For the best experience, open
https://m.punjabitribuneonline.com
on your mobile browser.
Advertisement

ਕਣਕ ਦੇ ਚੰਗੇ ਝਾੜ ਲਈ ਨਦੀਨਾਂ ਨੂੰ ਕਾਬੂ ਕਰੋ

07:56 AM Nov 16, 2024 IST
ਕਣਕ ਦੇ ਚੰਗੇ ਝਾੜ ਲਈ ਨਦੀਨਾਂ ਨੂੰ ਕਾਬੂ ਕਰੋ
Advertisement

ਮਨਪ੍ਰੀਤ ਸਿੰਘ/ਜਸਵੀਰ ਸਿੰਘ ਗਿੱਲ/ਪਰਵਿੰਦਰ ਕੌਰ*

Advertisement

ਕਣਕ ਵਾਲੇ ਖੇਤਾਂ ਵਿੱਚ ਮੁੱਖ ਤੌਰ ’ਤੇ ਘਾਹ ਵਾਲੇ ਨਦੀਨ ਜਿਵੇਂ ਗੁੱਲੀ ਡੰਡਾ, ਜੰਗਲੀ ਜਵੀਂ, ਬੂੰਈ, ਲੂੰਬੜ ਘਾਹ ਅਤੇ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਜੰਗਲੀ ਪਾਲਕ, ਬਾਥੂ, ਮੈਣਾ/ਖੰਡੀ, ਜੰਗਲੀ ਹਾਲੋਂ, ਜੰਗਲੀ ਸੇਂਜੀ, ਕੰਡਿਆਲੀ ਪਾਲਕ, ਬਟਨ ਬੂਟੀ, ਭੰਬੋਲਾ, ਰਾਰੀ/ਰੇਵਾੜੀ, ਹਿਰਨਖੁਰੀ, ਲੇਹ ਆਦਿ ਪਾਏ ਜਾਂਦੇ ਹਨ। ਕਣਕ ਵਿੱਚ ਨਦੀਨ ਵੱਖ-ਵੱਖ ਸਮੇਂ ’ਤੇ ਕਈ ਲੌਆਂ ਵਿੱਚ ਉੱਗਦੇ ਹਨ। ਇਹ ਨਦੀਨ ਜਾਂ ਤਾਂ ਫ਼ਸਲ ਦੇ ਨਾਲ ਹੀ ਉੱਗ ਪੈਂਦੇ ਹਨ ਜਾਂ ਫਿਰ ਬਾਰਸ਼ ਹੋਣ ਕਰ ਕੇ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਪਹਿਲੇ ਅਤੇ ਦੂਜੇ ਪਾਣੀ ਤੋਂ ਬਾਅਦ ਉੱਗਦੇ ਹਨ। ਸ਼ੁਰੂਆਤ ਵਿੱਚ ਕਣਕ ਦੇ ਜੰਮ੍ਹ ਦੇ ਨਾਲ ਉੱਗਣ ਵਾਲੇ ਨਦੀਨ ਕਣਕ ਦੇ ਝਾੜ ਉੱਤੇ ਜ਼ਿਆਦਾ ਅਸਰ ਪਾਉਂਦੇ ਹਨ। ਆਮ ਤੌਰ ’ਤੇ ਕਿਸਾਨ ਕਣਕ ਵਿੱਚ ਰਸਾਇਣਕ ਤਰੀਕਿਆਂ ਨਾਲ ਨਦੀਨ ਪ੍ਰਬੰਧ, ਪਹਿਲੇ ਪਾਣੀ ਤੋਂ ਬਾਅਦ (ਬਿਜਾਈ ਤੋਂ 30 ਤੋਂ 40 ਦਿਨਾਂ ਬਾਅਦ) ਜਾਂ ਫਿਰ ਦੂਜੇ ਪਾਣੀ ਤੋਂ ਬਾਅਦ (ਬਿਜਾਈ ਤੋਂ 50 ਤੋਂ 60 ਦਿਨਾਂ ਬਾਅਦ) ਨਦੀਨ ਉੱਗਣ ਤੋਂ ਬਾਅਦ ਨਦੀਨਨਾਸ਼ਕਾਂ ਦੀ ਵਰਤੋਂ ਨਾਲ ਕਰਦੇ ਹਨ। ਇਹ ਦੇਖਿਆ ਗਿਆ ਹੈ ਕਿ ਦਸੰਬਰ ਮਹੀਨੇ ਦੇ ਅੰਤ ਵਿੱਚ ਛਿੜਕਾਅ ਕਰਨ ਸਮੇਂ ਧੁੰਦ ਅਤੇ ਬੱਦਲਵਾਈ ਰਹਿੰਦੀ ਹੈ ਜਿਸ ਕਾਰਨ ਪਹਿਲੇ ਪਾਣੀ ਤੋਂ ਬਾਅਦ ਕੀਤੇ ਜਾਣ ਵਾਲੇ ਨਦੀਨਨਾਸ਼ਕ ਕਰਨ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਜੇ ਖ਼ਰਾਬ ਮੌਸਮ ਵਿੱਚ ਛਿੜਕਾਅ ਕੀਤਾ ਜਾਵੇ ਤਾਂ ਕਈ ਵਾਰ ਕਣਕ ਉੱਤੇ ਇਸ ਦਾ ਮਾੜਾ ਪ੍ਰਭਾਵ ਵੀ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਪਹਿਲੇ ਪਾਣੀ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ ਖੇਤ ਵੱਤਰ ਹਾਲਤਾਂ ਵਿੱਚ 10 ਤੋਂ 15 ਦਿਨਾਂ ਬਾਅਦ ਆਉਂਦਾ ਹੈ। ਖੇਤ ਦੇਰੀ ਨਾਲ ਵੱਤਰ ਵਿੱਚ ਆਉਣ ਕਰ ਕੇ ਨਦੀਨ ਵੱਡੇ ਹੋ ਜਾਂਦੇ ਹਨ ਅਤੇ ਕਣਕ ਵੀ ਜ਼ਿਆਦਾ ਫੁਟਾਰਾ ਕਰ ਜਾਂਦੀ ਹੈ। ਵੱਡੇ ਨਦੀਨ (5-6 ਪੱਤਿਆਂ ਵਾਲੇ) ਅਤੇ ਕਣਕ ਦਾ ਜ਼ਿਆਦਾ ਫੁਟਾਰਾ ਹੋਣ ਕਰ ਕੇ ਛੋਟੇ ਨਦੀਨ ਕਣਕ ਹੇਠਾਂ ਆ ਜਾਂਦੇ ਹਨ ਜਿਸ ਕਰ ਕੇ ਨਦੀਨਨਾਸ਼ਕਾਂ ਦੇ ਛਿੜਕਾਅ ਤੋਂ ਚੰਗੇ ਨਤੀਜੇ ਨਹੀਂ ਮਿਲਦੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਾਈ ਸਮੇਂ ਹੀ ਵੱਖ-ਵੱਖ ਢੰਗ ਤਰੀਕੇ ਅਪਣਾ ਕੇ ਨਦੀਨਾਂ ਨੂੰ ਉੱਗਣ ਤੋਂ ਰੋਕ ਸਕਦੇ ਹਨ। ਇਸ ਲੇਖ ਵਿੱਚ ਕਣਕ ਦੀ ਬਿਜਾਈ ਸਮੇਂ ਵੱਖ-ਵੱਖ ਕਾਸ਼ਤਕਾਰੀ ਅਤੇ ਮਸ਼ੀਨੀ ਢੰਗਾਂ ਨੂੰ ਰਸਾਇਣਕ ਤਰੀਕਿਆਂ ਦੇ ਨਾਲ ਸੁਮੇਲ ਕਰ ਕੇ ਨਦੀਨਾਂ ਦੀ ਸਰਵਪੱਖੀ ਰੋਕਥਾਮ ਦੇ ਬਾਰੇ ਦੱਸਿਆ ਗਿਆ ਹੈ।

Advertisement

ਕਾਸ਼ਤਕਾਰੀ ਅਤੇ ਮਸ਼ੀਨੀ ਢੰਗਾਂ ਦੀ ਵਰਤੋਂ-

ਫ਼ਸਲਾਂ ਦਾ ਹੇਰ-ਫੇਰ:

ਨਦੀਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਫ਼ਸਲਾਂ ਦਾ ਹੇਰ-ਫੇਰ ਬਹੁਤ ਹੀ ਕਾਰਗਰ ਤਰੀਕਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡੇ ਅਤੇ ਹੋਰ ਨਦੀਨਾਂ ਦੀ ਸਮੱਸਿਆ ਜ਼ਿਆਦਾ ਹੋਵੇ, ਉੱਥੇ ਜੇ ਸੰਭਵ ਹੋਵੇ ਤਾਂ ਕਣਕ ਦੀ ਥਾਂ ਬਰਸੀਮ, ਕਮਾਦ ਜਾਂ ਆਲੂ ਦੀ ਕਾਸ਼ਤ 1-2 ਸਾਲ ਕਰਨ ਨਾਲ, ਨਦੀਨਾਂ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਜਿਵੇਂ ਕਿ ਬਰਸੀਮ ਵਿੱਚ ਕਈ ਵਾਰ ਕਟਾਈ ਹੋਣ ਕਰ ਕੇ ਨਦੀਨਾਂ ਦਾ ਨਵਾਂ ਬੀਜ ਨਹੀਂ ਬਣਦਾ ਅਤੇ ਵਾਰ-ਵਾਰ ਉੱਗਣ ਵਾਲੇ ਨਦੀਨਾਂ ਦੇ ਲੌਅ ਦੀ ਕਟਾਈ ਕਰ ਕੇ ਜ਼ਮੀਨ ਵਿਚਲੀ ਨਦੀਨਾਂ ਦੇ ਬੀਜਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਕਮਾਦ ਵਿੱਚ ਕਣਕ ਨਾਲੋਂ ਵੱਖਰੇ ਨਦੀਨਨਾਸ਼ਕਾਂ ਦੀ ਵਰਤੋਂ ਤੇ ਕਈ ਗੋਡੀਆਂ ਹੋਣ ਕਰ ਕੇ ਨਦੀਨਾਂ ਦੀ ਚੰਗੀ ਰੋਕਥਾਮ ਹੋ ਜਾਂਦੀ ਹੈ। ਆਲੂ ’ਚ ਵੱਖਰੇ ਨਦੀਨਨਾਸ਼ਕਾਂ ਦੀ ਵਰਤੋਂ ਤੇ ਪੁਟਾਈ ਜਲਦੀ ਹੋਣ ਕਰ ਕੇ ਨਦੀਨਾਂ ਨੂੰ ਬੀਜ ਪੈਣ ਤੋਂ ਪਹਿਲਾਂ ਨਸ਼ਟ ਕੀਤਾ ਜਾ ਸਕਦਾ ਹੈ।

ਬਿਜਾਈ ਦਾ ਸਮਾਂ:

ਨਦੀਨਾਂ ਦੇ ਬੀਜਾਂ ਨੂੰ ਉੱਗਣ ਲਈ ਇੱਕ ਵਿਸ਼ੇਸ਼ ਤਾਪਮਾਨ ਦੀ ਲੋੜ ਹੁੰਦੀ ਹੈ। ਇਸ ਲਈ ਕਣਕ ਦੀ ਬਿਜਾਈ ਦਾ ਸਮਾਂ ਅੱਗੇ-ਪਿੱਛੇ ਕਰ ਕੇ ਨਦੀਨਾਂ ਨੂੰ ਉੱਗਣ ਤੋਂ ਰੋਕਿਆ ਜਾ ਸਕਦਾ ਹੈ। ਜਿੰਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਗੁੱਲੀ ਡੰਡੇ ਦੀ ਸਮੱਸਿਆ ਜ਼ਿਆਦਾ ਆਈ ਹੋਵੇ, ਉਨ੍ਹਾਂ ਖੇਤਾਂ ਵਿੱਚ ਅਗੇਤੀ ਬਿਜਾਈ (25 ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ) ਜੋ ਗੁੱਲੀ ਡੰਡੇ ਦੇ ਉੱਗਣ ਲਈ ਘੱਟ ਅਨੁਕੂਲ ਹੁੰਦਾ ਹੈ, ਵਿੱਚ ਕਰਨ ਨਾਲ ਕਣਕ ਦੀ ਫ਼ਸਲ ਗੁੱਲੀ ਡੰਡੇ ਦੇ ਪਹਿਲੇ ਲੌਅ ਤੋਂ ਬਚ ਜਾਂਦੀ ਹੈ ਜੋ ਫ਼ਸਲ ਦੇ ਸ਼ੁਰੂਆਤੀ ਵਾਧੇ ’ਤੇ ਬਹੁਤ ਅਸਰ ਪਾਉਂਦਾ ਹੈ। ਕਿਸੇ ਤਰ੍ਹਾਂ ਹੀ ਜੇ ਖੇਤ ਵਿੱਚ ਜੰਗਲੀ ਜਵੀਂ ਅਤੇ ਜੰਗਲੀ ਪਾਲਕ ਦੀ ਸਮੱਸਿਆ ਹੋਵੇ ਤਾਂ ਅਗੇਤੀ ਬਿਜਾਈ ਨਾ ਕਰੋ ਕਿਉਂਕਿ ਇਸ ਸਮੇਂ ਤਾਪਮਾਨ ਜੰਗਲੀ ਜਵੀ ਅਤੇ ਜੰਗਲੀ ਪਾਲਕ ਦੇ ਉੱਗਣ ਲਈ ਅਨੁਕੂਲ ਹੁੰਦਾ ਹੈ।

ਖੇਤ ਦੀ ਉਪਰਲੀ ਪਰਤ ਸੁਕਾ ਕੇ ਬਿਜਾਈ:

ਨਦੀਨਾਂ ਦੇ ਬੀਜ ਜੋ ਜ਼ਮੀਨ ਦੀ ਉੱਪਰਲੀ ਪਰਤ ਵਿੱਚ ਮੌਜੂਦ ਹੁੰਦੇ ਹਨ, ਨੂੰ ਉੱਗਣ ਲਈ ਜ਼ਿਆਦਾ ਸਿੱਲ੍ਹ ਦੀ ਲੋੜ ਹੁੰਦੀ ਹੈ। ਇਸ ਲਈ ਜੇ ਜ਼ਮੀਨ ਦੇ ਉੱਪਰਲੀ ਤਹਿ ਨੂੰ ਸੁਕਾ ਲਿਆ ਜਾਵੇ ਤਾਂ ਨਦੀਨਾਂ ਦੇ ਪਹਿਲੇ ਲੌਅ ਨੂੰ ਉੱਗਣ ਤੋਂ ਰੋਕਿਆ ਜਾ ਸਕਦਾ ਹੈ। ਸੁੱਕੀ ਹੋਈ ਨਰਮ ਮਹੀਨ ਮਿੱਟੀ ਇੱਕ ਮਲਚਿੰਗ ਦਾ ਕੰਮ ਕਰਦੀ ਹੈ ਅਤੇ ਨਦੀਨਾਂ ਦੇ ਬੀਜਾਂ ਨੂੰ ਉੱਗਣ ਨਹੀਂ ਦਿੰਦੀ। ਰੌਣੀ ਕਰਨ ਤੋਂ ਬਾਅਦ ਜਾਂ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਨਮੀ ਹੋਣ ਕਰ ਕੇ ਨਦੀਨ ਉੱਗ ਪੈਂਦੇ ਹਨ। ਇਨ੍ਹਾਂ ਨਦੀਨਾਂ ਨੂੰ ਬਿਜਾਈ ਤੋਂ ਪਹਿਲਾਂ ਹਲਕੀ ਵਹਾਈ ਕਰ ਕੇ ਨਸ਼ਟ ਕਰ ਦਿਉ ਅਤੇ ਉਸ ਤੋਂ ਬਾਅਦ ਉੱਪਰਲੀ ਤਹਿ ਸੁਕਾ ਕੇ ਕਣਕ ਦੀ ਬਿਜਾਈ ਕਰਨ ਨਾਲ ਨਦੀਨ ਘੱਟ ਉੱਗਦੇ ਹਨ।

ਬਿਨਾਂ ਵਾਹੇ ਕਣਕ ਦੀ ਬਿਜਾਈ:

