ਕਤਲ ਦੇ ਦੋਸ਼ ਹੇਠ ਔਰਤ ਸਣੇ ਪੰਜ ਕਾਬੂ
05:50 AM May 27, 2025 IST
ਪੱਤਰ ਪ੍ਰੇਰਕ
ਜਗਰਾਉਂ, 26 ਮਈ
ਇੱਥੇ ਥਾਣਾ ਸ਼ਹਿਰੀ ਦੀ ਪੁਲੀਸ ਨੇ ਨਾਨਕਸਰ ਠਾਠ ਨੇੜੇ ਨੱਥੋਕੇ (ਮੋਗਾ) ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਕਤਲ ਕਰਨ ਦੇ ਦੋਸ਼ ਹੇਠ ਪੰਜ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ’ਚ ਇੱਕ ਔਰਤ ਵੀ ਸ਼ਾਮਲ ਹੈ। ਇਸ ਸਬੰਧੀ ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ ਤਿੰਨ ਅਣਪਛਾਤਿਆਂ ਸਣੇ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਕਤਲ ਕੇਸ ਵਿੱਚ ਲੋੜੀਂਦੇ ਜਸਵਿੰਦਰ ਕੌਰ ਜੱਸੀ, ਉਸ ਦਾ ਪਤੀ ਸੁਖਦੇਵ ਸਿੰਘ, ਜੀਜਾ ਸੁਲਤਾਨ ਸਿੰਘ, ਸਵਰਨਜੀਤ ਸਿੰਘ ਰੈਂਬੋ ਅਤੇ ਮਨਪ੍ਰੀਤ ਸਿੰਘ ਮਾਣੂੰਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ। ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਣੂੰਕੇ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ।
Advertisement
Advertisement