ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਲੰਪਿਕ ਤੇ ਵਿਸ਼ਵ ਚੈਂਪੀਅਨ ਜੋਅ ਫ੍ਰੇਜ਼ੀਅਰ

04:46 AM Dec 28, 2024 IST
ਜੋਅ ਫ੍ਰੇਜ਼ੀਅਰ

ਪ੍ਰਿੰ. ਸਰਵਣ ਸਿੰਘ
Advertisement

ਜੋਅ ਫ੍ਰੇਜ਼ੀਅਰ ਮੁਹੰਮਦ ਅਲੀ ਦੇ ਜੋੜ ਦਾ ਮੁੱਕੇਬਾਜ਼ ਸੀ। 1960 ਵਿੱਚ ਅਲੀ ਅਤੇ 1964 ਦੀਆਂ ਓਲੰਪਿਕ ਖੇਡਾਂ ਵਿੱਚ ਜੋਅ ਓਲੰਪਿਕ ਚੈਂਪੀਅਨ ਬਣੇ ਸਨ। 1965 ਤੋਂ ਜੋਅ ਵੀ ਅਲੀ ਵਾਂਗ ਪੇਸ਼ੇਵਰ ਮੁੱਕੇਬਾਜ਼ ਬਣ ਗਿਆ ਸੀ ਤੇ 1970 ਵਿੱਚ ਮੁੱਕੇਬਾਜ਼ੀ ਦਾ ਹੈਵੀ ਵੇਟ ਵਿਸ਼ਵ ਚੈਂਪੀਅਨ ਬਣਿਆ। ਉਹ ਕੈਸੀਅਸ ਕਲੇਅ ਉਰਫ਼ ਮੁਹੰਮਦ ਅਲੀ ਤੋਂ 2 ਸਾਲ ਛੋਟਾ ਸੀ, ਪਰ ਉਸ ਤੋਂ 5 ਸਾਲ ਪਹਿਲਾਂ ਗੁਜ਼ਰ ਗਿਆ। ਉਸ ਦੀ ਖੱਬੇ ਹੱਥ ਨਾਲ ਮਾਰੀ ‘ਹੂਕ’ ਡਾਢੀ ਖ਼ਤਰਨਾਕ ਹੁੰਦੀ ਸੀ ਜੋ ਕਹਿੰਦੇ ਕਹਾਉਂਦੇ ਮੁੱਕੇਬਾਜ਼ਾਂ ਨੂੰ ਪਛਾੜ ਦਿੰਦੀ ਸੀ। ਉਹ 12 ਜਨਵਰੀ 1944 ਤੋਂ 7 ਨਵੰਬਰ 2011 ਤੱਕ ਕੇਵਲ 67 ਸਾਲ ਹੀ ਜੀ ਸਕਿਆ।
ਰੋਮ ਵਿਖੇ ਓਲੰਪਿਕ ਚੈਂਪੀਅਨ ਬਣਨ ਪਿੱਛੋਂ ਕੈਸੀਅਸ ਕਲੇਅ ਨੇ ਧਰਮ ਬਦਲ ਕੇ ਆਪਣਾ ਨਵਾਂ ਨਾਂ ਮੁਹੰਮਦ ਅਲੀ ਰੱਖ ਲਿਆ ਸੀ, ਪਰ ਜੋਅ ਫ੍ਰੇਜ਼ੀਅਰ ਉਸ ਨੂੰ ਸਦਾ ਕੈਸੀਅਸ ਹੀ ਕਹਿੰਦਾ ਰਿਹਾ। ਉਹ ਦੋਸਤ ਵੀ ਰਹੇ ਤੇ ਇੱਕ ਦੂਜੇ ਨਾਲ ਖਾਰ ਵੀ ਖਾਂਦੇ ਰਹੇ। ਉਨ੍ਹਾਂ ਦਾ ਰਿਸ਼ਤਾ ਸ਼ਰੀਕਾਂ ਵਾਲਾ ਸੀ। ਅਪਣੱਤ ਵੀ ਪੁੱਜ ਕੇ ਵਿਖਾਉਣੀ ਤੇ ਈਰਖਾ ਵੀ ਰੱਜ ਕੇ ਪਾਲਣੀ। ਉੱਤੇ ਵੀ ਚੁੱਕਣਾ ਤੇ ਥੱਲੇ ਵੀ ਸੁੱਟਣਾ। ਉਨ੍ਹਾਂ ਵਿਚਕਾਰ ਹੈਵੀ ਵੇਟ ਵਿਸ਼ਵ ਚੈਂਪੀਅਨ ਟਾਈਟਲ ਜਿੱਤਣ ਲਈ ਤਿੰਨ ਵੱਡੇ ਭੇੜ ਹੋਏ। ਪਹਿਲਾ ਭੇੜ ਜੋਅ ਫ੍ਰੇਜ਼ੀਅਰ ਨੇ ਜਿੱਤਿਆ ਜਦੋਂ ਕਿ ਦੂਜਾ ਤੇ ਤੀਜਾ ਭੇੜ ਮੁਹੰਮਦ ਅਲੀ ਨੇ ਜਿੱਤੇ।