ਕਣਕ ਬਿਨਾਂ ਵਹਾਈ ਜਾਂ ਘੱਟ ਤੋਂ ਘੱਟ ਵਾਹ ਕੇ ਵੀ ਬੀਜੀ ਜਾ ਸਕਦੀ ਹੈ। ਜ਼ੀਰੋ-ਟਿੱਲੇਜ/ਘੱਟ ਤੋਂ ਘੱਟ ਵਹਾਈ ਵਿੱਚ ਨਦੀਨਾਂ ਖ਼ਾਸ ਕਰ ਕੇ ਗੁੱਲੀ ਡੰਡੇ ਦੀ ਘੱਟ ਸਮੱਸਿਆ ਹੁੰਦੀ ਹੈ। ਇਸ ਤੋਂ ਇਲਾਵਾ ਹੈਪੀ ਸੀਡਰ, ਸਮਾਰਟ ਸੀਡਰ ਜਾਂ ਸਰਫੇਸ ਸੀਡਿੰਗ-ਕਮ-ਮਲਚਿੰਗ ਵਿਧੀ ਨਾਲ ਝੋਨੇ ਦੇ ਵੱਢ ਵਿੱਚ ਬਿਨਾਂ ਵਾਹੇ ਕਣਕ ਦੀ ਬਿਜਾਈ ਕਰਨ ਨਾਲ ਨਦੀਨ ਬਹੁਤ ਘੱਟ ਉੱਗਦੇ ਹਨ। ਖੇਤ ਵਿੱਚ ਇੱਕ ਸਾਰ ਵਿੱਛੀ ਹੋਈ ਪਰਾਲੀ ਦੀ ਤਿੰਨ ਤੋਂ ਚਾਰ ਇੰਚ ਮੋਟੀ ਤਹਿ ਇੱਕ ਮਲਚਿੰਗ ਦਾ ਕੰਮ ਕਰਦੀ ਹੈ ਜੋ ਗੁੱਲੀ ਡੰਡੇ ਵਰਗੇ ਨਦੀਨਾਂ ਨੂੰ ਜੰਮਣ ਤੋਂ ਰੋਕਦੀ ਹੈ। ਕਈ ਵਾਰ ਬਿਨਾਂ ਵਹਾਈ ਵਾਲੇ ਖੇਤ ਵਿੱਚ ਕਣਕ ਦੀ ਬਿਜਾਈ ਤੋਂ ਪਹਿਲਾਂ ਹੀ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਨਦੀਨ ਉੱਗ ਜਾਂਦੇ ਹਨ, ਉਨ੍ਹਾਂ ਹਾਲਤਾਂ ਵਿੱਚ 500 ਮਿਲੀਲਿਟਰ ਗ੍ਰਾਮੋਕਸੋਨ 24 ਐਸ ਐਲ (ਪੈਰਾਕੁਐਟ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਬੈੱਡਾਂ ’ਤੇ ਬਿਜਾਈ:

ਬੈੱਡਾਂ ’ਤੇ ਬੀਜੀ ਕਣਕ ਵਾਲੇ ਖੇਤਾਂ ਵਿੱਚ ਰਵਾਇਤੀ ਢੰਗ ਨਾਲ ਬੀਜੀ ਕਣਕ ਦੀ ਫ਼ਸਲ ਦੇ ਮੁਕਾਬਲੇ ਨਦੀਨ ਘੱਟ ਉੱਗਦਾ ਹੈ ਕਿਉਂਕਿ ਬੈੱਡਾਂ ਦੀ ਉਪਰਲੀ ਤਹਿ ਜਲਦੀ ਸੁੱਕ ਜਾਂਦੀ ਹੈ ਤੇ ਨਦੀਨ ਘੱਟ ਉਗਦਾ ਹੈ। ਇਸ ਦੇ ਨਾਲ ਹੀ ਪਾਣੀ ਦੀ ਬੱਚਤ ਅਤੇ ਝਾੜ ਵੀ ਰਵਾਇਤੀ ਢੰਗ ਨਾਲ ਬੀਜੀ ਫ਼ਸਲ ਤੋਂ ਜ਼ਿਆਦਾ ਮਿਲਦਾ ਹੈ।

