ਐੱਸਡੀਐੱਮ ਦਫ਼ਤਰ ਦੇ ਬਾਹਰ ਚਿਪਕਾਇਆ ਮੰਗ ਪੱਤਰ
ਸੰਤੋਖ ਗਿੱਲ
ਰਾਏਕੋਟ, 20 ਮਈ
ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈੱਡਰੇਸ਼ਨਾਂ ਦੇ ਸੱਦੇ ਉਪਰ ਦੇਸ਼ ਵਿਆਪੀ ਰੋਸ ਦਿਵਸ ਮੌਕੇ ਸੀਟੂ ਨਾਲ ਸਬੰਧਿਤ ਵੱਖ-ਵੱਖ ਟਰੇਡ ਯੂਨੀਅਨਾਂ ਵੱਲੋਂ ਐੱਸ.ਡੀ.ਐੱਮ ਰਾਏਕੋਟ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਟਰੇਡ ਯੂਨੀਅਨ ਆਗੂਆਂ ਵੱਲੋਂ ਮੰਗ-ਪੱਤਰ ਦੇਣ ਸਮੇਂ ਮਹੌਲ ਤਲਖ਼ੀ ਵਾਲਾ ਬਣ ਗਿਆ ਜਦੋਂ ਮੰਗ-ਪੱਤਰ ਹਾਸਲ ਕਰਨ ਲਈ ਕੋਈ ਅਧਿਕਾਰੀ ਬਾਹਰ ਨਾ ਆਇਆ। ਪੰਜਾਬ ਸੀਟੂ ਦੇ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਅਤੇ ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ ਨੇ ਦੋਸ਼ ਲਾਇਆ ਕਿ ਐੱਸ.ਡੀ.ਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਅਨੁਸੂਚਿਤ ਜਾਤੀ ਮਜ਼ਦੂਰਾਂ ਨਾਲ ਈਰਖਾ ਰੱਖਦੇ ਹਨ, ਇਸੇ ਕਾਰਨ ਜਾਣਬੁੱਝ ਕੇ ਮਜ਼ਦੂਰਾਂ ਨੂੰ ਨੀਵਾਂ ਦਿਖਾਉਣ ਲਈ ਉਹ ਮੰਗ-ਪੱਤਰ ਲੈਣ ਤੋਂ ਇਨਕਾਰੀ ਸਨ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਦਫ਼ਤਰੀ ਅਮਲੇ ਵੱਲੋਂ ਤਹਿਸੀਲਦਾਰ ਰਾਏਕੋਟ ਨੂੰ ਮੰਗ-ਪੱਤਰ ਦੇਣ ਲਈ ਕਿਹਾ ਗਿਆ ਸੀ ਪਰ ਤਹਿਸੀਲਦਾਰ ਵੀ ਮੰਗ-ਪੱਤਰ ਹਾਸਲ ਕਰਨ ਲਈ ਨਹੀਂ ਪਹੁੰਚੇ ਤਾਂ ਨਾਅਰੇਬਾਜ਼ੀ ਕਰਦੇ ਮਜ਼ਦੂਰ ਮੰਗ-ਪੱਤਰ ਦੇਣ ਲਈ ਐੱਸ.ਡੀ.ਐੱਮ ਦੀ ਅਦਾਲਤ ਦੇ ਸਾਹਮਣੇ ਪਹੁੰਚ ਗਏ। ਤਲਖ਼ੀ ਵਾਲੇ ਮਹੌਲ ਨੂੰ ਸ਼ਾਂਤ ਕਰਨ ਲਈ ਥਾਣਾ ਸ਼ਹਿਰੀ ਰਾਏਕੋਟ ਦੇ ਮੁਖੀ ਸਬ-ਇੰਸਪੈਕਟਰ ਅਮਰਜੀਤ ਸਿੰਘ ਅਤੇ ਤਹਿਸੀਲਦਾਰ ਵਿਸ਼ਾਲ ਵਰਮਾ ਯਤਨ ਕਰਦੇ ਰਹੇ ਪਰ ਮਜ਼ਦੂਰ ਆਗੂ ਰੋਸ ਵਜੋਂ ਆਪਣਾ ਮੰਗ-ਪੱਤਰ ਐੱਸ.ਡੀ.ਐੱਮ ਦੀ ਅਦਾਲਤ ਦੇ ਦਰਵਾਜ਼ੇ ਉਪਰ ਚਿਪਕਾ ਕੇ ਚਲੇ ਗਏ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਤਹਿਸੀਲ ਦੇ ਹਰ ਪਿੰਡ ਵਿੱਚ ਐੱਸ.ਡੀ.ਐੱਮ ਦੇ ਪੁਤਲੇ ਫੂਕੇ ਜਾਣਗੇ। ਪ੍ਰਦਰਸ਼ਨਕਾਰੀਆਂ ਨੂੰ ਹੋਰਨਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਟੂਸੇ, ਪ੍ਰਿਤਪਾਲ ਸਿੰਘ ਰਾਜੋਆਣਾ, ਚਮਕੌਰ ਸਿੰਘ ਨੂਰਪੁਰਾ ਅਤੇ ਰੁਲਦਾ ਸਿੰਘ ਗੋਬਿੰਦਗੜ੍ਹ ਨੇ ਵੀ ਸੰਬੋਧਨ ਕੀਤਾ। ਵਾਰ-ਵਾਰ ਫ਼ੋਨ 'ਤੇ ਸੰਪਰਕ ਕਰਨ ਦੇ ਬਾਵਜੂਦ ਐੱਸ.ਡੀ.ਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਕੋਈ ਉਤਰ ਨਹੀਂ ਦਿੱਤਾ।