ਜੋਗਿੰਦਰ ਸਿੰਘ ਮਾਨਮਾਨਸਾ, 22 ਦਸੰਬਰਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਅਣਮਿਥੇ ਸਮੇਂ ਲਈ ਲੱਗਿਆ ਧਰਨਾ ਅੱਜ ਉਸ ਵੇਲੇ ਇੱਕ ਸਮਝੌਤੇ ਤੋਂ ਬਾਅਦ ਸਮਾਪਿਤ ਹੋ ਗਿਆ, ਜਦੋਂ ਡਿਊਟੀ ਮੈਜਿਸਟਰੇਟ ਨੇ ਧਰਨੇ ਵਿੱਚ ਆ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਐਕਸ਼ਨ ਕਮੇਟੀ ਅਤੇ ਪ੍ਰਸ਼ਾਸਨ ਦਰਮਿਆਨ ਸਮਝੌਤੇ ਤੋਂ ਬਾਅਦ ਮ੍ਰਿਤਕ ਨੌਜਵਾਨ ਗੁਰਮੀਤ ਸਿੰਘ ਦਾ ਅੱਜ ਸਸਕਾਰ ਕਰ ਦਿੱਤਾ ਗਿਆ।ਇਸ ਸਮਝੌਤੇ ਵਿੱਚ ਡੀਐੱਸਪੀ ਬੂਟਾ ਸਿੰਘ ਅਤੇ ਪ੍ਰਿਤਪਾਲ ਸਿੰਘ ਵੱਲੋਂ ਰਮਦਿੱਤੇਵਾਲਾ ਚੌਕ ਵਿੱਚ ਦੇਰ ਰਾਤ ਕੀਤੇ ਗਏ ਲਾਠੀਚਾਰਜ ਨੂੰ ਲੈ ਕੇ ਅਫ਼ਸੋਸ ਜ਼ਾਹਿਰ ਕੀਤਾ ਗਿਆ। ਇਸ ਤੋਂ ਇਲਾਵਾ ਜਵਾਹਰਕੇ ਪਿੰਡ ਵਿੱਚ ਜਿੰਨੇ ਵੀ ਨਸ਼ਾ ਤਸ਼ਕਰ ਹਨ, ਉਨ੍ਹਾਂ ਇਸ ਦੀ ਐੱਫਆਈਆਰ ਨੰ:156, ਮਿਤੀ: 19.12.2024 ਵਿੱਚ ਬੀ.ਐਨਐਸ ਦੀ ਧਾਰਾ 105 ਤਹਿਤ ਨਾਮਜ਼ਦ ਕਰ ਦਿੱਤਾ ਗਿਆ ਹੈ।ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ ਨੇ ਆਖਿਆ ਕਿ ਨਸ਼ਿਆਂ ਸਬੰਧੀ ਸੰਘਰਸ਼ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਤੋਂ ਬਿਨਾਂ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਮਿੰਦਰ ਸਿੰਘ ਝੋਟਾ ਅਤੇ ਨੌਜਵਾਨ ਇਨਕਲਾਬੀ ਸਭਾ ਪੰਜਾਬ ਦੇ ਆਗੂ ਗਗਨਦੀਪ ਸਿਰਸੀਵਾਲਾ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਰੋਜ਼ ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨਸ਼ਾ ਮਾੜੇ ਸਿਆਸਤਦਾਨਾਂ, ਪੁਲੀਸ ਅਫਸਰਾਂ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਨਾਲ ਵਿਕ ਰਿਹਾ ਹੈ।