ਔਰਤ ਦੇ ਘਰ ’ਤੇ ਕਬਜ਼ਾ ਰੋਕਣ ਲਈ ਧਰਨੇ ’ਤੇ ਡਟੇ ਕਿਸਾਨ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 27 ਮਈ
ਇੱਥੋਂ ਦੀ ਦਾਣਾ ਮੰਡੀ ਨੇੜੇ ਪੌਸ਼ ਇਲਾਕੇ ’ਚ ਇੱਕ ਬਜ਼ੁਰਗ ਮਹਿਲਾ ਦੇ ਘਰ ’ਤੇ ਪ੍ਰਸ਼ਾਸਨ ਵੱਲੋਂ ਅਦਾਲਤੀ ਆਦੇਸ਼ਾਂ ਅਨੁਸਾਰ ਵਾਰੰਟ ਕਬਜ਼ੇ ਦੇ ਕੀਤੇ ਜਾ ਰਹੇ ਯਤਨਾਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਏਕਤਾ ਉਗਰਾਹਾਂ ਦਾ ਰੋਸ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨ ਜਥੇਬੰਦੀ ਨੇ ਬਜ਼ੁਰਗ ਮਹਿਲਾ ਦੇ ਪਰਿਵਾਰ ਨੂੰ ਘਰੋਂ ਬੇਘਰ ਕਰਨ ਦੀ ਪ੍ਰਸ਼ਾਸਨਿਕ ਕਾਰਵਾਈ ਖਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਘਰ ਅੱਗੇ ਧਰਨਾ ਦੇ ਰਹੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਭੁਰਥਲਾ, ਰਜਿੰਦਰ ਸਿੰਘ ਭੋਗੀਵਾਲ, ਚਰਨਜੀਤ ਸਿੰਘ ਹਥਨ , ਗੁਰਪ੍ਰੀਤ ਸਿੰਘ ਹਥਨ, ਜਗਤਾਰ ਸਿੰਘ ਸਰੌਦ, ਮਹਿੰਦਰ ਸਿੰਘ, ਜਗਰੂਪ ਸਿੰਘ, ਗੁਰਮੇਲ ਕੌਰ, ਗੁਰਮੀਤ ਕੌਰ ਅਤੇ ਲਾਭ ਕੌਰ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਬਜ਼ੁਰਗ ਮਾਤਾ ਦੇ ਪਰਿਵਾਰ ਨੂੰ ਕਿਸੇ ਵੀ ਕੀਮਤ ’ਤੇ ਬੇਘਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਪ੍ਰਸ਼ਾਸਨ ਵੱਲੋਂ ਕਬਜ਼ੇ ਸਬੰਧੀ ਕੀਤੀ ਕਾਰਵਾਈ ਬਾਰੇ ਅਦਾਲਤ ਸਾਹਮਣੇ ਪੱਖ ਰੱਖਿਆ ਜਾਣਾ ਸੀ ਪਰ ਕੋਈ ਵੀ ਅਧਿਕਾਰੀ ਕਿਸਾਨਾਂ ਦੇ ਧਰਨੇ ਕਾਰਨ ਕਬਜ਼ਾ ਲੈਣ ਨਹੀਂ ਪਹੁੰਚਿਆ।
ਐੱਸਐੱਸਪੀ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ
ਘਰ ’ਤੇ ਵਾਰੰਟ ਕਬਜ਼ੇ ਖ਼ਿਲਾਫ਼ ਬੀਕੇਯੂ ਉਗਰਾਹਾਂ ਦੇ ਧਰਨੇ ਕਾਰਨ ਬਣੀ ਸਥਿਤੀ ਦੇ ਸੁਖਾਵੇਂ ਹੱਲ ਲਈ ਅੱਜ ਸ਼ਾਮ ਕਿਸਾਨ ਆਗੂਆਂ ਦੀ ਐੱਸਐੱਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਨਾਲ ਮੀਟਿੰਗ ਕਰਵਾਈ ਗਈ। ਐੱਸਐੱਸਪੀ ਦਫਤਰ ’ਚ ਹੋਈ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਸਾਨ ਆਗੂਆਂ ਨੂੰ ਅਗਲੇ ਕੁੱਝ ਦਿਨਾਂ ਅੰਦਰ ਹੀ ਦੋਵੇਂ ਧਿਰਾਂ ਦਰਮਿਆਨ ਆਪਸੀ ਰਾਜ਼ੀਨਾਮਾ ਕਰਵਾ ਕੇ ਮਸਲੇ ਦਾ ਹੱਲ ਕਰ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੀਟਿੰਗ ਵਿਚ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਸਰਬਜੀਤ ਸਿੰਘ ਭੁਰਥਲਾ ਅਤੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਦੇ ਨਾਲ ਪੀੜਤ ਪਰਿਵਾਰ ਦੀਆਂ ਦੋ ਮਹਿਲਾ ਮੈਂਬਰ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਇਸ ਕੇਸ ਦੀ ਅਗਲੀ ਪੇਸ਼ੀ ਪਹਿਲੀ ਜੁਲਾਈ ਨੂੰ ਹੋਣੀ ਹੈ ਅਤੇ ਜਥੇਬੰਦੀ ਵੱਲੋਂ ਉਦੋਂ ਤੱਕ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਹੈ।Advertisement