ਕਿਉਂ, ਉਦੋਂ ਤਾਈਂ ਜਦੋਂ ਤਾਈਂ ਉਸ ਨੂੰ ਆਪਣੀ ਸੁਧ-ਬੁਧ ਰਹੀ ਸੀ। ਆਖ਼ਰੀ ਸਮੇਂ ਤੋਂ ਤਿੰਨ ਦਿਨ ਪਹਿਲਾਂ ਤੱਕ।
ਪੇਸ਼ਾਬ ਕਰਨ ਲਈ ਮੈਂ ਉੱਠਿਆ ਤਾਂ ਬਾਪੂ ਦੀ ਸੱਜੀ ਬਾਂਹ ਮੰਜੇ ਤੋਂ ਹੇਠਾਂ ਲਮਕ ਰਹੀ ਸੀ। ਮੈਂ ਬਾਂਹ ਮੰਜੇ ਦੀ ਬਾਹੀ ਨਾਲ ਲੰਮੀ ਪਾ ਦਿੱਤੀ। ਮੇਰਾ ਧਿਆਨ ਬਾਪੂ ਦੇ ਚਿਹਰੇ ਵੱਲ ਸੱਜੇ ਖੱਬੇ ਚਲਿਆ ਗਿਆ। ਉਸ ਦੀਆਂ ਅੱਖਾਂ ਬੰਦ ਸਨ। ਕੋਰਾਂ ਵਿੱਚੋਂ ਪਾਣੀ ਸਿੰਮਿਆ ਹੋਇਆ ਸੀ। ਨੱਕ ਦੇ ਸੱਜੇ ਪਾਸੇ ਮੈਲ ਦੀ ਪੇਪੜੀ ਜੰਮੀ ਹੋਈ ਸੀ। ਦਾੜ੍ਹੀ ਦੇ ਵਾਲ ਖਿਲਰੇ ਹੋਏ ਸਨ। ਮੈਂ ਯਕਦਮ ਉਸ ਦੇ ਝੁਰੜੀਆਂ ਭਰੇ ਚਿਹਰੇ ਵੱਲੋਂ ਆਪਣਾ ਧਿਆਨ ਮੋੜ ਲਿਆ। ਦਰਅਸਲ, ਮੇਰੇ ਕੋਲੋਂ ਉਸ ਵੱਲ ਦੇਖਿਆ ਹੀ ਨਹੀਂ ਗਿਆ। ਇਸ ਕਰਕੇ ਨਹੀਂ ਕਿ ਉਸ ਦਾ ਅੰਤ ਨੇੜੇ ਆ ਗਿਆ ਸੀ। ਉਸ ਦੀਆਂ ਗੱਲ੍ਹਾਂ ਹੇਠਲੀਆਂ ਹੱਡੀਆਂ ਬਾਹਰ ਨੂੰ ਝਾਕਣ ਲੱਗੀਆਂ ਸਨ ਜਾਂ ਮੈਨੂੰ ਉਸ ਦੇ ਚਿਹਰੇ ਤੋਂ ਭੈਅ ਆਇਆ ਸੀ ਜਾਂ ਉਸ ਦੇ ਕੋਲੋਂ ਬਦਬੂ ਆ ਰਹੀ ਸੀ। ਬਦਬੂ ਵਰਗੀ ਕੋਈ ਚੀਜ਼ ਨਹੀਂ ਸੀ। ਬੀਬੀ ਤਾਂ ਦੋ ਵੇਲੇ ਗਰਮ ਪਾਣੀ ਨਾਲ ਉਸ ਦਾ ਮੂੰਹ ਪੂੰਝਦੀ ਸੀ। ਦੂਜੇ ਦਿਨ ਕੱਪੜੇ ਵੀ ਬਦਲਦੀ ਸੀ। ਸਮੇਤ ਦਰੀ ਤੇ ਚਾਦਰ ਦੇ। ਉਹ ਆਪ ਬਾਹਰਲੀ ਤਾਕੀ ਖੋਲ੍ਹਦੀ ਤੇ ਸ਼ਾਮੀਂ ਬੰਦ ਕਰਦੀ। ਕਾਂਤਾ ਜਾਂ ਮੇਰੇ ਗੋਚਰਾ ਉਸ ਕੋਈ ਕੰਮ ਨਹੀਂ ਛੱਡਿਆ ਸੀ।
ਪਤਾ ਨਹੀਂ ਕਿੰਨੇ ਸਾਲ ਹੋ ਗਏ। ਸ਼ਾਇਦ ਮੇਰੀ ਨੌਕਰੀ ਲੱਗਣ ਤੋਂ ਪਹਿਲਾਂ। ਹੋ ਸਕਦਾ ਹੈ ਉਦੋਂ ਤੋਂ ਹੀ ਜਦੋਂ ਮੇਰਾ ਕਾਲਜ ਵਿੱਚ ਪਹਿਲਾ ਸਾਲ ਸੀ। ਯਾਦ ਆਇਆ, ਕਾਲਜ ਵਿੱਚ ਪਹਿਲਾ ਸਾਲ ਹੀ ਸੀ। ਦਾਖਲਾ ਫੀਸ ਤੇ ਹੋਰ ਖਰਚੇ ਸਰਵਨ ਭਾਅਜੀ ਨੇ ਦਿੱਤੇ ਸਨ। ਅਗਲੇ ਸੈਸ਼ਨ ਦੀ ਫੀਸ ਜਮ੍ਹਾਂ ਕਰਾਉਣੀ ਸੀ। ਬਾਪੂ ਆਪਣੀ ਬੈਠਕ ਵਿੱਚ ਬੈਠਾ ਗੀਤ ਸੁਣ ਰਿਹਾ ਸੀ। ਆਪਣੇ ਮੂਡ ਵਿੱਚ। ਇਸ ਵੇਲੇ ਉਹ ਘਰ ਦੇ ਹਰੇਕ ਮੈਂਬਰ ਦੀ ਖਾਹਿਸ਼ ਸਿਰੇ ਚੜ੍ਹਾ ਦਿੰਦਾ ਸੀ। ਛੁੱਟ ਬੀਬੀ ਤੋਂ। ਬੀਬੀ ਤਾਂ ਉਸਦੇ ਕਮਰੇ ਵਿੱਚ ਜਾਣ ਦਾ ਹੀਆ ਹੀ ਨਹੀਂ ਕਰਦੀ ਸੀ। ਰੋਟੀ ਦੇਣੀ ਹੁੰਦੀ ਤਾਂ ਕਾਂਤਾ ਜਾਂਦੀ। ਚਾਹ ਪੁੱਛਣੀ ਹੁੰਦੀ ਤਾਂ ਮੈਂ ਪੁੱਛਦਾ। ਪਤਾ ਨਹੀਂ ਬਾਪੂ ਨੂੰ ਬੀਬੀ ਨਾਲ ਇੰਨੀ ਨਫ਼ਰਤ ਕਿਉਂ ਸੀ। ਕਈ ਵਾਰ ਚਿੱਤ ਕਰਦਾ ਕਿ ਉਹਨੂੰ ਪੁੱਛਾਂ ਪਰ ਬਾਪ ਤੇ ਬੇਟੇ ਵਿਚਲੀ ਉਸਰੀ ਕੰਧ ਉਪਰ ਦੀ ਮੇਰੇ ਕੋਲੋਂ ਜਾਇਆ ਨਹੀਂ ਗਿਆ ਸੀ। ਭੂਆ ਦੇ ਜਾਣਾ ਹੁੰਦਾ ਜਾਂ ਕਿਸੇ ਅਫ਼ਸੋਸ ’ਤੇ, ਬਾਪੂ ਕਾਂਤਾ ਹੱਥ ਸੁਨੇਹਾ ਭੇਜ ਦਿੰਦਾ, ‘‘ਆਪਣੀ ਬੀਬੀ ਨੂੰ ਦੱਸ ਦੇ- ਸਾਝਰੇ ਚੱਲਣੈ। ਐਵੇਂ ਛੰਗਣ-ਮੰਗਣ ਨਾ ਕਰਦੀ ਰਹੇ। ਵੇਲੇ ਸਿਰ ਮੁੜਨੈ।’’ ਤੁਰਨ ਲੱਗਾ ਹੁਕਮ ਕਰ ਦਿੰਦਾ, ‘‘ਮੈਂ ਚੱਲਿਆਂ।’’ ਬਾਪੂ ਅੱਡੇ ’ਤੇ ਪੁੱਜਾ ਹੁੰਦਾ ਤੇ ਬੀਬੀ ਘਰੋਂ ਨਿਕਲਦੀ। ਮੁੜਦੇ ਹੋਏ ਵੀ ਅੱਗੜ-ਪਿੱਛੜ ਆਉਂਦੇ। ਅਸੀਂ ਚਾਰੇ ਭੈਣ ਭਰਾ ਓਹਲੇ ਓਹਲੇ ਹੱਸਦੇ।
