ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ

04:06 AM May 03, 2025 IST
featuredImage featuredImage

ਚਰਨਜੀਤ ਕੌਰ/ਅਮਿਤ ਕੌਲ*
ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਫ਼ਸਲ ਹੈ ਜਿਸ ਦੀ ਕਾਸ਼ਤ ਘਰੇਲੂ ਬਗੀਚੀ ਤੋਂ ਲੈ ਕੇ ਵਪਾਰਕ ਪੱਧਰ ਤੱਕ ਕੀਤੀ ਜਾਂਦੀ ਹੈ। ਕਰਕਿਊਮਿਨ ਤੱਤ ਦੀ ਮੌਜੂਦਗੀ ਕਾਰਨ ਹਲਦੀ ਨੂੰ ਵੱਖ-ਵੱਖ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਹਲਦੀ ਵਿੱਚੋਂ ਖ਼ਾਸ ਤਰ੍ਹਾਂ ਦਾ ਤੇਲ (ਟਰਮੋਰੇਲ) ਵੀ ਕੱਢਿਆ ਜਾਂਦਾ ਹੈ, ਜਿਸ ਦੀ ਵਰਤੋਂ ਵੱਖ-ਵੱਖ ਖਾਧ ਪਦਾਰਥਾਂ, ਦਵਾਈਆਂ ਅਤੇ ਹਾਰ ਸ਼ਿੰਗਾਰ ਦੇ ਸਾਮਾਨ ਵਿੱਚ ਕੀਤੀ ਜਾਂਦੀ ਹੈ।
ਹਲਦੀ ਦੀ ਫ਼ਸਲ ਦੇ ਵਧਣ-ਫੁੱਲਣ ਲਈ ਗਰਮ ਤੇ ਸਿੱਲੇ ਜਲਵਾਯੂ ਦੀ ਲੋੜ ਹੈ। ਹਲਦੀ ਦੀ ਕਾਸ਼ਤ ਦਰਮਿਆਨੀ ਤੋਂ ਭਾਰੀ ਜ਼ਮੀਨ ਅਤੇ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ ਤੇ ਇਸ ਫ਼ਸਲ ਤੋਂ ਬਾਅਦ ਪਿਆਜ਼ ਜਾਂ ਪਛੇਤੀ ਕਣਕ ਦੀ ਫ਼ਸਲ ਲਈ ਜਾ ਸਕਦੀ ਹੈ। ਹਲਦੀ ਦੀ ਫ਼ਸਲ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਕੁੱਝ ਨੁਕਤਿਆਂ ਨੂੰ ਆਪਣਾਉਣਾ ਜ਼ਰੂਰੀ ਹੈ।
ਹਲਦੀ ਦੀਆਂ ਉੱਨਤ ਕਿਸਮਾਂ ਵਿੱਚ ਹਨ; ਪੰਜਾਬ ਹਲਦੀ 1 : ਇਸ ਦੀਆਂ ਗੰਢੀਆਂ ਲੰਬੀਆਂ ਅਤੇ ਦਰਮਿਆਨੀਆਂ ਹੁੰਦੀਆਂ ਹਨ। ਗੰਢੀਆਂ ਦੇ ਛਿਲਕੇ ਦਾ ਰੰਗ ਭੂਰਾ ਅਤੇ ਗੁੱਦਾ ਗੂੜ੍ਹਾ ਪੀਲਾ ਹੁੰਦਾ ਹੈ। ਇਹ ਕਿਸਮ 215 ਦਿਨਾਂ ਵਿੱਚ ਪੱਕਦੀ ਹੈ ਅਤੇ ਝਾੜ ਔਸਤਨ 108 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਹਲਦੀ 2: ਇਸ ਦੀਆਂ ਗੰਢੀਆਂ ਲੰਬੀਆਂ ਅਤੇ ਮੋਟੀਆਂ ਹੁੰਦੀਆਂ ਹਨ। ਇਸ ਦੀਆਂ ਗੰਢੀਆਂ ਦੇ ਛਿਲਕੇ ਦਾ ਰੰਗ ਭੂਰਾ ਅਤੇ ਗੁੱਦਾ ਪੀਲਾ ਹੁੰਦਾ ਹੈ। ਇਹ ਕਿਸਮ 240 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਝਾੜ ਔਸਤਨ 122 ਕੁਇੰਟਲ ਪ੍ਰਤੀ ਏਕੜ ਹੈ।
ਜ਼ਮੀਨ ਦੀ ਤਿਆਰੀ: ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਫੇਰ ਕੇ ਚੰਗੀ ਤਰ੍ਹਾਂ ਤਿਆਰ ਕਰ ਲਵੋ ਅਤੇ ਪਿਛਲੀ ਫ਼ਸਲ ਦੇ ਮੁੱਢਾਂ ਜਾਂ ਘਾਹ-ਫੂਸ ਨੂੰ ਖੇਤ ਵਿੱਚੋਂ ਕੱਢ ਦਿਉ।
ਬਿਜਾਈ ਦਾ ਸਮਾਂ: ਫ਼ਸਲ ਤੋਂ ਪੂਰਾ ਝਾੜ ਲੈਣ ਲਈ ਗੰਢੀਆਂ ਰਾਹੀਂ ਬਿਜਾਈ ਅਪਰੈਲ ਦੇ ਅਖੀਰ ਵਿੱਚ ਕਰਨੀ ਚਾਹੀਦੀ ਹੈ। ਉੱਤਰੀ ਜ਼ਿਲ੍ਹਿਆਂ ਅਤੇ ਨੀਮ ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਮਈ ਦੇ ਪਹਿਲੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ। ਜੇਕਰ ਬਿਜਾਈ ਲੇਟ ਹੋ ਜਾਵੇ ਤਾਂ ਪਨੀਰੀ ਰਾਹੀਂ ਲੁਆਈ ਅੱਧ ਜੂਨ ਤੱਕ ਵੀ ਕੀਤੀ ਜਾ ਸਕਦੀ ਹੈ। ਇਸ ਲਈ ਗੰਢੀਆਂ ਨੂੰ ਥੋੜ੍ਹੇ-ਥੋੜ੍ਹੇ ਫ਼ਰਕ ਨਾਲ ਬੀਜਣਾ ਚਾਹੀਦਾ ਹੈ ਅਤੇ 35-40 ਦਿਨਾਂ ਬਾਅਦ ਪੁੰਗਰੀਆਂ ਗੰਢੀਆਂ ਨੂੰ ਖੇਤ ਵਿੱਚ ਲਗਾਉ।
ਬਿਜਾਈ: ਬਿਜਾਈ ਲਈ ਰੋਗ-ਰਹਿਤ, ਤਾਜ਼ੀਆਂ ਅਤੇ ਇਕਸਾਰ ਆਕਾਰ ਦੀਆਂ 6-8 ਕੁਇੰਟਲ ਪ੍ਰਤੀ ਏਕੜ ਗੰਢੀਆਂ ਵਰਤੋ। ਨਰੋਈਆਂ ਅਤੇ ਰੋਗ ਰਹਿਤ ਗੰਢੀਆਂ ਨੂੰ ਕਤਾਰਾਂ ਵਿੱਚ ਬੀਜੋ। ਹੱਥ ਅਤੇ ਮਸ਼ੀਨ ਨਾਲ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਅਤੇ 67.5 ਸੈਂਟੀਮੀਟਰ ਕ੍ਰਮਵਾਰ ਰੱਖਣਾ ਚਾਹੀਦਾ ਹੈ। ਬੂਟੇ ਤੋਂ ਬੂਟੇ ਦੀ ਦੂਰੀ 15 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਪਹਿਲੀ ਸਿੰਚਾਈ ਤੋਂ ਬਾਅਦ ਖੇਤ ਨੂੰ 2.5 ਟਨ ਪਰਾਲੀ ਪ੍ਰਤੀ ਏਕੜ ਨਾਲ ਢੱਕ ਦਿਉ, ਇਸ ਨਾਲ ਗੰਢੀਆਂ ਦਾ ਪੁੰਗਾਰਾ ਜਲਦੀ ਅਤੇ ਜ਼ਿਆਦਾ ਹੁੰਦਾ ਹੈ। ਗੰਢੀਆਂ ਪੁੰਗਰਨ ਤੱਕ ਜ਼ਮੀਨ ਵਿੱਚ ਨਮੀ ਰਹਿਣੀ ਚਾਹੀਦੀ ਹੈ।
ਜੈਵਿਕ ਖਾਦ: ਹਲਦੀ ਦੀਆਂ ਗੰਢੀਆਂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਹਲਦੀ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ ।
ਖਾਦਾਂ: ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਖੇਤ ਦੀ ਤਿਆਰੀ ਸਮੇਂ ਹੀ ਪਾ ਦੇਣੀ ਚਾਹੀਦੀ ਹੈ। ਹਲਦੀ ਨੂੰ ਨਾਈਟਰੋਜਨ ਖਾਦ ਦੀ ਜ਼ਰੂਰਤ ਨਹੀਂ, ਪਰ ਬਿਜਾਈ ਦੇ ਸਮੇਂ 60 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ, ਬਿਜਾਈ ਤੋਂ ਪਹਿਲਾਂ ਪੋਰ ਦਿਉ।
ਨਦੀਨਾਂ ਦੀ ਰੋਕਥਾਮ: ਗੰਢੀਆਂ ਪੁੰਗਰਨ ਲਈ ਕਾਫ਼ੀ ਸਮਾਂ ਲੈਂਦੀਆਂ ਹਨ। ਇਸ ਲਈ ਪੁੰਗਰਨ ਤੱਕ ਜ਼ਮੀਨ ਨੂੰ ਨਮ ਰੱਖਣ ਲਈ ਕਾਫ਼ੀ ਸਿੰਚਾਈਆਂ ਵੀ ਦੇਣੀਆਂ ਪੈਂਦੀਆਂ ਹਨ ਅਤੇ ਫ਼ਸਲ ਵਿੱਚ ਨਦੀਨਾਂ ਦੀ ਕਾਫ਼ੀ ਸਮੱਸਿਆ ਆ ਜਾਂਦੀ ਹੈ। ਇਸ ਲਈ ਬਿਜਾਈ ਉੱਪਰ 36 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਪਾਉਣ ਨਾਲ ਨਦੀਨਾਂ ਦੀ ਸਮੱਸਿਆ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ। ਲੋੜ ਅਨੁਸਾਰ 1-2 ਗੋਡੀਆਂ ਕੀਤੀਆਂ ਜਾ ਸਕਦੀਆਂ ਹਨ।
ਪੁਟਾਈ: ਗੰਢੀਆਂ ਰਾਹੀਂ ਬੀਜੀ ਫ਼ਸਲ ਆਮ ਤੌਰ ’ਤੇ ਨਵੰਬਰ-ਦਸੰਬਰ ਵਿੱਚ ਤਿਆਰ ਹੋ ਜਾਂਦੀ ਹੈ। ਅਗੇਤੀ ਪੁਟਾਈ ਕਾਰਨ ਝਾੜ ਅਤੇ ਗੁਣਵੱਤਾ ਉੱਪਰ ਮਾੜਾ ਅਸਰ ਪੈਂਦਾ ਹੈ। ਜਦ ਫ਼ਸਲ ਦੇ ਪੱਤੇ ਪੀਲੇ ਪੈ ਕੇ ਸੁੱਕ ਜਾਣ ਤਾ ਪੁਟਾਈ ਕਰ ਲਵੋ। ਉੁਪਰੰਤ ਗੰਢੀਆਂ ਚੰਗੀ ਤਰ੍ਹਾਂ ਸਾਫ਼ ਕਰ ਲਵੋ।