ਦੋਵੇਂ ਸ਼ੌਕੀਆ ਓਲੰਪਿਕ ਚੈਂਪੀਅਨ ਬਣਨ ਪਿੱਛੋਂ ਪ੍ਰੋਫੈਸ਼ਨਲ ਹੈਵੀਵੇਟ ਵਰਲਡ ਚੈਂਪੀਅਨ ਬਣੇ ਸਨ। ਦੋਵੇਂ ਸਾਂਵਲੀ ਨਸਲ ਦੇ ਸਨ। ਦੋਹਾਂ ਦਾ ਬਚਪਨ ਤੰਗੀ ਤੁਰਸ਼ੀ ਵਿੱਚ ਬੀਤਿਆ, ਪਰ ਉਨ੍ਹਾਂ ਨੇ ਆਪਣੇ ਦ੍ਰਿੜ ਇਰਾਦੇ ਨਾਲ ਵੱਡੀਆਂ ਮੱਲਾਂ ਮਾਰੀਆਂ। ਉਨ੍ਹਾਂ ਦੇ ਨਾਂ ਬੌਕਸਿੰਗ ਦੇ ‘ਹਾਲਜ਼ ਆਫ ਆਨਰਜ਼’ ਵਿੱਚ ਉੱਕਰੇ ਗਏ। ਫ੍ਰੇਜ਼ੀਅਰ ਦਾ ਪੂਰਾ ਨਾਂ ਜੋਸਫ ਵਿਲੀਅਮ ਫ੍ਰੇਜ਼ੀਅਰ ਸੀ, ਪਰ ਨਿੱਕਾ ਨਾਂ ‘ਸਮੋਕਿਨ ਜੋਅ’ ਸੀ। ਉਸ ਨੇ 1964 ਤੋਂ 1981 ਤੱਕ ਮੁੱਕੇਬਾਜ਼ੀ ਦੇ ਰਿੰਗਾਂ ਨੂੰ ਰੰਗ ਭਾਗ ਲਾਏ। ਉਹਦੀ ਖੱਬੇ ਹੱਥ ਦੀ ‘ਹੂਕ’ ਉਹਦਾ ਸਭ ਤੋਂ ਤਕੜਾ ਦਾਅ ਸੀ।

ਇੱਕ ਮੁਕਾਬਲੇ ਦੌਰਾਨ ਭਿੜਦੇ ਹੋਏ ਜੋਅ ਫ੍ਰੇਜ਼ੀਅਰ ਅਤੇ ਮੁਹੰਮਦ ਅਲੀ

ਜੋਅ ਫ੍ਰੇਜ਼ੀਅਰ ਦਾ ਜਨਮ 12 ਜਨਵਰੀ 1944 ਨੂੰ ਮਾਂ ਡੌਲੀ ਤੇ ਪਿਤਾ ਰੂਬਿਨ ਫ੍ਰੇਜ਼ੀਅਰ ਦੇ ਘਰ ਬੀਫੋਰਟ, ਦੱਖਣੀ ਕੈਰੋਲੀਨਾ, ਅਮਰੀਕਾ ਵਿੱਚ ਹੋਇਆ। ਉਹ ਮਾਪਿਆਂ ਦਾ ਬਾਰ੍ਹਵਾਂ ਬੱਚਾ ਸੀ। ਬਾਪ ਨੇ ਪਰਿਵਾਰ ਦੇ ਗੁਜ਼ਾਰੇ ਲਈ ਦਸ ਏਕੜ ਜ਼ਮੀਨ ਦੱਖਣੀ ਕੈਰੋਲੀਨਾ ਦੀ ਲੌਰਲ ਪੱਟੀ ਵਿੱਚ ਲਈ ਹੋਈ ਸੀ। ਉਹ ਨਿਰੋਲ ਪੇਂਡੂ ਇਲਾਕਾ ਸੀ। ਜਿਸ ਦਿਨ ਜੋਅ ਦਾ ਜਨਮ ਹੋਇਆ ਉਹਦੇ ਬਾਪ ਦਾ ਐਕਸੀਡੈਂਟ ਹੋ ਗਿਆ। ਹੋਰਨਾਂ ਸੱਟਾਂ ਦੇ ਨਾਲ ਉਹਦਾ ਖੱਬਾ ਹੱਥ ਬੁਰੀ ਤਰ੍ਹਾਂ ਕੁਚਲਿਆ ਗਿਆ। ਡਾਕਟਰ ਨੂੰ ਵਿਖਾਇਆ ਤਾਂ ਉਸ ਨੇ ਗੁੱਟ ਕੋਲੋਂ ਬਾਂਹ ਕਟਾਉਣ ਦੀ ਸਿਫਾਰਸ਼ ਕਰ ਦਿੱਤੀ। ਪੁੱਤਰ ਦੇ ਜਨਮ ਦੀ ਖ਼ੁਸ਼ੀ ਬਾਪ ਦੇ ਗ਼ਮ ਵਿੱਚ ਬਦਲ ਗਈ ਸੀ।