ਗੀਤ ਖ਼ਤਮ ਹੋਣ ਤੱਕ ਮੈਨੂੰ ਚੁੱਪ ਰਹਿਣਾ ਪਿਆ ਸੀ। ਬਾਪੂ ਨੇ ਅੱਖਾਂ ਬੰਦ ਕਰ ਰੱਖੀਆਂ ਸਨ। ਏਦਾਂ ਜਿੱਦਾਂ ਕੋਈ ਸਾਧ ਭਗਤੀ ਵਿੱਚ ਲੀਨ ਹੁੰਦਾ। ਕੰਧ ਨਾਲ ਟਿਕਾਏ ਸਿਰਹਾਣੇ ਨਾਲ ਉਸ ਢੋਅ ਲਾ ਰੱਖੀ ਸੀ। ਸਿਰ ’ਤੇ ਸਾਫ਼ਾ ਲਪੇਟਿਆ ਸੀ। ਗੋਡਿਆਂ ਉੱਪਰ ਦੀ ਹੱਥ ਦੀ ਕੜਿੰਗੀ ਪਾਈ ਸੀ। ਉੱਪਰ ਦੀ ਲੋਈ ਦੀ ਬੁੱਕਲ ਮਾਰੀ ਹੋਈ ਸੀ।
‘‘ਬਾਪੂ ਜੀ... ਮੈਂ ਇੱਕ ਸੌ ਵੀਹ ਫੀਸ ਦੇ ਦੇਣੇ।’’
ਉਸ ਅੱਖਾਂ ਖੋਲ੍ਹੀਆਂ। ਦਗਦੀਆਂ ਹੋਈਆਂ। ਅੱਜ ਉਸ ਦੀਆਂ ਅੱਖਾਂ ਬਿਨ ਪੀਤਿਆਂ ਹੀ ਲਾਲ ਸਨ। ਸ਼ਾਇਦ ਅੱਗੇ ਵੀ ਲਾਲ ਹੁੰਦੀਆਂ ਹੋਣਗੀਆਂ, ਇਸ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਸੀ ਕਿਉਂ ਜੁ ਮੇਰੇ ਕੋਲੋਂ ਕਦੇ ਉਸ ਵੱਲ ਸਿੱਧਿਆਂ ਦੇਖਿਆ ਹੀ ਨਹੀਂ ਗਿਆ ਸੀ।
‘‘ਆਪਣੀ ਬੀਬੀ ਕੋਲੋਂ ਲੈ ਲਈਂ,’’ ਉਸ ਮੁੜ ਅੱਖਾਂ ਮੀਚ ਲਈਆਂ ਤੇ ਅਗਲੇ ਗੀਤ ਦੇ ਨਾਲ ਨਾਲ ਉਹੋ ਸ਼ਬਦ ਗੁਣਗੁਣਾਉਣ ਲੱਗਾ।
ਮੇਰੇ ਕੋਲ ਕਮਰੇ ਵਿੱਚੋਂ ਬਾਹਰ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਿਹਾ ਸੀ। ਮੁਕੇਸ਼ ਦੇ ਗੀਤਾਂ ਦੌਰਾਨ ਉਹ ਕਿਸੇ ਕਿਸਮ ਦੀ ਦਖਲ-ਅੰਦਾਜ਼ੀ ਪਸੰਦ ਨਹੀਂ ਸੀ ਕਰਦਾ। ਜੇ ਮੈਂ ਅੱਗੋਂ ਕੁਝ ਹੋਰ ਬੋਲਦਾ ਤਾਂ ਉਸ ਸਿੱਧਾ ਹੀ ਮੈਨੂੰ ‘ਕਮਰੇ ’ਚੋਂ ਦਫਾ ਹੋ ਜਾ’ ਕਹਿ ਦੇਣਾ ਸੀ।
ਦਰਵਾਜ਼ੇ ਕੋਲ ਆ ਕੇ ਮੈਂ ਉਸ ਵੱਲ ਦੇਖਿਆ ਸੀ। ਉਸ ਦਾ ਚਿਹਰਾ ਮੈਨੂੰ ਕਿਸੇ ਫ਼ਕੀਰ ਵਾਂਗੂੰ ਲੱਗਾ ਸੀ। ਪਹੁੰਚੇ ਹੋਏ ਫ਼ਕੀਰ ਵਾਂਗੂੰ। ਸ਼ਾਂਤ, ਗੰਭੀਰ।
ਬੀਬੀ ਨੇ ਵੀ ਉਸ ਦੀ ਗੱਲ ਸੁਣ ਲਈ ਸੀ। ਮੈਨੂੰ ਇਸ਼ਾਰੇ ਨਾਲ ਆਪਣੇ ਕੋਲ ਸੱਦ ਕੇ ਕਿਹਾ ਸੀ, ‘‘ਖਬਰਦਾਰ ਜੇ ਅਗਾਂਹ ਤੋਂ ਇਸ ਕੋਲੋਂ ਧੇਲਾ ਵੀ ਮੰਗਿਆ... ਜਿੰਨਾ ਚਿਰ ਤੂੰ ਪੜ੍ਹਦੈਂ ਤੇਰਾ ਖਰਚ ਮੈਂ ਦੇਊਂ... ਸਮਝਿਆ? ਬਾਕੀ ਜਿਉਂਦਾ ਰਹੇ ਸਰਵਨ। ਹੁਣ ਤਾਂ ਸੁੱਖ ਨਾਲ ਪ੍ਰੋਫੈਸਰ ਲੱਗ ਗਿਆ... ਇਹ ਕਮਾਈ ਉਹਦੇ...।’’ ਉਸ ਫੇਰ ਚਰਖੇ ਦੀ ਹਥੜੀ ਨੂੰ ਜ਼ੋਰ ਨਾਲ ਘੁੰਮਾ ਦਿੱਤਾ ਸੀ। ਉਸ ਦਾ ਚਿਹਰਾ ਹਰਖ ਨਾਲ ਲਾਲ ਹੋ ਗਿਆ ਸੀ। ਮੈਨੂੰ ਪਤਾ ਸੀ ਕਿ ਉਹ ਕਿਸ ਦੀ ਗੱਲ ਕਰਨ ਜਾ ਰਹੀ ਸੀ। ਮੈਂ ਦੋ ਕੁ ਮਿੰਟ ਉੱਥੇ ਖੜ੍ਹਾ ਰਿਹਾ ਸੀ ਕਿ ਉਹ ਅਗਾਂਹ ਕੁਝ ਬੋਲੇਗੀ। ‘ਉਹ ਦਾ’ ਜਿਸ ਨੂੰ ਉਹ ਬੰਤੀ ਝਿਊਰੀ ਕੋਲ ਆਪਣੀ ਸੌਂਕਣ ਕਹਿੰਦੀ ਹੁੰਦੀ ਹੈ... ਅੱਗਾ-ਪਿੱਛਾ ਫੋਲਣ ਲੱਗ ਜਾਵੇਗੀ। ਪਰ ਉਸ ਨਾ ਤਾਂ ਆਪਣਾ ਸਿਰ ਉਤਾਂਹ ਚੁੱਕਿਆ ਸੀ। ਨਾ ਬੁੱਲ੍ਹਾਂ ਵਿੱਚ ਬੁੜਬੁੜ ਕੀਤੀ ਸੀ। ਏਦਾਂ ਜਿੱਦਾਂ ਉਸ ਨੇ ਇਸ ਨੂੰ ਆਪਣੀ ਹੋਣੀ ਮੰਨ ਲਿਆ ਹੋਵੇ।
