ਐੱਸਡੀਐੱਮ ਵੱਲੋਂ ਦੇਰ ਨਾਲ ਦਫ਼ਤਰ ਆਉਣ ਵਾਲੇ ਕਰਮੀਆਂ ਦੀ ਖਿਚਾਈ
ਸੁਭਾਸ਼ ਚੰਦਰ/ਅਸ਼ਵਨੀ ਗਰਗ
ਸਮਾਣਾ, 29 ਨਵੰਬਰ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਪ੍ਰਸ਼ਾਸਨਿਕ ਸਹੂਲਤਾਂ ਦੇਣ ਲਈ ਨਿਰਧਾਰਿਤ ਸਮੇਂ ’ਤੇ ਸਰਕਾਰੀ ਦਫਤਰਾਂ ਵਿਚ ਪਹੁੰਚਣ ਦੀਆਂ ਜਾਰੀ ਹਦਾਇਤਾਂ ਦੇ ਬਾਵਜੂਦ ਮੁਲਾਜ਼ਮਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ ਅਤੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਉਹ ਮਨਮਰਜ਼ੀ ਨਾਲ ਦਫ਼ਤਰ ਆਉਂਦੇ ਹਨ, ਜਿਸ ਕਾਰਨ ਆਮ ਲੋਕ ਕਾਫੀ ਪ੍ਰੇਸ਼ਾਨ ਹੁੰਦੇ ਹਨ।
ਅੱਜ ਸਵੇਰੇ ਐੱਸਡੀਐੱਮ ਸਮਾਣਾ ਤਰਸੇਮ ਚੰਦ ਨੇ ਸਬ-ਡਵੀਜ਼ਨ ਦੇ ਵੱਖ-ਵੱਖ ਦਫ਼ਤਰਾਂ ਬੀਡੀਪੀਓ, ਸੀਡੀਪੀਓ, ਜੰਗਲਾਤ ਵਿਭਾਗ, ਫੂਡ ਸਪਲਾਈ, ਨਗਰ ਕੌਂਸਲ, ਪਾਵਰਕੌਮ, ਸੁਵਿਧਾ ਕੇਂਦਰਾਂ, ਮਾਰਕਿਟ ਕਮੇਟੀ ਦਾ ਅਚਾਨਕ ਦੌਰਾ ਕਰਕੇ ਚੈਕਿੰਗ ਕੀਤੀ ਤਾਂ ਜਿਆਦਾਤਰ ਦਫ਼ਤਰਾਂ ਵਿਚ ਅਫ਼ਸਰ ਅਤੇ ਕਰਮਚਾਰੀ ਹਾਜ਼ਰ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਫ਼ਤਰਾਂ ਦਾ ਸਮਾਂ ਨੌਂ ਵਜੇ ਦਾ ਹੈ ਪਰ ਮੁਲਾਜ਼ਮ ਮਰਜ਼ੀ ਨਾਲ ਦੇਰ-ਸਵੇਰ ਆਉਂਦੇ ਹਨ, ਜਿਸ ਕਾਰਨ ਲੋਕਾਂ ਦੇ ਕੰਮ ਸਮੇਂ-ਸਿਰ ਨਹੀਂ ਹੋ ਪਾਉਂਦੇ। ਉਨ੍ਹਾਂ ਕਈ ਦਫ਼ਤਰਾਂ ’ਚ ਹਾਜ਼ਰੀ ਰਜਿਸਟਰ ਨਾ ਹੋਣਾ, ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਗਿਣਤੀ ਦਾ ਪਤਾ ਨਾ ਹੋਣਾ ਵੀ ਇਕ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਕਮੀਆਂ ਸਬੰਧੀ ਤੇ ਵੱਖ-ਵੱਖ ਵਿਭਾਗਾਂ ਵਿੱਚ ਗੈਰਹਾਜ਼ਰ 22 ਮੁਲਾਜ਼ਮਾਂ ਦੇ ਉਚ ਅਫ਼ਸਰਾਂ ਨੂੰ ਕਾਰਵਾਈ ਲਈ ਭੇਜਿਆ ਜਾਵੇਗਾ। ਉਨ੍ਹਾਂ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਮੁਲਾਜ਼ਮ ਸਮੇਂ ਸਿਰ ਦਫ਼ਤਰ ਨਹੀਂ ਆਉਣਗੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।