ਖੇਤ ਕਾਮੇ ਦੀ ਬਾਂਹ ਕੱਟੀ ਜਾਣੀ ਸਰੀਰਕ ਸੱਟ ਨਾਲ ਰਿਜ਼ਕ ਦੀ ਵੀ ਸੱਟ ਸੀ। ਫ੍ਰੇਜ਼ੀਅਰ ਤੇ ਡੌਲੀ ਲੱਕ ਬੰਨ੍ਹ ਕੇ ਖੇਤਾਂ ਵਿੱਚ ਕੰਮ ਕਰਦੇ ਰਹੇ। ਜ਼ਮੀਨ ਮਾੜੀ ਸੀ ਜਿਸ ਵਿੱਚੋਂ ਰੱਜਵੀਂ ਉਪਜ ਵੀ ਨਹੀਂ ਸੀ ਹੁੰਦੀ। ਫ੍ਰੇਜ਼ੀਅਰ ਅਜੇ ਰਿੜ੍ਹਨ ਹੀ ਲੱਗਾ ਸੀ ਕਿ ਉਹਦਾ ਬਾਪ ਉਸ ਨੂੰ ਕੰਧਾੜੀਂ ਚੁੱਕ ਕੇ ਫਾਰਮ ਦਾ ਗੇੜਾ ਲਾਉਂਦਾ। ਉੱਥੇ ਉਹ ਪਸ਼ੂ ਪਾਲਦੇ, ਫ਼ਸਲ ਉਗਾਉਂਦੇ ਤੇ ਮੱਕੀ ਦੀ ਸ਼ਰਾਬ ਕੱਢ ਕੇ ਲਾਗਲੇ ਕਸਬੇ ਵਿੱਚ ਵੇਚ ਆਉਂਦੇ। ਟੱਬਰ ਵੱਡਾ ਸੀ ਜਿਸ ਦਾ ਗੁਜ਼ਾਰਾ ਫਾਰਮ ਦੀ ਮਾੜੀ ਮੋਟੀ ਉਪਜ ਤੇ ਦੇਸੀ ਸ਼ਰਾਬ ਦੀ ਵਿਕਰੀ ਨਾਲ ਹੀ ਚੱਲਦਾ ਸੀ। ਜੋਅ ਫ੍ਰੇਜ਼ੀਅਰ ਨੂੰ ਉੱਥੇ ਪਿਆਰ ਨਾਲ ‘ਬਿੱਲੀ ਬੁਆਏ’ ਕਿਹਾ ਜਾਣ ਲੱਗ ਪਿਆ ਸੀ।
ਰੂਬਿਨ ਟੁੰਡਾ ਹੋਣ ਦੇ ਬਾਵਜੂਦ ਮੁੱਕੇਬਾਜ਼ੀ ਕਰਨ ਵਿੱਚ ਦਿਲਚਸਪੀ ਲੈਂਦਾ ਰਿਹਾ। ਉਸ ਨੇ ਜੋਅ ਫ੍ਰੇਜ਼ੀਅਰ ਨੂੰ ਮੁੱਕੇਬਾਜ਼ ਬਣਾਉਣਾ ਚਾਹਿਆ। 1950ਵਿਆਂ ਦੇ ਸ਼ੁਰੂ ਵਿੱਚ ਉਸ ਨੇ ਬਲੈਕ ਐਂਡ ਵਾੲ੍ਹੀਟ ਟੀਵੀ ਖ਼ਰੀਦ ਲਿਆ ਤਾਂ ਜੋ ਉਹਦਾ ਪਰਿਵਾਰ ਤੇ ਗੁਆਂਢੀ ਬੌਕਸਿੰਗ ਦੇ ਮੁਕਾਬਲੇ ਵੇਖ ਸਕਣ। ਇੱਕ ਰਾਤ ਜੋਅ ਦੇ ਚਾਚੇ ਇਸਰਾਈਲ ਨੇ ਉਹਦਾ ਜੁੱਸਾ ਜਾਚ ਕੇ ਕਿਹਾ ਕਿ ਇਹ ਚੋਬਰ ਟੀਵੀ ’ਤੇ ਭਿੜਦੇ ਬੌਕਸਰਾਂ ਵਰਗਾ ਬੌਕਸਰ ਬਣ ਸਕਦੈ। ਇਹ ਵੀ ਦੂਜਾ ਜੋਅ ਲੂਈਸ ਹੋ ਸਕਦੈ। ਚਾਚੇ ਦੀ ਹੱਲਾਸ਼ੇਰੀ ਨਾਲ ਜੋਅ ਫ੍ਰੇਜ਼ੀਅਰ ਨੇ ਪੁਰਾਣੀ ਬੋਰੀ ਵਿੱਚ ਮਿੱਟੀ ਭਰੀ ਤੇ ਘਰ ਦੇ ਪਿਛਵਾੜੇ ਰੁੱਖ ਦੇ ਡਾਹਣ ਨਾਲ ਰੱਸਾ ਪਾ ਕੇ ਬੋਰੀ ਲਮਕਾ ਲਈ। ਫਿਰ ਉਹ ਨਾ ’ਨ੍ਹੇਰਾ ਵੇਖਦਾ ਨਾ ਸਵੇਰਾ, ਘਸੁੰਨ ਮੁੱਕਿਆਂ ਨਾਲ ਬੋਰੀ ਪਾੜਨ ਵਾਲੀ ਕਰ ਦਿੰਦਾ। ਜਿਵੇਂ-ਜਿਵੇਂ ਉਹ ਟੀਵੀ ਦੇ ਪਰਦੇ ’ਤੇ ਨਾਮੀ ਮੁੱਕੇਬਾਜ਼ਾਂ ਨੂੰ ਮੁੱਕੇ ਚਲਾਉਂਦੇ ਵੇਖਦਾ ਉਵੇਂ ਉਨ੍ਹਾਂ ਦੀ ਰੀਸ ਕਰਦਾ ਰਹਿੰਦਾ। ਛੇ-ਸੱਤ ਸਾਲ ਉਹ ਰੋਜ਼ ਇੱਕ ਘੰਟਾ ਪ੍ਰੈਕਟਿਸ ਕਰਦਾ ਰਿਹਾ। ਆਪਣੇ ਹੱਥਾਂ ’ਤੇ ਉਹ ਹੰਢੀਆਂ ਹੋਈਆਂ ਜ਼ੁਰਾਬਾਂ ਚਾੜ੍ਹ ਲੈਂਦਾ ਤੇ ਉਨ੍ਹਾਂ ਨੂੰ ਪੁਰਾਣੀਆਂ ਟਾਈਆਂ ਨਾਲ ਕਸ ਲੈਂਦਾ।