ਬੀਜ ਤਿਆਰ ਕਰਨਾ: ਬੀਜ ਰੱਖਣ ਲਈ ਚੰਗੀ, ਸਿਹਤਮੰਦ ਅਤੇ ਤੰਦਰੁਸਤ ਫ਼ਸਲ ਦੀ ਚੋਣ ਕਰਨੀ ਚਾਹੀਦੀ ਹੈ। ਸਮੇਂ-ਸਮੇਂ ਸਿਰ ਫ਼ਸਲ ਦਾ ਨਿਰੀਖਣ ਕਰਕੇ ਓਪਰੇ (ਗੈਰ) ਬੂਟਿਆਂ ਨੂੰ ਗੰਢੀਆਂ ਸਮੇਤ ਕੱਢਦੇ ਰਹਿਣਾ ਚਾਹੀਦਾ ਹੈ। ਪੁਟਾਈ ਉਪਰੰਤ ਬੀਜ ਨੂੰ ਸਾਫ਼ ਅਤੇ ਛਾਂਟੀ ਕਰਕੇ ਠੰਢੀ ਅਤੇ ਖੁਸ਼ਕ ਜਗ੍ਹਾ (ਕੋਲਡ ਸਟੋਰ) ’ਤੇ ਭੰਡਾਰ ਕਰੋ। ਜੇਕਰ ਕੋਲਡ ਸਟੋਰ ਦੀ ਸਹੂਲਤ ਨਾ ਹੋਵੇ ਤਾਂ ਫ਼ਸਲ ਨੂੰ ਸਰਦੀ ਪੈਣ ਤੱਕ ਖੇਤ ਵਿੱਚ ਹੀ ਰਹਿਣ ਦਿਉ ਅਤੇ ਪੱਤੇ ਪੀਲੇ ਪੈ ਕੇ ਸੁੱਕ ਜਾਣ ਤੋਂ ਬਾਅਦ ਪੁੱਟਣ ਤੱਕ ਸਿੰਚਾਈ ਨਾ ਕਰੋ।
ਹਲਦੀ ਤਿਆਰ ਕਰਨ ਦਾ ਢੰਗ: ਗੰਢੀਆਂ ਦੇ ਰੰਗ ਦੀ ਇਕਸਾਰਤਾ ਅਤੇ ਰੇਸ਼ੇ ਨੂੰ ਨਰਮ ਕਰਨ ਲਈ ਗੰਢੀਆਂ ਨੂੰ ਸੁਕਾਉਣ ਤੋਂ ਪਹਿਲਾਂ ਉਬਾਲ ਲਉ। ਉਬਾਲਣ ਲਈ ਤੰਗ ਮੂੰਹ ਵਾਲੇ ਬਰਤਨ ਵਿੱਚ ਪਾ ਕੇ ਇੰਨਾ ਕੁ ਪਾਣੀ ਪਾਉ ਕਿ ਸਾਰੀਆਂ ਗੰਢੀਆਂ ਪਾਣੀ ਵਿੱਚ ਡੁੱਬ ਜਾਣ ਅਤੇ ਗੰਢੀਆਂ ਨੂੰ ਨਰਮ ਹੋ ਜਾਣ ਤੱਕ ਪਾਣੀ ਵਿੱਚ ਉਬਾਲੋ। ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪ ਵਿੱਚ ਸੁਕਾ ਕੇ ਉਪਰੰਤ ਕਿਸੇ ਸਖ਼ਤ ਜਗ੍ਹਾ ’ਤੇ ਰਗੜ ਕੇ ਲਿਸ਼ਕਾ ਲੈਣਾ ਚਾਹੀਦਾ ਹੈ। ਵਪਾਰਕ ਪੱਧਰ ’ਤੇ ਇਸ ਕੰਮ ਲਈ ਢੋਲ ਵਰਤੇ ਜਾ ਸਕਦੇ ਹਨ। ਸੁੱਕਣ ਉਪਰੰਤ ਗੰਢੀਆਂ ਨੂੰ ਪੀਸ ਕੇ ਪਾਊਡਰ ਬਣਾਇਆ ਜਾ ਸਕਦਾ ਹੈ।
*ਫਾਰਮ ਸਲਾਹਕਾਰ ਸੇਵਾ ਕੇਂਦਰ, ਹੁਸ਼ਿਆਰਪੁਰ (ਗੰਗੀਆਂ)
ਫ਼ਸਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
ਸੰਪਰਕ: 94172-87920

Advertisement

Advertisement