* * *
ਸਕੂਲ ਨੂੰ ਜਾਂਦਿਆਂ ਬਾਪੂ ਦਾ ਕਰਖਾਨਾ ਰਾਹ ਵਿੱਚ ਆਉਂਦਾ ਸੀ। ਉਨ੍ਹੀਂ ਦਿਨੀਂ ਉਹ ਸੇਪੀ ਦਾ ਕੰਮ ਕਰਦਾ ਸੀ। ਇੱਕ ਦਿਨ ਸਾਰੀ ਛੁੱਟੀ ਵੇਲੇ ਮੈਂ ‘ਮੇਰੇ ਪਿਤਾ ਜੀ’ ਲੇਖ ਯਾਦ ਕਰਦਾ ਘਰ ਨੂੰ ਆ ਰਿਹਾ ਸੀ। ਕਈ ਵਾਕ ਯਾਦ ਆ ਜਾਂਦੇ। ਕਈ ਭੁੱਲ ਜਾਂਦੇ। ਏਦਾਂ ਹੀ ਭੁੱਲਦਿਆਂ ਯਾਦ ਕਰਦਿਆਂ ਬਾਪੂ ਦਾ ਕਾਰਖਾਨਾ ਆ ਗਿਆ ਸੀ। ਉਸ ਦਾ ਆਰਨ ਤਪਾਇਆ ਹੋਇਆ ਸੀ। ਕਰਮ ਸਿੰਘ ਪੱਖਾ ਗੇੜ ਰਿਹਾ ਸੀ। ਪਰ ਮੈਂ ਉੱਥੇ ਬਹੁਤਾ ਚਿਰ ਖੜ੍ਹਿਆ ਨਹੀਂ ਸੀ ਕਿਉਂ ਜੁ ਬਾਪੂ ਨੇ ਮੈਨੂੰ ਪੱਖਾ ਗੇੜਨ ਲਾ ਲੈਣਾ ਸੀ। ਫੇਰ ਘਰ ਤਾਈਂ ਮੇਰੇ ਲੇਖ ਵਿੱਚ ਕਈ ਕੁਝ ਜੁੜਦਾ ਚਲਾ ਗਿਆ ਸੀ। ... ਮੇਰੇ ਬਾਪੂ ਜੀ ਬਹੁਤ ਮਿਹਨਤ ਕਰਦੇ ਨੇ। ਉਹ ਸਾਝਰੇ ਆਰਨ ਤਪਾ ਲੈਂਦੇ ਨੇ। ਘਰ ਤਾਂ ਹਨੇਰੇ ਹੋਏ ਹੀ ਆਉਂਦੇ ਨੇ। ਰੋਟੀ ਘਰੋਂ ਜਾਂਦੀ ਹੈ। ਚਾਹ ਪਾਣੀ ਉੱਥੇ ਹੀ ਚਲਦਾ ਰਹਿੰਦਾ ਹੈ... ਕਈ ਸਤਰਾਂ ਹੋਰ ਜੁੜ ਗਈਆਂ ਸਨ। ਮੇਰਾ ਲੇਖ ਨਵਾਂ ਸੀ। ਬਾਕੀ ਮੁੰਡਿਆਂ ਨਾਲੋਂ ਵੱਖਰਾ ਸੀ। ਮੈਨੂੰ ਖ਼ੁਸ਼ੀ ਹੋਈ ਸੀ। ਮੈਨੂੰ ਬਾਪੂ ’ਤੇ ਮਾਣ ਸੀ ਉਸ ਦੇ ਕਾਮਾ ਹੋਣ ਦਾ।
ਬਾਹਰਲੇ ਦਰਵਾਜ਼ੇ ਕੋਲ ਆਇਆ ਤਾਂ ਬੀਬੀ ਬੁਸ-ਬੁਸ ਕਰਦੀ ਸੁਣੀ ਸੀ।
ਮਾਸੀ ਕਰਤਾਰੋ ਉਸ ਨੂੰ ਸਮਝਾ ਰਹੀ ਸੀ, ‘‘ਲੈ ਕੁੜੇ, ਤੈਨੂੰ ਕਾਹਦਾ ਫ਼ਿਕਰ। ਇੱਕੋ ਇੱਕ ਕੁੜੀ ਕਾਂਤਾ। ਉਹ ਤਾਂ ਚੌਲਾਂ ’ਚ ਵਿਆਹੀ ਜਾਣੀ। ਜਿਉਂਦੇ ਰਹਿਣ ਉਸ ਦੇ ਮਾਮੇ। ਤੂੰ ਬਹੁਤਾ ਫ਼ਿਕਰ ਨਾ ਕਰਿਆ ਕਰ। ਆਦਮੀ ਜਾਤ ਐਦਾਂ ਦੀ ਹੁੰਦੀ... ਜਿੰਨੀ ਕਿਸੇ ਦੀ ਢਕੀ ਰਹਿ ਜਾਏ ਉਹ ਹੀ ਵਾਅਵਾ ਸਮਝ...।’’
ਰਾਤੀਂ ਵੀ ਬੀਬੀ ਤੇ ਬਾਪੂ ਅੱਧੀ ਰਾਤ ਤਾਈਂ ਖਹਿਬੜਦੇ ਰਹੇ ਸਨ। ਇੱਕ ਬੋਲਦਾ ਤਾਂ ਦੂਜਾ ਚੁੱਪ ਕਰ ਜਾਂਦਾ। ਮੋੜ-ਘੋੜ ਕੇ ਗੱਲ ਉੱਥੇ ਹੀ ਆ ਜਾਂਦੀ ਜਿੱਥੋਂ ਸ਼ੁਰੂ ਹੋਈ ਸੀ। ਅਸੀਂ ਚਾਰੇ ਭੈਣ ਭਰਾ ਦਲਾਨ ਵਿੱਚ ਬੈਠੇ ਸੁਣਦੇ ਰਹੇ ਸੀ।
‘‘ਦੱਸ ਤੈਨੂੰ ਕਿਹੜੀ ਚੀਜ਼ ਨ੍ਹੀਂ ਮਿਲਦੀ?’’ ਬਾਪੂ ਚੀਕ ਪਿਆ ਸੀ।
‘‘ਤੇਰੀਆਂ ਚੀਜ਼ਾਂ ਨੂੰ ਮੈਂ ਚੱਟਣੈ।’’
‘‘ਮੇਰੇ ਕੋਲੋਂ ਆਹ ਨ੍ਹੀਂ ਹੋਣਾ।’’
‘‘ਫੇਰ ਸੌਂ ਵੀ ਉੱਥੇ ਹੀ ਜਾਇਆ ਕਰ,’’ ਕਲਪਦੀ ਹੋਈ ਬੀਬੀ ਦਲਾਨ ’ਚ ਆ ਗਈ ਸੀ।
ਫੇਰ ਬੀਬੀ ਬਾਪੂ ਦੀ ਬੈਠਕ ਵਿੱਚ ਕਦੇ ਨਹੀਂ ਵੜੀ।
ਫੇਰ ਬਾਪੂ ਲਈ ਘਰ ਦਾ ਅਰਥ ਸਿਰਫ਼ ਉਹਦੀ ਬੈਠਕ ਰਹਿ ਗਿਆ ਸੀ। ਮੇਰੇ ਲੇਖ ਦੇ ਅਰਥ ਵੀ ਬਦਲਦੇ ਗਏ ਸਨ।
* * *
ਘੜੀ ’ਤੇ ਗਿਆਰ੍ਹਾਂ ਵੱਜ ਗਏ ਸਨ।
