ਔਰਤ ਦੀ ਭੇਤ-ਭਰੀ ਹਾਲਤ ’ਚ ਮੌਤ
ਮਿਹਰ ਸਿੰਘ
ਕੁਰਾਲੀ, 8 ਮਈ
ਇੱਥੇ ਵਾਰਡ ਨੰਬਰ-14 ਦੀ ਇੱਕ ਔਰਤ ਦੀ ਇਲਾਜ ਦੌਰਾਨ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਨੇ ਡਾਕਟਰ ‘ਤੇ ਅਣਗਹਿਲੀ ਵਰਤਣ ਦਾ ਦੋਸ਼ ਲਗਾਇਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਸੋਨੀਆ ਵਰਮਾ ਵਜੋਂ ਹੋਈ ਹੈ। ਸੰਜੀਵ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਪਤਨੀ ਸੋਨੀਆ ਦੇ ਹੱਥਾਂ ਪੈਰਾਂ ਵਿੱਚ ਦਰਦ ਸੀ। ਉਹ ਇਲਾਜ ਲਈ ਉਸ ਨੂੰ ਸ਼ਹਿਰ ਦੇ ਇੱਕ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਮਨ੍ਹਾਂ ਕਰਨ ਦੇ ਬਾਵਜੂਦ ਉਸ ਨੂੰ ਗੁਲੂਕੋਜ਼ ਚੜ੍ਹਾਉਣ ਮਗਰੋਂ ਟੀਕਾ ਲਗਾ ਦਿੱਤਾ। ਕੁਝ ਸਮੇਂ ਵਿੱਚ ਸੋਨੀਆ ਦਾ ਖੰਘ ਛਿੜਨ ਮਗਰੋਂ ਸਾਹ ਰੁਕਣ ਲੱਗ ਗਿਆ। ਸੋਨੀਆ ਦੀ ਵਿਗੜੀ ਹਾਲਤ ਦੇਖ ਕੇ ਡਾਕਟਰ ਨੇ ਉਸ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਲਈ ਕਿਹਾ। ਜਦੋਂ ਉਹ ਸੋਨੀਆ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ ਤਾਂ ਉਸ ਦੀ ਮੌਤ ਹੋ ਗਈ। ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਸਥਾਨਕ ਥਾਣਾ ਸਿਟੀ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਿਲਹਾਲ ਧਾਰਾ 174 ਤਹਿਤ ਕਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪੋਸਟਮਾਰਟਮ ਸਿਹਤ ਵਿਭਾਗ ਵੱਲੋਂ ਗਠਿਤ ਡਾਕਟਰਾਂ ਦੀ ਵਿਸ਼ੇਸ਼ ਟੀਮ ਵਲੋਂ ਮੁਹਾਲੀ ਦੇ ਫੇਜ਼ 6 ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ ਅਤੇ ਅਗਲੀ ਕਰਵਾਈ ਕੀਤੀ ਜਾਵੇਗੀ।