ਜਿਵੇਂ ਜੋਅ ਦਾ ਬਾਪ ਟੁੰਡਾ ਹੋਇਆ ਸੀ ਉਵੇਂ ਜੋਅ ਵੀ ਇੱਕ ਦਿਨ ਟੁੰਡਾ ਹੁੰਦਾ ਮਸਾਂ ਬਚਿਆ। ਉਹ ਮਸਤੇ ਭੇਡੂ ਦੀ ਸਵਾਰੀ ਕਰ ਬੈਠਾ। ਡੇਢ ਕੁਇੰਟਲ ਦੇ ਭੇਡੂ ਨੂੰ ਡੰਡੇ ਦੀ ਹੁੱਝ ਮਾਰੀ ਤਾਂ ਉਹ ਛਾਲਾਂ ਮਾਰਦਾ ਵਾੜੇ ਵੱਲ ਨੱਠਿਆ। ਜੋਅ ਨੂੰ ਸੰਭਲਣਾ ਔਖਾ ਹੋ ਗਿਆ। ਉਹ ਪੱਕੀਆਂ ਇੱਟਾਂ-ਵੱਟਿਆਂ ’ਤੇ ਡਿੱਗ ਪਿਆ ਜਿਨ੍ਹਾਂ ਨਾਲ ਖੱਬੀ ਬਾਂਹ ਟੁੱਟ ਗਈ। ਘਰਦਿਆਂ ਕੋਲ ਚੰਗੇ ਡਾਕਟਰ ਤੋਂ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਸਨ। ਉਨ੍ਹਾਂ ਨੂੰ ਦੇਸੀ ਸਿਆਣੇ ਤੋਂ ਹੀ ਬਾਂਹ ਬੰਨ੍ਹਾਉਣੀ ਪਈ, ਪਰ ਉਹ ਬਾਂਹ ਮੁੱਕੇਬਾਜ਼ੀ ’ਚ ਰੁਕਾਵਟ ਬਣਨ ਦੀ ਥਾਂ ‘ਖੱਬੀ ਹੂਕ’ ਜੜਨ ਦੇ ਬੜੀ ਕੰਮ ਆਈ।
ਜੋਅ ਜਿੰਨਾ ਚਿਰ ਬੀਫੋਰਟ ਫਾਰਮ ’ਤੇ ਰਿਹਾ, ਤੰਗੀ ਤੁਰਸ਼ੀ ਵਿੱਚ ਹੀ ਰਿਹਾ। ਜਦ ਪੰਦਰਾਂ ਸਾਲਾਂ ਦਾ ਹੋਇਆ ਤਾਂ ਗੋਰਿਆਂ ਦੇ ਫਾਰਮ ’ਤੇ ਕੰਮ ਕਰਨ ਲੱਗਾ ਜਿਸ ਦੇ ਮਾਲਕ ਦੋ ਭਰਾ ਮੈਕ ਤੇ ਜਿਮ ਸਨ। ਮੈਕ ਸਾਊ ਸੀ, ਪਰ ਜਿਮ ਬੜਾ ਅੜਬ ਸੀ। ਇੱਕ ਦਿਨ ਬਾਰਾਂ ਕੁ ਸਾਲਾਂ ਦੇ ਕਾਲੇ ਮਜ਼ਦੂਰ ਤੋਂ ਉਨ੍ਹਾਂ ਦੇ ਟਰੈਕਟਰ ਦਾ ਹਾਦਸੇ ’ਚ ਕੁੱਝ ਨੁਕਸਾਨ ਹੋ ਗਿਆ। ਜਿਮ ਨੇ ਆਪਣੀ ਬੈਲਟ ਲਾਹੀ ਤੇ ਬਾਰਾਂ ਸਾਲਾਂ ਦੇ ਬਾਲ ਮਜ਼ਦੂਰ ਨੂੰ ਛਾਂਗ ਸੁੱਟਿਆ। ਜੋਅ ਨੇ ਜੋ ਦ੍ਰਿਸ਼ ਅੱਖੀਂ ਵੇਖਿਆ ਉਹ ਨਾਲ ਦੇ ਮਜ਼ਦੂਰਾਂ ਨੂੰ ਜਾ ਦੱਸਿਆ। ਜਿਮ ਨੂੰ ਪਤਾ ਲੱਗਾ ਤਾਂ ਉਸ ਨੇ ਜੋਅ ਫ੍ਰੇਜ਼ੀਅਰ ਨੂੰ ਘੂਰਿਆ ਕਿ ਤੂੰ ਹੋਰਨਾਂ ਨੂੰ ਕਿਉਂ ਦੱਸਿਆ?