ਮੇਰੀਆਂ ਨਜ਼ਰਾਂ ਕਮਰੇ ਵਿੱਚ ਪਈਆਂ ਚੀਜ਼ਾਂ ਦਾ ਮੁਆਇਨਾ ਕਰ ਰਹੀਆਂ ਸਨ। ਜਿੰਨੀ ਇਸ ਕਮਰੇ ਵਿੱਚ ਸਫ਼ਾਈ ਸੀ ਸ਼ਾਇਦ ਬਾਕੀ ਘਰ ਵਿੱਚ ਨਾ ਹੋਵੇ। ਹਰ ਚੀਜ਼ ਸਲੀਕੇ ਨਾਲ ਟਿਕਾਈ। ਸੰਵਾਰੀ। ਬਾਪੂ ਨੂੰ ਸਫ਼ਾਈ ਪਸੰਦ ਸੀ। ਇਹ ਬੈਠਕ ਉਸ ਆਪਣੇ ਲਈ ਬਣਾਈ ਸੀ ਜਿਸ ਵਿੱਚ ਦੀਵਾਨ ਪਿਆ ਸੀ। ਸੋਫਾਨੁਮਾ ਪੰਜ ਕੁਰਸੀਆਂ ਸਨ। ਇੱਕ ਨੁੱਕਰ ਵਿੱਚ ਲੱਕੜ ਦੀ ਛੋਟੀ ਜਿਹੀ ਬਣਾਈ ਅੰਗੀਠੀ ’ਤੇ ਸਟੀਰੀਓ ਪਿਆ ਸੀ ਤੇ ਹੇਠਾਂ ਕੈਸੇਟਾਂ। ਕਮਰੇ ਦੇ ਬਾਹਰ ਮੈਟ ਸੀ। ਕਿਸੇ ਲਈ ਵੀ ਜੁੱਤੀ ਲੈ ਕੇ ਅੰਦਰ ਆਉਣਾ ਸਖ਼ਤ ਮਨ੍ਹਾ ਸੀ। ਇੱਕ ਵਾਰ ਉਸ ਦਾ ਲੰਗੋਟੀਆ ਯਾਰ ਮੋਹਣਾ ਆਪਣੇ ਨਵੇਂ ਖੁੱਸਿਆਂ ਸਣੇ ਅੰਦਰ ਆ ਵੜਿਆ। ਪਤਾ ਨਹੀਂ ਉਹ ਆਪਣੇ ਖੁੱਸੇ ਹੀ ਬਾਪੂ ਨੂੰ ਦਿਖਾਉਣਾ ਚਾਹੁੰਦਾ ਹੋਵੇਗਾ। ਪਰ ਬਾਪੂ ਬੋਲਿਆ ਕੁਝ ਨਾ। ਖੂੰਡੀ ਚੁੱਕੀ। ਇੱਕ ਇੱਕ ਕਰ ਕੇ ਖੁੱਸੇ ਦਰਵਾਜ਼ੇ ਤੋਂ ਬਾਹਰ ਸੁੱਟ ਆਇਆ ਤੇ ਬੋਲਿਆ, ‘‘ਲੈ ਬਈ ਮੋਹਣ ਸਿਹਾਂ, ਜੇ ਬਚ ਗਏ ਤਾਂ ਤੇਰੇ। ਜੇ ਕੋਈ ਲੈ ਗਿਆ ਤਾਂ ਸਮਝ ਲਈਂ ਅਗਲੇ ਦੀ ਲਾਟਰੀ ਨਿਕਲ ਆਈ।’’ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਸੀ। ਬਾਪੂ ਦੇ ਇੱਕ ਹੋਰ ਅਸੂਲ ਨਾਲ ਜੁੜ ਗਈ ਸੀ।
ਡੂਢੀ ਬੁੱਕਲ ਮਾਰੀ ਬੀਬੀ ਆਈ ਤੇ ਬੁਝੀ ਅਗਰਬੱਤੀ ਨੂੰ ਦੇਖ ਕੇ ਉਸ ਮੇਰੇ ਵੱਲ ਦੇਖਿਆ। ਏਦਾਂ ਜਿੱਦਾਂ ਕਹਿ ਰਹੀ ਹੋਵੇ, ‘ਪੁੱਤ ਹੋਰ ਲਾਉਣ ’ਚ ਕਿਹੜਾ ਭਾਰ ਲੱਗਦਾ।’ ਫੇਰ ਉਸ ਇੱਕ ਹੋਰ ਅਗਰਬੱਤੀ ਲਾ ਦਿੱਤੀ। ਅੱਧੀ ਰਜਾਈ ਆਪਣੇ ਵੱਲ ਨੂੰ ਖਿੱਚ ਕੇ ਗੋਡਿਆਂ ਤੱਕ ਲੈ ਲਈ।
ਮੈਂ ਬੀਬੀ ਵੱਲ ਦੇਖਿਆ। ਉਦੋਂ ਜਦੋਂ ਉਹ ਸਿੱਧੀ ਹੀ ਬਾਪੂ ਵੱਲ ਦੇਖ ਰਹੀ ਸੀ।
ਉਸ ਦੀਆਂ ਅੱਖਾਂ ਵਿੱਚ ਨਮੀ ਸੀ। ਉਹ ਰੋਣਾ ਚਾਹੁੰਦੀ ਸੀ ਪਰ ਮੇਰੇ ਸਾਹਮਣੇ ਰੋ ਨਹੀਂ ਸੀ ਸਕਦੀ। ਇਸ ਕਰਕੇ ਕਿ ਜੇ ਉਹ ਰੋ ਪਈ ਤਾਂ ਮੈਂ ਝੱਟ ਕਹਿ ਦੇਣਾ- ‘‘ਬੀਬੀ ਤੂੰ ਕਿਸ ਲਈ ਰੋਂਦੀ ਆਂ? ਉਸ ਲਈ ਜਿਸ ਨੇ ਤੈਨੂੰ ਕਦੇ ਪੈਰ ਦੀ ਜੁੱਤੀ ਵੀ ਨ੍ਹੀਂ ਸੀ ਸਮਝਿਆ।’’
ਕਾਂਤਾ ਵੀ ਚਾਹੁੰਦੀ ਸੀ ਕਿ ਉਹ ਰੋਵੇ। ਭੁੱਬਾਂ ਮਾਰ ਮਾਰ ਕੇ। ਇਸ ਨਾਲ ਉਸ ਅੰਦਰ ਬੱਝੀ ਗੰਢ ਦੀਆਂ ਤਹਿਆਂ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ ਜਾਂ ਉਹ ਉੱਚੀ-ਉੱਚੀ ਹੱਸੇ। ਇੰਨਾ ਉੱਚੀ ਕਿ ਸਾਰਾ ਪਿੰਡ ਹੀ ਦੇਖੇ। ਇਸ ਨਾਲ ਵੀ ਉਸ ਦਾ ਬੋਝ ਹਲਕਾ ਹੋ ਸਕਦਾ ਸੀ।
ਪਰ ਉਹ ਕੁਝ ਨਹੀਂ ਕਰ ਸਕਦੀ ਸੀ। ਵਾਰ ਵਾਰ ਮੈਨੂੰ ਇਹ ਗੱਲ ਹੁੱਝਾਂ ਮਾਰ ਰਹੀ ਸੀ।
‘‘ਵਿਜੈ... ਨੀਂਦ ਤਾਂ ਨ੍ਹੀਂ ਆਉਂਦੀ?’’ ਬੀਬੀ ਨੇ ਮੈਨੂੰ ਚੁੱਪ ਬੈਠਿਆਂ ਦੇਖ ਕੇ ਪੁੱਛਿਆ।
‘‘ਊਂ... ਹੂੰ...।’’
‘‘ਫੇਰ ਚਾਹ ਬਣਾ ਲਿਆਵਾਂ?’’
‘‘ਤੁਹਾਡਾ ਪੀਣ ਨੂੰ ਚਿੱਤ ਕਰਦਾ?’’
‘‘ਮੇਰਾ ਚਿੱਤ ਤੇਰੇ ਨਾਲੋਂ ਕਿਤੇ ਵੱਖਰਾ ਥੋੜ੍ਹਾ।’’
‘‘ਜੇ ਮੈਂ ਬਣਾ ਲਿਆਵਾਂ?’’