ਰਸਾਇਣਿਕ ਢੰਗਾਂ ਦੀ ਵਰਤੋਂ-

ਬਿਜਾਈ ਵੇਲੇ ਕੀਤੇ ਜਾਣ ਵਾਲੇ ਨਦੀਨਨਾਸ਼ਕ: ਬਿਜਾਈ ਸਮੇਂ ਕੀਤੇ ਜਾਣ ਵਾਲੇ ਨਦੀਨਨਾਸ਼ਕ, ਨਦੀਨਾਂ ਦੇ ਬੀਜਾਂ ਨੂੰ ਉੱਗਣ ਤੋਂ ਰੋਕਦੇ ਹਨ। ਇਹ ਨਦੀਨਨਾਸ਼ਕ ਗੁੱਲੀ ਡੰਡੇ ਅਤੇ ਕੁੱਝ ਹੋਰ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਕਰਦੇ ਹਨ। ਰਵਾਇਤੀ ਢੰਗ ਨਾਲ ਵਾਹ ਕੇ ਬੀਜੀ ਕਣਕ ਵਿੱਚ ਨਦੀਨ ਪ੍ਰਬੰਧ ਲਈ ਨਦੀਨਨਾਸ਼ਕਾਂ (ਸਟੌਂਪ/ਅਵਕੀਰਾ/ਮੋਮੀਜੀ/ ਪਲੇਟਫਾਰਮ/ ਦਕਸ਼ ਪਲੱਸ) ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਦੀ ਸਿਫ਼ਾਰਸ਼ ਮਾਤਰਾ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ/ਬੈਟਰੀ ਨਾਲ/ ਇੰਜਣ ਨਾਲ ਚੱਲਣ ਵਾਲੇ ਜਾਂ ਟਰੈਕਟਰ ਨਾਲ ਚੱਲਣ ਵਾਲੇ ਮਲਟੀ ਬੂਮ ਸਪਰੇਅਰ ਦੀ ਵਰਤੋਂ ਕਰ ਕੇ ਛਿੜਕਾਅ ਕਰੋ। ਨਦੀਨਨਾਸ਼ਕਾਂ ਦੇ ਛਿੜਕਾਅ ਲਈ ਹਮੇਸ਼ਾ ਟੱਕ ਵਾਲੀ ਜਾਂ ਕੱਟ ਵਾਲੀ ਨੋਜ਼ਲ ਹੀ ਵਰਤੋ। ਇਨ੍ਹਾਂ ਨਦੀਨਨਾਸ਼ਕਾਂ ਦਾ ਛਿੜਕਾਅ ਸਾਰੇ ਖੇਤ ਵਿੱਚ ਇੱਕਸਾਰ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ-ਅੰਦਰ, ਜੇ ਹੋ ਸਕੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਕਰੋ। ਨਦੀਨਨਾਸ਼ਕਾਂ ਦੇ ਛਿੜਕਾਅ ਲਈ ਲੱਕੀ ਸੀਡ ਡਰਿੱਲ ਜੋ ਕਣਕ ਦੀ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੇ ਨਾਲ ਕਰਦੀ ਹੈ, ਦੀ ਵਰਤੋਂ ਕਰੋ। ਇਨ੍ਹਾਂ ਨਦੀਨਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਛਿੜਕਾਅ ਚੰਗੀ ਤਰ੍ਹਾਂ ਤਿਆਰ ਖੇਤ ਵਿੱਚ ਵੱਤਰ ਵਿੱਚ ਹੀ ਕਰਨਾ ਚਾਹੀਦਾ ਹੈ। ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਵਿੱਚ, ਬਿਜਾਈ ਤੋਂ ਪਹਿਲਾਂ ਕਿਸੇ ਇਕ ਨਦੀਨਨਾਸ਼ਕ (ਸਟੌਂਪ/ਅਵਕੀਰਾ/ ਮੋਮੀਜੀ/ ਪਲੇਟਫਾਰਮ/ਦਕਸ਼ ਪਲੱਸ) ਨੂੰ ਯੂਰੀਆ ਵਿੱਚ ਮਿਲਾ ਕੇ ਛੱਟਾ ਦਿਉ ਤੇ ਤੁਰੰਤ ਬਾਅਦ ਹੈਪੀ ਸੀਡਰ ਨਾਲ ਬਿਜਾਈ ਕਰ ਦਿਉ।
*ਫ਼ਸਲ ਵਿਗਿਆਨ ਵਿਭਾਗ, ਪੀਏਯੂ।
ਸੰਪਰਕ: 75891-66117

Advertisement
Author Image

joginder kumar

View all posts

Advertisement