ਗੱਲ ਵਧਦੀ ਵਧਦੀ ਇੱਥੋਂ ਤੱਕ ਵਧ ਗਈ ਕਿ ਜੋਅ ਨੇ ਬੀਫੋਰਟ ਛੱਡਣ ਦਾ ਫ਼ੈਸਲਾ ਕਰ ਲਿਆ, ਪਰ ਹੋਰ ਕਿਤੇ ਕੰਮ ਲੱਭਣ ਲਈ ਉੱਥੋਂ ਕੋਈ ਸ਼ਹਿਰ ਨੇੜੇ ਨਹੀਂ ਸੀ। ਉਹਦੇ ਕੋਲ ਬੱਸ ਦਾ ਕਿਰਾਇਆ ਵੀ ਨਹੀਂ ਸੀ। ਸਭ ਤੋਂ ਨੇੜਲਾ ਬੱਸ ਅੱਡਾ ਚਾਰਲਸਟਨ ਸੀ ਜੋ 75 ਮੀਲ ਦੂਰ ਸੀ। ਉਸ ਦਾ ਇੱਕ ਭਰਾ ਟੌਮੀ ਨਿਊ ਯੌਰਕ ਕੰਮ ਕਰਦਾ ਸੀ। ਜੋਅ ਨੇ ਹੋਰ ਮਜ਼ਦੂਰੀ ਕਰ ਕੇ ਕੁੱਝ ਪੈਸੇ ਜੋੜੇ ਤੇ 1958 ਵਿੱਚ ਗਰੇਹਾਊਂਡ ਬੱਸ ’ਤੇ ਚੜ੍ਹ ਕੇ ਨਿਊ ਯੌਰਕ ਚਲਾ ਗਿਆ। ਉੱਥੇ ਉਸ ਨੇ ਕੋਕਾ ਕੋਲਾ ਪਲਾਂਟ ਵਿੱਚ ਕੰਮ ਕੀਤਾ। ਟਰੱਕ ਦਾ ਡਰਾਈਵਰ ਗੋਰਾ ਸੀ ਜਿਸ ਵਿੱਚ ਕਰੇਟ ਲਾਹੁਣ ਚੜ੍ਹਾਉਣ ਦਾ ਕੰਮ ਜੋਅ ਹੀ ਕਰਦਾ ਸੀ। ਉੱਥੇ ਕੁੱਝ ਸਮਾਂ ਕੰਮ ਕਰਨ ਪਿੱਛੋਂ ਉਹ 1959 ਵਿੱਚ ਫਿਲਾਡੈਲਫੀਆ ਚਲਾ ਗਿਆ ਜਿੱਥੇ ਉਹਨੂੰ ਮੁੱਕੇਬਾਜ਼ੀ ਦਾ ਕੋਚ ਦੁਰਹਮ ਮਿਲ ਗਿਆ ਜਿਸ ਨਾਲ ਉਹਦਾ ਮੁੱਕੇਬਾਜ਼ੀ ਦਾ ਕਰੀਅਰ ਸ਼ੁਰੂ ਹੋ ਗਿਆ।
1962-64 ਦੌਰਾਨ ਉਸ ਨੇ ਸ਼ੌਕੀਆ ਮੁੱਕੇਬਾਜ਼ੀ ਦੇ ਲਗਾਤਾਰ ਤਿੰਨ ਵਾਰ ਗੋਲਡਨ ਗਲੱਵਜ਼ ਜਿੱਤੇ। 1964 ਦੀਆਂ ਓਲੰਪਿਕ ਖੇਡਾਂ ਲਈ ਉਸ ਨੂੰ ਵਾਫਰ ਮੁੱਕੇਬਾਜ਼ ਵਜੋਂ ਟੀਮ ਨਾਲ ਲਿਜਾਇਆ ਗਿਆ ਤਾਂ ਜੋ ਮੌਕੇ ’ਤੇ ਨਫਿੱਟ ਹੋਏ ਮੁੱਕੇਬਾਜ਼ ਦੀ ਥਾਂ ਪਾਇਆ ਜਾ ਸਕੇ। ਉਹੀ ਗੱਲ ਹੋਈ। ਉਹਦੇ ਵੇਟ ਦਾ ਬੌਕਸਰ ਬਸਟਰ ਮੈਥੀਸ ਜ਼ਖਮੀ ਹੋਣ ਕਾਰਨ ਉਹਦੀ ਥਾਂ ਜੋਅ ਨੂੰ ਪਾਇਆ ਗਿਆ। ਸੈਮੀ ਫਾਈਨਲ ਭੇੜ ਵਿੱਚ ਉਹਦਾ ਮੁਕਾਬਲਾ ਸੋਵੀਅਤ ਰੂਸ ਦੇ ਤਜਰਬੇਕਾਰ ਮੁੱਕੇਬਾਜ਼ ਨਾਲ ਹੋਇਆ। ‘ਖੱਬੀ ਹੂਕ’ ਮਾਰਦਿਆਂ ਜੋਅ ਦਾ ਅੰਗੂਠਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਪਰ ਉਹ ਸਿਰੜ ਨਾਲ ਫਾਈਟ ਜਿੱਤ ਕੇ ਫਾਈਨਲ ਵਿੱਚ ਅੱਪੜ ਗਿਆ। ਜੋਅ ਨੇ ਬਚਪਨ ਤੇ ਚੜ੍ਹਦੀ ਜੁਆਨੀ ਵਿੱਚ ਬਥੇਰੀਆਂ ਸੱਟਾਂ ਸਹੀਆਂ ਸਨ। ਉਸ ਨੇ ਅੰਗੂਠਾ ਟੁੱਟਣ ਦਾ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ। ਫਾਈਨਲ ਮੁਕਾਬਲੇ ਤੋਂ ਪਹਿਲਾਂ ਉਸ ਨੇ ਗਰਮ ਲੂਣੇ ਪਾਣੀ ਵਿੱਚ ਅੰਗੂਠਾ ਡੋਬੀ ਰੱਖ ਕੇ ਦਰਦ ਹਟਾਇਆ ਤੇ ਹੌਸਲੇ ਨਾਲ ਭੇੜ ਲੜਿਆ। ਆਖ਼ਰ ਜਿੱਤ ਉਹਦੇ ਸਿਰੜ ਦੀ ਹੋਈ।

Advertisement

1965 ਵਿੱਚ ਉਹ ਪੇਸ਼ੇਵਰ ਮੁੱਕੇਬਾਜ਼ ਬਣ ਗਿਆ। ਉਸ ਨੇ ਵੂਡੀ ਗੌਸ ਤੇ ਤਿੰਨ ਹੋਰ ਤਕੜੇ ਮੁੱਕੇਬਾਜ਼ਾਂ ਨੂੰ ਹਰਾ ਕੇ ਕਹਿੰਦੇ ਕਹਾਉਂਦੇ ਮੁੱਕੇਬਾਜ਼ਾਂ ਦੀ ਨੀਂਦ ਹਰਾਮ ਕਰ ਦਿੱਤੀ। 1966 ਵਿੱਚ ਉਹ ਲਾਸ ਏਂਜਲਸ ਦੇ ਟਰੇਨਰ ਈਡੀ ਫੱਚ ਦਾ ਪੱਠਾ ਬਣ ਗਿਆ ਤੇ ਵੱਡੀਆਂ ਜਿੱਤਾਂ ਜਿੱਤਣ ਲੱਗ ਪਿਆ। ਫਰਵਰੀ 1967 ਤੱਕ ਉਸ ਨੇ 14 ਵੱਡੇ ਮੁਕਾਬਲੇ ਜਿੱਤੇ। ‘ਰਿੰਗ ਮੈਗਜ਼ੀਨ’ ਨੇ ਉਸ ਨੂੰ ਮੁਹੰਮਦ ਅਲੀ ਦੇ ਮੁਕਾਬਲੇ ਦਾ ਮੁੱਕੇਬਾਜ਼ ਐਲਾਨ ਦਿੱਤਾ। ਉੱਧਰ ਮੁਹੰਮਦ ਅਲੀ ਜੋ ਪੂਰੀ ਚੜ੍ਹਤ ਵਿੱਚ ਸੀ, ਵੀਅਤਨਾਮ ਵਿਰੁੱਧ ਅਮਰੀਕਨ ਫ਼ੌਜ ਵਿੱਚ ਭਰਤੀ ਨਾ ਹੋਣ ਕਰਕੇ ਉਸ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਹੋ ਗਈ। ਵਰਲਡ ਬੌਕਸਿੰਗ ਫੈਡਰੇਸ਼ਨ ਵੱਲੋਂ ਉਹਦਾ ਵਿਸ਼ਵ ਚੈਂਪੀਅਨ ਹੋਣ ਦਾ ਖ਼ਿਤਾਬ ਵਾਪਸ ਲੈ ਲਿਆ ਗਿਆ। ਮੁਹੰਮਦ ਅਲੀ ’ਤੇ ਬੈਨ ਲੱਗਣ ਕਾਰਨ ਜੋਅ ਦਾ ਮੁਕਾਬਲਾ ਬਸਟਰ ਮੈਥੀਸ ਨਾਲ ਕਰਵਾਇਆ ਗਿਆ ਜੋ ਫ੍ਰੇਜ਼ੀਅਰ ਨੇ ਨਾਕ ਆਊਟ ਨਾਲ ਜਿੱਤਿਆ।