‘‘ਤੂੰ ਕਿੱਥੇ ਟੱਕਰਾਂ ਮਾਰਦਾ ਫਿਰੇਂਗਾ। ਕਾਂਤਾ ਵੀ ਸੌਂ ਗਈ ਲੱਗਦੀ। ਕੱਲ੍ਹ ਦੀ ਉਨੀਂਦਰੀ ਸੀ। ਉਹ ਦਾ ਮੁੰਡਾ ਵੀ ਅੱਥਰਾ।’’
ਉਹ ਖੜ੍ਹੀ ਹੋ ਗਈ। ਜਾਂਦੀ ਜਾਂਦੀ ਦਰਵਾਜ਼ੇ ਕੋਲੋਂ ਮੁੜ ਆਈ। ਬਾਪੂ ਦੀ ਰਜਾਈ ਠੀਕ ਕੀਤੀ ਤਾਂ ਉਸ ਨੂੰ ਨੱਕ ਕੋਲ ਜੰਮੀ ਮੈਲ ਦੀ ਪੇਪੜੀ ਦਿਸ ਪਈ। ਕੋਲ ਪਏ ਸਾਫੇ ਨਾਲ ਉਸ ਹੌਲੀ ਹੌਲੀ ਪੇਪੜੀ ਸਾਫ਼ ਕੀਤੀ। ਦਾੜ੍ਹੀ ਦੇ ਖਿਲਰੇ ਵਾਲਾਂ ਨੂੰ ਰੁਖ਼ ਸਿਰ ਕਰਨ ਲੱਗੀ।
‘‘ਬੀਬੀ ਮੈਂ ਚਾਹ ਬਣਾ ਕੇ ਲਿਆਉਨਾਂ,’’ ਮੈਂ ਉਸ ਨੂੰ ਆਪਣੇ ਉੱਠਣ ਦਾ ਪਤਾ ਨਹੀਂ ਲੱਗਣ ਦਿੱਤਾ ਸੀ।
* * *
ਚਾਹ ਦੇ ਉਬਾਲੇ ਤਾਈਂ ਪਤਾ ਨਹੀਂ, ਮੈਂ ਕੀ ਦਾ ਕੀ ਊਲ-ਜਲੂਲ ਸੋਚਦਾ ਰਿਹਾ ਸੀ। ਇਸੇ ਦੌਰਾਨ ਮੈਨੂੰ ਇੱਕ ਗੱਲ ਰੜਕਦੀ ਰਹੀ ਸੀ ਕਿ ਹੁਣ ਜਦੋਂ ਬਾਪੂ ਦੀ ਜ਼ਿੰਦਗੀ ਦਾ ਕੋਈ ਵਿਸਾਹ ਨਹੀਂ ਰਿਹਾ, ਫੇਰ ਬੀਬੀ ਨੇ ਸਰਵਨ ਭਾਅਜੀ ਨੂੰ ਚਿੱਠੀ ਕਿਉਂ ਨਹੀਂ ਪਾਈ। ਨਾ ਹੀ ਕਿਸੇ ਹੱਥ ਸੁਨੇਹਾ ਭੇਜਿਆ ਸੀ। ਮੈਂ ਉਸ ਕੋਲੋਂ ਪੁੱਛਦਾ-ਪੁੱਛਦਾ ਰਹਿ ਗਿਆ ਸੀ ਕਿਉਂ ਜੁ ਇਸ ਸਮੇਂ ਉਨ੍ਹਾਂ ਦੋਵਾਂ ਨੂੰ ਇੱਥੇ ਹੋਣਾ ਚਾਹੀਦਾ ਸੀ। ਸਰਵਨ ਭਾਅਜੀ ਗੌਰਮਿੰਟ ਕਾਲਜ ਵਿੱਚ ਲੈਕਚਰਾਰ ਸਨ। ਕੁਲਦੀਪ ਭਾਅਜੀ ਪੰਜਾਬ ਰੋਡਵੇਜ਼ ਵਿੱਚ ਆਡੀਟਰ। ਦੋਵੇਂ ਪਹੁੰਚ ਵਾਲੇ ਸਨ। ਸਰਵਨ ਭਾਅਜੀ ਕੋਲ ਤਾਂ ਆਪਣੀ ਗੱਡੀ ਵੀ ਸੀ। ਬਾਪੂ ਨੂੰ ਉਹ ਸ਼ਹਿਰ ਦੇ ਕਿਸੇ ਵੀ ਚੰਗੇ ਹਸਪਤਾਲ ਵਿੱਚ ਲਿਜਾ ਕੇ ਦਿਖਾ ਸਕਦੇ ਸਨ। ਫੇਰ ਕੋਈ ਸਲਾਹ ਕਰਨੀ ਹੁੰਦੀ ਹੈ। ਤਿੰਨੇ ਇਕੱਠੇ ਹੁੰਦੇ ਤਾਂ ਕਿਸੇ ਇੱਕ ’ਤੇ ਬੋਝ ਨਾ ਪੈਂਦਾ। ਪਿੱਠ ਪਿੱਛੇ ਕੋਈ ਕਿਸੇ ਨੂੰ ਕੁਝ ਕਹਿਣ ਜੋਗਾ ਨਾ ਰਹਿੰਦਾ। ਹਰੇਕ ਆਪਣੇ ਫਰਜ਼ਾਂ ਨੂੰ ਨਿਭਾਉਂਦਾ। ਪਿੰਡ ਵਾਲੇ ਮਾਣ ਕਰਦੇ। ਬੀਬੀ ਨੂੰ ਚਿੰਤਾ ਨਾ ਹੁੰਦੀ। ਕਾਂਤਾ ਵੇਲੇ ਸਿਰ ਆਪਣੇ ਘਰ ਜਾਣ ਵਾਲੀ ਬਣਦੀ। ਜਿੱਦਣ ਦਾ ਬਾਪੂ ਮੰਜੇ ’ਤੇ ਪਿਆ, ਕਾਂਤਾ ਹੀ ਉਸ ਕੋਲ ਸੀ। ਇਸ ਕਰਕੇ ਵੀ ਕਿ ਉਹ ਸਾਡੇ ਸਾਰਿਆਂ ਨਾਲੋਂ ਨੇੜੇ ਰਹਿੰਦੀ ਸੀ। ਬੀਬੀ ਨੇ ਗੁਆਂਢ ਦੇ ਕਿਸੇ ਮੁੰਡੇ ਹੱਥ ਸੁਨੇਹਾ ਭੇਜ ਕੇ ਉਸ ਨੂੰ ਮੰਗਵਾ ਲਿਆ ਹੋਵੇਗਾ। ਮੇਰਾ ਆਉਣਾ ਤਾਂ ਸਬੱਬ ਨਾਲ ਹੋਇਆ ਸੀ। ਮੇਰੀ ਬੱਚੀ ਨੂੰ ਮੱਕੀ ਦੀ ਰੋਟੀ ਬੜੀ ਪਸੰਦ ਸੀ। ਮੱਕੀ ਦੀ ਮੇਥੀ ਵਾਲੀ ਰੋਟੀ। ਚੰਗੀ ਮੱਕੀ ਜੱਸੇ ਕਿਆਂ ਦਿਉਂ ਹੀ ਮਿਲ ਸਕਦੀ ਸੀ। ਫੇਰ ਜੱਸਾ ਜਦੋਂ ਵੀ ਮਿਲਦਾ, ਪਿੰਡ ਆਉਣ ਦੀ ਤਾਕੀਦ ਕਰਦਾ ਰਹਿੰਦਾ। ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਸੀ। ਐਤਵਾਰ ਸ਼ਾਮ ਨੂੰ ਮੈਂ ਬੋਰਾ ਲੈ ਕੇ ਆ ਜਾਣਾ ਸੀ। ਜੇ ਮੈਂ ਨਾ ਆਉਂਦਾ ਤਾਂ ਮੈਨੂੰ ਬਾਪੂ ਦੀ ਬਿਮਾਰੀ ਦਾ ਕੀ ਪਤਾ ਲੱਗਣਾ ਸੀ।
