ਐੱਮਸੀਡੀ: ਵਾਰਡ ਕਮੇਟੀਆਂ ਦੇ ਮੁਕਾਬਲੇ ਦਿਲਚਸਪ ਰਹਿਣ ਦੇ ਅਸਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਇਸ ਵਾਰ ਐੱਮਸੀਡੀ ਦੇ 12 ਵਾਰਡ ਕਮੇਟੀਆਂ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੇ ਅਹੁਦਿਆਂ ਲਈ ਚੋਣ ਵਿੱਚ ਦਿਲਚਸਪ ਸਮੀਕਰਣ ਦੇਖਣ ਨੂੰ ਮਿਲ ਰਹੇ ਹਨ। ਆਮ ਆਦਮੀ ਪਾਰਟੀ ਜਿੱਥੇ 11 ਵਾਰਡ ਕਮੇਟੀਆਂ ਦੀ ਚੋਣ ਲੜ ਰਹੀ ਹੈ, ਉੱਥੇ ਹੀ ਭਾਜਪਾ ਨੇ ਅੱਠ ਕਮੇਟੀਆਂ ਵਿੱਚ ਉਮੀਦਵਾਰ ਖੜ੍ਹੇ ਕੀਤੇ ਹਨ। ਖਾਸ ਗੱਲ ਇਹ ਹੈ ਕਿ ਦੋ ਵਾਰਡ ਕਮੇਟੀਆਂ ਵਿੱਚ ਭਾਜਪਾ ਨੇ ਆਪਣੀ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਹੈ ਪਰ ‘ਆਪ’ ਦੇ ਬਾਗ਼ੀ ਕੌਂਸਲਰਾਂ ਵੱਲੋਂ ਬਣਾਈ ਗਈ ਇੰਦਰਪ੍ਰਸਥ ਵਿਕਾਸ ਪਾਰਟੀ ਨਾਲ ਗੱਠਜੋੜ ਕੀਤਾ ਹੈ ਅਤੇ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਦਿਵਾਉਣ ਦੀ ਤਿਆਰੀ ਕੀਤੀ ਹੈ।
ਭਾਜਪਾ ਨੇ ਰੋਹਿਣੀ ਅਤੇ ਪੱਛਮੀ ਜ਼ੋਨ ਦੀਆਂ ਵਾਰਡ ਕਮੇਟੀਆਂ ਵਿੱਚ ਇੰਦਰਪ੍ਰਸਥ ਵਿਕਾਸ ਪਾਰਟੀ ਨਾਲ ਗੱਠਜੋੜ ਕੀਤਾ ਹੈ। ਇੰਦਰਪ੍ਰਸਥ ਵਿਕਾਸ ਪਾਰਟੀ ਇਨ੍ਹਾਂ ਵਾਰਡ ਕਮੇਟੀਆਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹੈ। ਇਸ ਨੇ ਮੌਜੂਦਾ ਪ੍ਰਧਾਨਾਂ ਨੂੰ ਆਪਣੇ ਉਮੀਦਵਾਰ ਬਣਾਇਆ ਹੈ। ਜਦੋਂਕਿ ਭਾਜਪਾ ਨੇ ਉਪ-ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਖੜ੍ਹੇ ਕੀਤੇ ਹਨ। ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਵਾਂ ਕਮੇਟੀਆਂ ਵਿੱਚ ਦੋਵਾਂ ਅਹੁਦਿਆਂ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਪਿਛਲੇ ਸਾਲ, ਭਾਜਪਾ ਨੇ ਇਨ੍ਹਾਂ ਦੋਵਾਂ ਕਮੇਟੀਆਂ ਵਿੱਚ ਦੋਵਾਂ ਅਹੁਦਿਆਂ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਮ ਆਦਮੀ ਪਾਰਟੀ ਨੇ ਸੈਂਟਰਲ ਜ਼ੋਨ ਦੀ ਵਾਰਡ ਕਮੇਟੀ ਵਿੱਚ ਪ੍ਰਧਾਨ ਦੇ ਅਹੁਦੇ ਲਈ ਹੀ ਆਪਣੇ ਕੌਂਸਲਰ ਨੂੰ ਨਾਮਜ਼ਦ ਕੀਤਾ ਹੈ। ਇਸ ਤਰ੍ਹਾਂ ਇਸ ਜ਼ੋਨ ਦੀ ਵਾਰਡ ਕਮੇਟੀ ਵਿੱਚ ਉਪ-ਪ੍ਰਧਾਨ ਦੇ ਅਹੁਦੇ ਲਈ ਭਾਜਪਾ ਕੌਂਸਲਰ ਬਿਨਾਂ ਵਿਰੋਧ ਚੁਣੇ ਜਾਣਗੇ। ਦੱਖਣੀ ਜ਼ੋਨ ਦੀ ਵਾਰਡ ਕਮੇਟੀ ਵਿੱਚ ਦੋਵਾਂ ਪਾਰਟੀਆਂ ਨੇ ਪ੍ਰਧਾਨ ਅਤੇ ਉਪ-ਪ੍ਰਧਾਨ ਦੇ ਅਹੁਦਿਆਂ ਦੇ ਨਾਲ-ਨਾਲ ਸਥਾਈ ਕਮੇਟੀ ਮੈਂਬਰ ਦੇ ਖਾਲੀ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਪਿਛਲੇ ਸਾਲ ਭਾਜਪਾ ਨੂੰ ਸੱਤ ਵਾਰਡ ਕਮੇਟੀਆਂ ਵਿੱਚ ਬਹੁਮਤ ਪ੍ਰਾਪਤ ਸੀ ਅਤੇ ਆਮ ਆਦਮੀ ਪਾਰਟੀ ਨੂੰ ਪੰਜ ਵਾਰਡ ਕਮੇਟੀਆਂ ਵਿੱਚ ਬਹੁਮਤ ਪ੍ਰਾਪਤ ਸੀ।
ਉਨ੍ਹਾਂ ਨੇ ਉਨ੍ਹਾਂ ਕਮੇਟੀਆਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਜਿੱਥੇ ਉਨ੍ਹਾਂ ਕੋਲ ਬਹੁਮਤ ਸੀ। ਇਸ ਵਾਰ ਭਾਜਪਾ-ਇੰਦਰਪ੍ਰਸਥ ਵਿਕਾਸ ਪਾਰਟੀ ਅੱਠ ਜ਼ੋਨਾਂ ਵਿੱਚ ਅੱਗੇ ਹੈ ਅਤੇ ਆਮ ਆਦਮੀ ਪਾਰਟੀ ਚਾਰ ਜ਼ੋਨਾਂ ਵਿੱਚ ਅੱਗੇ ਹੈ। ਰੋਹਿਣੀ ਜ਼ੋਨ ਵਿੱਚ ਭਾਜਪਾ-ਇੰਦਰਪ੍ਰਸਥ ਵਿਕਾਸ ਪਾਰਟੀ ਗੱਠਜੋੜ ਆਮ ਆਦਮੀ ਪਾਰਟੀ ਤੋਂ ਅੱਗੇ ਹੈ ਅਤੇ ‘ਆਪ’ ਪੱਛਮੀ ਅਤੇ ਦੱਖਣੀ ਜ਼ੋਨਾਂ ਵਿੱਚ ਸਿਰਫ਼ ਇੱਕ-ਇੱਕ ਵੋਟ ਨਾਲ ਭਾਜਪਾ ਤੋਂ ਅੱਗੇ ਹੈ।