1969 ਵਿੱਚ ਉਸ ਨੇ 30 ਪੇਸ਼ਾਵਰ ਮੁਕਾਬਲੇ ਲੜੇ ਜਿਨ੍ਹਾਂ ’ਚੋਂ 29 ਜਿੱਤੇ। 1970 ਵਿੱਚ ਵੀ ਉਹਦੀਆਂ ਜਿੱਤਾਂ ਦਾ ਦੌਰ ਜਾਰੀ ਰਿਹਾ। ਇੱਥੋਂ ਤੱਕ ਕਿ ਹੈਵੀ ਵੇਟ ਚੈਂਪੀਅਨ ਬੌਬ ਫੋਸਟਰ ਨੂੰ ਵੀ ਹਰਾ ਦਿੱਤਾ। ਤਦ ਤੱਕ ਮੁਹੰਮਦ ਅਲੀ ਵੀ ਤਿੰਨ ਸਾਲ ਦੀ ਸਜ਼ਾ ਭੁਗਤ ਕੇ ਬਾਹਰ ਆ ਚੁੱਕਾ ਸੀ ਤੇ ਉਸ ਨੂੰ ਵਰਲਡ ਚੈਂਪੀਅਨ ਟਾਈਟਲ ਲਈ ਲੜਨ ਦੀ ਇਜ਼ਾਜਤ ਮਿਲ ਚੁੱਕੀ ਸੀ। ਮੁਕਾਬਲਾ ਹੁਣ ਮੁਹੰਮਦ ਅਲੀ ਤੇ ਜੋਅ ਫ੍ਰੇਜ਼ੀਅਰ ਵਿਚਕਾਰ ਸੀ ਜਿਸ ਨੂੰ ‘ਫਾਈਟ ਆਫ ਦਿ ਸੈਂਚਰੀ’ ਐਲਾਨਿਆ ਗਿਆ। ਇਸ ਮੁਕਾਬਲੇ ਦੀ ਜਿੱਤ ਹਾਰ ’ਤੇ ਕਰੋੜਾਂ ਡਾਲਰਾਂ ਦੀਆਂ ਬੁਰਦਾਂ ਲੱਗੀਆਂ। ਉਹਦਾ ਪ੍ਰਚਾਰ ਵੀ ਬੜੀ ਵੱਡੀ ਪੱਧਰ ’ਤੇ ਹੋਇਆ।
8 ਮਾਰਚ 1971 ਨੂੰ ਜਦੋਂ ਨਿਊ ਯੌਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਅਲੀ ਤੇ ਜੋਅ ਦਾ ਭੇੜ ਹੋਇਆ। ਦੁਨੀਆ ਦੇ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਟੀਵੀ ਦੀਆਂ ਸਕਰੀਨਾਂ ’ਤੇ ਸਨ। ਅਲੀ ਉਦੋਂ 29 ਸਾਲਾਂ ਦਾ ਸੀ ਤੇ ਜੋਅ 27 ਸਾਲਾਂ ਦਾ। ਅਲੀ ਦਾ ਨਾਂ ਵੱਡਾ ਸੀ, ਪਰ ਉਹ ਤਿੰਨ ਸਾਲਾਂ ਦੀ ਕੈਦ ਕੱਟ ਕੇ ਬਾਹਰ ਆਇਆ ਸੀ ਤੇ ਮੁੱਕੇਬਾਜ਼ੀ ਦੇ ਸਰਗਰਮ ਮੁਕਾਬਲਿਆਂ ਤੋਂ ਵੀ ਦੂਰ ਰਿਹਾ ਸੀ। 15ਵੇਂ ਰਾਊਂਡ ਤੱਕ ਬੜੀ ਜੰਮ ਕੇ ਲੜਾਈ ਹੋਈ। ਆਖ਼ਰ ਫ੍ਰੇਜ਼ੀਅਰ ਨੇ ਆਪਣਾ ਖ਼ਤਰਨਾਕ ਹਥਿਆਰ ‘ਲੈਫਟ ਹੂਕ’ ਮਾਰ ਕੇ ਮੁਹੰਮਦ ਅਲੀ ਦਾ ਜਬਾੜਾ ਭੰਨ ਦਿੱਤਾ ਜਿਸ ਨਾਲ ਅਲੀ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ‘ਫਾਈਟ ਆਫ ਦਿ ਸੈਂਚਰੀ’ ਜੋਅ ਫ੍ਰੇਜ਼ੀਅਰ ਨੇ ਜਿੱਤ ਲਈ।
ਮੁਹੰਮਦ ਅਲੀ ਨੂੰ ਹਸਪਤਾਲ ਲਿਜਾਇਆ ਗਿਆ। ਕੁੱਝ ਸਮਾਂ ਜੋਅ ਫ੍ਰੇਜ਼ੀਅਰ ਨੂੰ ਵੀ ਹਸਪਤਾਲ ਵਿੱਚ ਰਹਿਣਾ ਪਿਆ। 1972 ਵਿੱਚ ਮੁੱਕੇਬਾਜ਼ੀ ਦਾ ਵਰਲਡ ਚੈਂਪੀਅਨ ਟਾਈਟਲ ਮੁੜ ਜੋਅ ਨੇ ਹੀ ਜਿੱਤਿਆ। 