... ਕੱਲ੍ਹ ਸ਼ਾਮੀਂ ਹੀ ਬੀਬੀ ਨੂੰ ਦਿਸਣ ਲੱਗ ਗਿਆ ਸੀ ਕਿ ਬਾਪੂ ਦਾ ਅੰਤ ਸਿਰ ’ਤੇ ਖੜ੍ਹਾ ਹੈ। ਉਸ ਮੈਨੂੰ ਸਮਝਾਉਣ ਦੇ ਲਹਿਜੇ ਵਿੱਚ ਕਿਹਾ ਸੀ, ‘‘ਕਿਸੇ ਨੂੰ ਸੱਦਣ ਦੀ ਲੋੜ ਨ੍ਹੀਂ। ਇਹ ਜਿੱਦਾਂ ਦਾ ਮਰਜ਼ੀ ਸੀ ਪਰ ਕਿਸੇ ਦੀ ਮਰਗ ’ਤੇ ਪਿੱਛੇ ਨ੍ਹੀਂ ਹੱਟਿਆ। ਜੇ ਕੋਈ ਮਰੇ ਨੂੰ ਨਹਾਉਣ ਦਾ ਹੀਆ ਨਾ ਕਰਦਾ ਤਾਂ ਇਹ ਮੂਹਰੇ ਹੋ ਜਾਂਦਾ। ਤੈਨੂੰ ਪਤਾ ਆਪਣੇ ਪਿੰਡ ਵਾਲੇ ਦੁਨੀਏ ਬ੍ਰਾਹਮਣ ਦਾ। ਉਹ ਹੀ ਜਿਹੜਾ ਸੇਪੀ ਕਰਦਾ ਸੀ ਨਾ। ਲੰਙਾ ਦੁਨੀਆ। ਉਹ ਆਪਣੀ ਕੋਠੜੀ ’ਚ ਹੀ ਮਰ ਗਿਆ। ਦੋ ਦਿਨਾਂ ਬਾਅਦ ਪਤਾ ਲੱਗਾ। ਡਰਦਾ ਮਾਰਾ ਕੋਈ ਲਾਗੇ ਨਾ ਜਾਵੇ। ਇਸ ਪਿਉ ਦੇ ਪੁੱਤ ਨੇ ਜ਼ੋਰ ਨਾਲ ਧੱਕਾ ਮਾਰ ਕੇ ਦਰਵਾਜ਼ੇ ਨੂੰ ਕਬਜ਼ਿਆਂ ਸਣੇ ਪੁੱਟ ਸੁੱਟਿਆ। ਅੰਦਰੋਂ ਬੋ ਆਈ। ਬਾਹਰ ਤਾਂ ਹਮਾ ਤਮਾ ਦੀ ਭੀੜ ਲੱਗੀ ਸੀ ਪਰ ਕੋਈ ਲਾਗੇ ਨਾ ਜਾਵੇ। ਇਹ ਬਾਹਰ ਆ ਗਿਆ। ਪਾਸੇ ਵਾਲਿਆਂ ਨੂੰ ਕਿਹਾ- ‘ਤੁਸੀਂ ਬਾਲਣ ਸੁਟਵਾਉ। ਬਾਕੀ ਮੈਂ ਜਾਣਾਂ ਮੇਰਾ ਕੰਮ ਜਾਣੇ। ਜੇ ਕੋਈ ਸੀੜ੍ਹੀ ਨੂੰ ਹੱਥ ਪਾਉਣੋਂ ਡਰਦਾ ਤਾਂ ਮੈਂ ’ਕੱਲਾ ਚੁੱਕ ਕੇ ਲੈ ਜਾਊਂ...।’
ਪਰ ਮੇਰੇ ਕੋਲੋਂ ਬਾਪੂ ਦੀ ਪ੍ਰਸ਼ੰਸਾ ਸੁਣੀ ਨਾ ਗਈ। ਮੈਂ ਤਾਂ ਹਮੇਸ਼ਾ ਹੀ ਇਹ ਚਾਹਿਆ ਕਿ ਕੋਈ ਮੇਰੇ ਸਾਹਮਣੇ ਬਾਪੂ ਦੀ ਨਿੰਦਿਆ ਕਰੇ। ਉਸ ਦੀਆਂ ਕਮਜ਼ੋਰੀਆਂ ਦੀਆਂ ਕਹਾਣੀਆਂ ਸੁਣਾਵੇ। ਉਹ ਵੀ ਵਧਾ ਚੜ੍ਹਾ ਕੇ। ਪਰਸੋਂ ਜਦੋਂ ਮੈਂ ਅੱਡੇ ’ਤੇ ਉਤਰਿਆ ਤਾਂ ਲੰਬੜਾਂ ਦਾ ਪਿਆਰਾ ਮਿਲਿਆ ਸੀ। ਉਸ ਪੁੱਛਿਆ ਸੀ, ‘‘ਤਾਏ ਦਾ ਕੀ ਹਾਲ ਚਾਲ ਏ?’’
‘‘ਮੈਂ ਅੱਠਾਂ ਮਹੀਨਿਆਂ ਬਾਅਦ ਪਿੰਡ ਆਇਆਂ। ਇਹ ਪਿੰਡ ਵਾਲਿਆਂ ਨੂੰ ਪਤਾ ਹੋਊ।’’ ਮੈਨੂੰ ਖਿੱਝ ਆ ਗਈ ਸੀ।
‘‘ਲੈ ਪਿਉ ਤੇਰਾ, ਕਹਿੰਦਾ ਪਤਾ ਪਿੰਡ ਵਾਲਿਆਂ ਨੂੰ ਹੋਊ।’’ ਉਸ ਵਿਅੰਗ ਨਾਲ ਕਿਹਾ ਤਾਂ ਅੱਗੋਂ ਮੈਂ ਆਪਣੀ ਤੁਰਨ ਦੀ ਰਫ਼ਤਾਰ ਵਧਾ ਦਿੱਤੀ ਸੀ। ਮੈਨੂੰ ਪਤਾ ਸੀ ਕਿ ਪਿਆਰੇ ਦੇ ਪਿਉ ਮੋਹਣੇ ਨਾਲ ਬਾਪੂ ਦਾ ਖਾਣ-ਪੀਣ ਇੱਕ ਰਿਹਾ। ਇਨ੍ਹਾਂ ਕੋਲੋਂ ਬਾਪੂ ਦੀ ਉਸਤਤ ਤੋਂ ਬਿਨਾਂ ਹੋਰ ਕੁਝ ਨਹੀਂ ਕਿਹਾ ਜਾਣਾ। ਉੱਦਾਂ ਵੀ ਇਹ ਬਾਪੂ ਦਾ ਅਹਿਸਾਨ ਮੰਨਦੇ ਨੇ। ਇੱਕ ਮੈਂ ਸਾਂ ਜੋ ਕਦੇ ਬਾਪੂ ਨੂੰ ਟਿੱਚ ਨਹੀਂ ਸਮਝਦਾ। ਬਾਪੂ ਮੈਨੂੰ ਟਿੱਚ ਨਹੀਂ ਸਮਝਦਾ ਰਿਹਾ ਸੀ। ਦਸ ਸਾਲ ਪਿੰਡ ਛੱਡਿਆਂ ਨੂੰ ਹੋਣ ਲੱਗੇ ਸਨ। ਬਾਪੂ ਇੱਕ ਵਾਰ ਵੀ ਮੇਰੇ ਘਰ ਨਹੀਂ ਸੀ ਆਇਆ। ਮੇਰੇ ਇੱਕੋ ਇੱਕ ਮੁੰਡੇ ਮਨਦੀਪ ਦੀ ਛਟੀ ’ਤੇ ਵੀ ਨਹੀਂ। ਉਦੋਂ ਸਿਰਫ਼ ਬੀਬੀ ਆਈ ਸੀ। ਮੈਂ ਡੱਬਾ ਲੈ ਕੇ ਆਇਆ ਸੀ। ਨਾਲ ਹੀ ਅਖੰਡ ਪਾਠ ਦਾ ਕਾਰਡ। ਬਾਪੂ ਬੈਠਕ ਵਿੱਚ ਬੈਠਾ ਸੀ। ਮੈਂ ਬੀਬੀ ਨੂੰ ਕਾਰਡ ’ਤੇ ਛਪੇ ਅੱਖਰਾਂ ਨੂੰ ਉੱਚੀ ਉੱਚੀ ਪੜ੍ਹ ਕੇ ਸੁਣਾ ਰਿਹਾ ਸੀ ਤਾਂ ਕਿ ਬਾਪੂ ਨੂੰ ਵੀ ਸੁਣ ਜਾਵੇ... ਸਰਦਾਰ ਮਲਕੀਤ ਸਿੰਘ ਵੱਲੋਂ ਆਪਣੇ ਪੋਤਰੇ ਦੀ... ਅਗਲੇ ਅੱਖਰ ਸੁਣਨ ਤੋਂ ਪਹਿਲਾਂ ਹੀ ਉਸ ਨੇ ਸਟੀਰੀਓ ਦੀ ਆਵਾਜ਼ ਉੱਚੀ ਕਰ ਦਿੱਤੀ ਸੀ। ਮੈਂ ਸਭ ਕੁਝ ਸਮਝ ਗਿਆ ਸੀ। ਮੈਂ ਕਾਰਡ ’ਤੇ ਬਾਪੂ ਦਾ ਨਾਂ ਛਪਵਾਉਣਾ ਨਹੀਂ ਚਾਹੁੰਦਾ ਸੀ ਪਰ ਨੀਲਮ ਨੇ ਮੇਰੀ ਇੱਕ ਨਹੀਂ ਮੰਨੀ ਸੀ। ਕਹਿੰਦੀ ਰਹੀ- ‘ਕਾਰਡ ਵੱਡਿਆਂ ਵੱਲੋਂ ਜਾਣਾ ਚਾਹੀਦਾ ਹੈ। ਸ਼ਾਇਦ ਇਸ ਨਾਲ ਬਾਪੂ ਜੀ ਮੰਨ ਜਾਣ।’ ਪਰ ਬਾਪੂ ਵੀ ਆਪਣੇ ਅਸੂਲਾਂ ਦਾ ਪੱਕਾ ਸੀ। ਬੀਬੀ ਚਾਹ ਬਣਾ ਕੇ ਲਿਆਈ ਸੀ। ਮੈਂ ਆਪਣਾ ਮਨ ਬਾਪੂ ਕੋਲ ਜਾਣ ਲਈ ਕਰੜਾ ਕਰ ਲਿਆ ਸੀ ਪਰ ਪਿਛਲਖੁਰੀ ਆਉਂਦੇ ਬਾਪੂ ਨੇ ਕੜਾਕ ਦੇਣੀ ਦਰਵਾਜ਼ਾ ਲਾਇਆ। ਬਾਹਰਲੇ ਦਰਵਾਜ਼ਿਆਂ ਤੋਂ ਬਾਹਰ। ਮੈਨੂੰ ਪਤਾ ਸੀ ਕਿ ਹੁਣ ਉਹ ਆਪਣੇ ਕਰਖਾਨੇ ਹੀ ਜਾਵੇਗਾ। ਏਦਾਂ ਦੇ ਵੇਲੇ ਉਸ ਦੀ ਆਖ਼ਰੀ ਮੰਜ਼ਿਲ ਉਸ ਦਾ ਹਵੇਲੀ ਵਿੱਚ ਬਣਾਇਆ ਕਾਰਖਾਨਾ ਹੀ ਹੁੰਦਾ ਸੀ ਜਿੱਥੇ ਕੰਮ ਤੋਂ ਉਸ ਨੂੰ ਕਦੇ ਵਿਹਲ ਨਹੀਂ ਸੀ ਮਿਲੀ। ਬੀਬੀ ਕੋਲ ਚੁੱਪ ਰਹਿਣ ਤੋਂ ਬਿਨਾਂ ਕੋਈ ਦੂਜਾ ਚਾਰਾ ਨਹੀਂ ਸੀ। ਮੈਨੂੰ ਇਸ ਗੱਲ ਦਾ ਵੀ ਆਭਾਸ ਸੀ ਕਿ ਜੇ ਮੈਂ ਬਾਪੂ ਨੂੰ ਕਾਰਖਾਨੇ ਜਾ ਕੇ ਕਹਿਣ ਨਾ ਗਿਆ ਤਾਂ ਬੀਬੀ ਦੀ ਚੁੱਪ ਲੰਮੀ ਹੋ ਜਾਣੀ ਸੀ। ਇਸ ਸਮੇਂ ਮੈਨੂੰ ਬਾਪੂ ਨਾਲੋਂ ਨੀਲਮ ’ਤੇ ਜ਼ਿਆਦਾ ਗੁੱਸਾ ਆਇਆ ਸੀ। ਖਾਹ-ਮਖਾਹ ਮੈਨੂੰ ਭੇਜ ਦਿੱਤਾ ਸੀ। ਨਾਲ ਚੱਲਣ ਲਈ ਕਿਹਾ ਤਾਂ ਉਹ ਬੋਲੀ ਸੀ, ‘‘ਤੁਹਾਨੂੰ ਮੇਰੀ ਸਥਿਤੀ ਦਾ ਤਾਂ ਪਤਾ। ਮੈਂ ਸਫ਼ਰ ਕਿੱਦਾਂ ਕਰ ਸਕਦੀ ਆਂ।’’ ਆਉਣਾ ਮੇਰੀ ਮਜਬੂਰੀ ਬਣ ਗਈ ਸੀ। ਹੁਣ ਇਹੋ ਮਜਬੂਰੀ ਮੈਨੂੰ ਕਾਰਖਾਨੇ ਲੈ ਗਈ ਸੀ। ਬਾਪੂ ਬੈੱਡ ਦੇ ਢੋਅ ’ਤੇ ਲਾਉਣ ਲਈ ਪਲਾਈ ਮਿਣ ਰਿਹਾ ਸੀ। ਮੇਰੇ ਕੋਲ ਜਾਣ ’ਤੇ ਬੋਲਿਆ ਸੀ, ‘‘ਤੂੰ ਕਾਰਡ ਅੰਗੀਠੀ ’ਤੇ ਰੱਖ ਦੇ ਤੇ ਆਪਣੀ ਰੰਨ ਕੋਲ ਚਲਿਆ ਜਾ।’’ ਬਾਪੂ ਦੇ ਏਦਾਂ ਰੁੱਖਾ ਬੋਲਣ ਨੇ ਮੈਨੂੰ ਝੁਣਝੁਣੀ ਲਿਆ ਦਿੱਤੀ ਸੀ। ਬਾਪੂ ਦੇ ਗੁੱਸੇ ਵਿੱਚ ਕੋਈ ਫ਼ਰਕ ਨਹੀਂ ਸੀ ਆਇਆ। ਕਾਰਖਾਨਿਉਂ ਘਰ ਤੱਕ ਦਾ ਸਫ਼ਰ ਮੈਨੂੰ ਕੋਹਾਂ ਮੀਲ ਦੂਰ ਲੱਗਾ ਸੀ। ਪਤਾ ਨਹੀਂ ਕਿਉਂ ਜਦੋਂ ਕਦੇ ਬਾਪੂ ਗੁੱਸੇ ਨਾਲ ਬੋਲਦਾ ਸੀ, ਉਦੋਂ ਮੈਨੂੰ ਬੈਠਕ ਵਿੱਚ ਬੈਠੇ ਮੋਹਣੇ ਨੂੰ ਬਾਪੂ ਦੇ ਕਹੇ ਸ਼ਬਦ ਵਾਰ ਵਾਰ ਯਾਦ ਆ ਜਾਂਦੇ ਸਨ, ‘‘ਜਨਾਨੀਆਂ ਸਮਝਦੀਆਂ ਬਈ ਜਦੋਂ ਪੁੱਤ ਬਰੋਬਰ ਦੇ ਹੋ ਜਾਣ ਤਾਂ ਉਨ੍ਹਾਂ ਦੀ ਸਰਦਾਰੀ ਹੋਣੀ ਚਾਹੀਦੀ ਐ। ਕਿਉਂ ਜੁ ਉਹ ਇਹ ਸਮਝਦੀਆਂ ਨੇ ਬਈ ਪੁੱਤ ਜਦੋਂ ਬੋਲੂਗਾ, ਆਪਣੀ ਮਾਂ ਦੇ ਪੱਖ ’ਚ ਬੋਲੂਗਾ। ਫੇਰ ਤਾਂ ਪੁੱਤ ਸ਼ਰੀਕ ਹੋ ਗਏ। ਮੈਂ ਅਜਿਹੇ ਸ਼ਰੀਕਾਂ ਨੂੰ ... ’ਤੇ ਵੀ ਨ੍ਹੀਂ ਮਾਰਦਾ।’’
* * *
ਦੋਹਾਂ ਹੱਥਾਂ ਵਿੱਚ ਚਾਹ ਦੇ ਗਲਾਸ ਫੜੀ ਮੈਂ ਵਰਾਂਡੇ ਵਿੱਚ ਆਇਆ ਤਾਂ ਬੀਬੀ ਬਾਪੂ ’ਤੇ ਝੁਕੀ ਖੜ੍ਹੀ ਸੀ। ਉਸ ਦੇ ਹੱਥ ਬਾਪੁੂ ਦੀ ਧੌਣ ਕੋਲ ਸਨ। ਮੈਂ ਆਹਿਸਤੇ-ਆਹਿਸਤੇ ਤਾਕੀ ਕੋਲ ਆ ਖੜ੍ਹਿਆ। ਮੈਨੂੰ ਬੀਬੀ ਘਬਰਾਈ ਹੋਈ ਲੱਗੀ। ਉਹ ਵਾਰ ਵਾਰ ਆਪਣੀ ਬੁੱਕਲ ਠੀਕ ਕਰ ਰਹੀ ਸੀ ਤੇ ਨਾਲ ਹੀ ਫੈਲਾ ਰਹੀ ਸੀ। ਜਿੱਦਾਂ ਉਹ ਜੋ ਕੁਝ ਵੀ ਕਰ ਰਹੀ ਸੀ, ਉਹ ਕਿਸੇ ਦੂਜੇ ਨੂੰ ਨਾ ਦਿਸੇ। ਪਰ ਉਸ ਇੱਕ ਵਾਰ ਵੀ ਦਰਵਾਜ਼ੇ ਵੱਲ ਨਹੀਂ ਦੇਖਿਆ ਸੀ।
ਬੀਬੀ ਦੀਆਂ ਉਂਗਲਾਂ ਅਜੇ ਵੀ ਬਾਪੂ ਦੀ ਧੌਣ ਕੋਲ ਹੀ ਸਨ। ਮੇਰੇ ਮਨ ’ਚ ਵਿਚਾਰ ਆਇਆ ਕਿ ਉਹ ਹੁਣ ਬਾਪੂ ਦਾ ਗਲਾ ਘੁੱਟ ਦੇਵੇਗੀ। ਸਾਰੀ ਉਮਰ ਬਾਪੂ ਨੇ ਉਸ ਦੀ ਇੱਕ ਨਹੀਂ ਸੁਣੀ। ਇੱਕ ਨਹੀਂ ਮੰਨੀ। ਆਪਣੀ ਚਲਾਈ। ਸ਼ਾਇਦ ਬੀਬੀ ਦਾ ਗੁੱਸਾ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੋਵੇ ਜਾਂ ਉਹ ਵੀ ਆਪਣਾ ਬਦਲਾ ਲੈਣਾ ਚਾਹੁੰਦੀ ਹੋਵੇ। ਫੇਰ ਇਸ ਤੋਂ ਚੰਗਾ ਮੌਕਾ ਹੋਰ ਕਿਹੜਾ ਹੋ ਸਕਦਾ ਹੈ। ਮੈਨੂੰ ਇਹ ਅਹਿਸਾਸ ਹੁੰਦਾ ਰਿਹਾ ਸੀ ਕਿ ਬੀਬੀ ਸਿਰਫ਼ ਜਿਊਂ ਰਹੀ ਸੀ। ਬਸ ਜਿਊਣ ਲਈ। ਇਸ ਤੋਂ ਵੱਧ ਕੁਝ ਵੀ ਨਹੀਂ। ਜਦੋਂ ਬੀਬੀ ਦੀਆਂ ਉਂਗਲਾਂ ਦੀਆਂ ਗੱਠਾਂ ਦਿੱਸੀਆਂ ਤਾਂ ਮੈਨੂੰ ਖ਼ੁਸ਼ੀ ਹੋਈ ਸੀ। ਅਥਾਹ ਖ਼ੁਸ਼ੀ। ਮੈਂ ਆਪ ਚਾਹੁੰਦਾ ਸੀ ਕਿ ਬਾਪੂ ਮਰ ਜਾਵੇ। ਇਸ ਨੂੰ ਤਾਂ ਅੱਜ ਤੋਂ ਪੰਦਰ੍ਹਾਂ ਸਾਲ ਪਹਿਲਾਂ ਮਰ ਜਾਣਾ ਚਾਹੀਦਾ ਸੀ। ਫੇਰ ਇਹ ਜਿਊਂਦਾ ਕਿਉਂ ਰਿਹਾ ਸੀ।
ਹੁਣ ਬੀਬੀ ਦਾ ਹੱਥ ਬਾਪੂ ਦੇ ਨੱਕ ਕੋਲ ਸੀ। ਸ਼ਾਇਦ ਉਸ ਕੋਲੋਂ ਬਾਪੂ ਦੀ ਘੰਡੀ ਘੁੱਟ ਨਾ ਹੋਈ ਹੋਵੇ। ਉਹ ਉਸ ਦਾ ਸਾਹ ਬੰਦ ਕਰ ਕੇ ਮਾਰ ਦੇਣਾ ਚਾਹੁੰਦੀ ਹੋਵੇ। ਮਾਰਨ ਦਾ ਇਹ ਤਰੀਕਾ ਵੀ ਵਧੀਆ ਹੋ ਸਕਦੈ। ਇੱਕ ਹੱਥ ਮੂੰਹ ’ਤੇ ਰੱਖ ਦਿਉ। ਇੱਕ ਨਾਲ ਨਾਸਾਂ ਬੰਦ ਕਰ ਦਿਉ। ਪੰਜ ਮਿੰਟਾਂ ਵਿੱਚ ਘੋਗਾ ਚਿੱਤ ਹੋ ਜਾਂਦਾ ਹੈ।
ਹੱਥਾਂ ਵਿੱਚ ਫੜੇ ਗਲਾਸ ਮੈਂ ਬੰਨੀ ’ਤੇ ਰੱਖ ਦਿੱਤੇ। ਮੇਰੇ ਮਨ ਵਿੱਚ ਆਇਆ ਕਿ ਇਸ ਕੰਮ ਵਿੱਚ ਬੀਬੀ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਸੀ। ਉਸ ਦੀਆਂ ਕਮਜ਼ੋਰ ਉਂਗਲਾਂ ਵਿੱਚ ਹੁਣ ਪਹਿਲਾਂ ਜਿੰਨੀ ਤਾਕਤ ਨਹੀਂ ਰਹੀ ਸੀ। ਕਾਂਤਾ ਦਲਾਨ ਵਿੱਚ ਘੂਕ ਸੁੱਤੀ ਪਈ ਸੀ। ਮੇਰੇ ਸਿਵਾਏ ਉਸ ਦੀ ਸਹਾਇਤਾ ਕੌਣ ਕਰ ਸਕਦਾ ਹੈ? ਪਰ ਦੂਜੇ ਪਲ ਇੱਕ ਹੋਰ ਵਿਚਾਰ ਆਇਆ ਕਿ ਮੇਰੇ ਜਾਣ ਨਾਲ ਕਿਤੇ ਉਹ ਆਪਣੀ ਸਕੀਮ ਹੀ ਬਦਲ ਨਾ ਲਵੇ। ਉਸੇ ਪਲ ਬੀਬੀ ਦੀ ਦੇਹ ਬੁਰੀ ਤਰ੍ਹਾਂ ਕੰਬੀ। ਜਿੱਦਾਂ ਕਿਸੇ ਨੂੰ ਠੰਢੇ ਪਾਣੀ ਦੇ ਟੱਬ ਵਿੱਚੋਂ ਗੋਤਾ ਦੇ ਕੇ ਬਾਹਰ ਲਿਆ ਖੜ੍ਹਾਇਆ ਹੋਵੇ। ਮੈਨੂੰ ਲੱਗਾ ਕਿ ਬਾਪੂ ਪੂਰਾ ਹੋ ਗਿਆ ਸੀ ਤੇ ... ਅਗਾਂਹ ਦੀ ਮੈਨੂੰ ਕੋਈ ਸੋਝੀ ਨਾ ਆਈ ਕਿਉਂ ਜੁ ਬੀਬੀ ਦੀ ਮਾਰੀ ਲੇਰ, ‘‘ਵੇ ਲੋਕੋ... ਮੈਂ ਪੱਟੀ ਗਈ... ਵੇ ਮੈਂ ਲੁੱਟੀ ਗਈ...’’ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ।
ਬਾਪੂ ਦੀ ਦੇਹ ਨੂੰ ਭੁੰਜੇ ਲਾਹ ਕੇ ਰੱਖਦਿਆਂ ਮੇਰੀਆਂ ਅੱਖਾਂ ਉਸ ਦੀ ਧੌਣ ’ਤੇ ਕੇਂਦਰਿਤ ਹੋ ਗਈਆਂ ਸਨ। ਪਰ ਮੈਨੂੰ ਉੱਥੇ ਅਜਿਹਾ ਕੁਝ ਵੀ ਨਹੀਂ ਦਿਸਿਆ ਸੀ ਜਿਸ ਨਾਲ ਮੈਂ ਇਹ
ਫ਼ੈਸਲਾ ਕਰ ਸਕਦਾ ਕਿ ਬਾਪੂ ਆਪਣੀ ਮੌਤੇ ਮਰਿਆ ਸੀ ਜਾਂ ਕਿ ਬੀਬੀ ਨੇ...।
ਸੰਪਰਕ: 98148-03254