1973 ਵਿੱਚ ਵਰਲਡ ਚੈਂਪੀਅਨ ਟਾਈਟਲ ਉਹ ਮਸ਼ਹੂਰ ਮੁੱਕੇਬਾਜ਼ ਜੌਰਜ ਫੋਰਮੈਨ ਨੂੰ ਹਾਰ ਬੈਠਾ। 1974 ਵਿੱਚ ਹੈਵੀ ਵੇਟ ਵਿਸ਼ਵ ਚੈਂਪੀਅਨ ਟਾਈਟਲ ਜਿੱਤਣ ਦਾ ਟਾਕਰਾ ਫਿਰ ਅਲੀ ਤੇ ਜੋਅ ਵਿਚਕਾਰ ਹੋਇਆ ਜੋ ਮੁਹੰਮਦ ਅਲੀ ਨੇ ਜਿੱਤਿਆ। ਦੋਹਾਂ ਵਿਸ਼ਵ ਜੇਤੂਆਂ ਵਿਚਕਾਰ ਤੀਜਾ ਭੇੜ 1975 ਵਿੱਚ ਮਨੀਲਾ ਵਿੱਚ ਹੋਇਆ ਜਿਸ ਨੂੰ ‘ਥ੍ਰਿਲਾ ਇਨ ਮਨੀਲਾ’ ਕਿਹਾ ਗਿਆ। ਉਹ ਮੁਕਾਬਲਾ ਫਿਰ ਮੁਹੰਮਦ ਅਲੀ ਨੇ ਜਿੱਤ ਕੇ ਜੋਅ ਫ੍ਰੇਜ਼ੀਅਰ ਦੀ ਬਸ ਕਰਾ ਦਿੱਤੀ।
1976 ਵਿੱਚ ਜਾਰਜ ਫੋਰਮੈਨ ਤੋਂ ਦੁਬਾਰਾ ਹਾਰ ਕੇ ਜੋਅ ਨੇ ਵਿਸ਼ਵ ਚੈਂਪੀਅਨ ਟਾਈਟਲ ਲੜਨ ਤੋਂ ਕਿਨਾਰਾ ਕਰ ਲਿਆ, ਪਰ ਮੁਹੰਮਦ ਅਲੀ ਫਿਰ ਵੀ ਲੜਦਾ ਰਿਹਾ। ਜੋਅ ਨੇ 32 ਵੱਡੀਆਂ ਜਿੱਤਾਂ ਜਿੱਤੀਆਂ, 1 ਬਰਾਬਰ ਰਹੀ ਤੇ 4 ਵਾਰ ਹਾਰਿਆ। 1981 ਵਿੱਚ ਜੋਅ ਫਿਰ ਰਿੰਗ ਵਿੱਚ ਉਤਰਿਆ, ਪਰ ਪਹਿਲਾਂ ਵਾਲੀ ਗੱਲ ਨਾ ਬਣੀ। ਉਸ ਨੇ ਖ਼ੁਦ ਮੁੱਕੇਬਾਜ਼ੀ ਕਰਨ ਦੀ ਥਾਂ ਮੁੱਕੇਬਾਜ਼ੀ ਦੀ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ। ‘ਦਿ ਰਿੰਗ’ ਮੈਗਜ਼ੀਨ ਨੇ ਫ੍ਰੇਜ਼ੀਅਰ ਨੂੰ 1967, 70 ਤੇ 71 ਦਾ ਫਾਈਟਰ ਆਫ ਦਿ ਯੀਅਰ ਐਲਾਨਿਆ। ਉਸ ਦਾ ਨਾਂ ਇੰਟਰਨੈਸ਼ਨਲ ਹਾਲ ਆਫ ਫੇਮ ਅਤੇ ਵਰਲਡ ਬੌਕਸਿੰਗ ਹਾਲ ਆਫ ਫੇਮ ਵਿੱਚ ਸਥਾਪਿਤ ਕੀਤਾ ਗਿਆ।
ਜੋਅ ਫ੍ਰੇਜ਼ੀਅਰ ਦੀ ਵਿਰਾਸਤ ਸਿਰਫ਼ ਮੁੱਕੇਬਾਜ਼ੀ ਤੱਕ ਹੀ ਸੀਮਤ ਨਹੀਂ ਰਹੀ, ਉਹ ਦਲੇਰ ਖਿਡਾਰੀ ਸੀ ਜਿਸ ਨੇ ਮੁੱਕੇਬਾਜ਼ੀ ਦੇ ਰਿੰਗਾਂ ਤੇ ਲੋਕਾਂ ਦੇ ਦਿਲਾਂ ਵਿੱਚ ਦੇਰ ਤੱਕ ਰਾਜ ਕੀਤਾ। ਉਹਦੇ ਸਾਥੀ ਖਿਡਾਰੀ ਤੇ ਦਰਸ਼ਕ ਉਸ ਨੂੰ ਆਦਰਸ਼ ਵਜੋਂ ਵੇਖਦੇ ਰਹੇ ਜਿਸ ਕਰਕੇ ਉਹਦੀ ਵਿਰਾਸਤ ਉਹਦੇ ਗੁਜ਼ਰ ਜਾਣ ਪਿੱਛੋਂ ਵੀ ਜਿਊਂਦੀ ਹੈ।

Advertisement