ਐੱਮਐੱਲਡੀ ਸਕੂਲ ਵਿੱਚ ਟਰੈਫਿਕ ਨਿਯਮਾਂ ਬਾਰੇ ਸੈਮੀਨਾਰ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਮਈ
ਨੇੜਲੇ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਵਿਦਿਆਰਥੀਆਂ, ਡਰਾਈਵਰਾਂ, ਕੰਡਕਟਰਾਂ ਦਾ ਯੁੱਧ ਨਸ਼ਿਆਂ ਵਿਰੁੱਧ ਅਤੇ ਟਰੈਫਿਕ ਨਿਯਮਾਂ ਬਾਰੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ। ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਛੇੜਿਆ ਯੁੱਧ ਤੇ ਹੁਣ ਯਾਤਰਾ ਸ਼ਲਾਘਾਯੋਗ ਕਦਮ ਹੈ। ਜ਼ਿਲ੍ਹਾ ਪੁਲੀਸ ਮੁਖੀ ਅੰਕੁਰ ਗੁਪਤਾ ਦੇ ਨਿਰਦੇਸ਼ਾਂ ’ਤੇ ਏਐੱਸਆਈ ਹਰਪਾਲ ਸਿੰਘ ਮਾਨ ਨੇ ਵਿਦਿਆਰਥੀਆਂ ਤੇ ਡਰਾਈਵਰਾਂ ਸਣੇ ਸਕੂਲ ਦੇ ਸਮੂਹ ਸਟਾਫ਼ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ੇ ਕੇਵਲ ਇਕੱਲੇ ਵਿਅਕਤੀ ਨੂੰ ਹੀ ਨਹੀਂ ਬਲਕਿ ਪੂਰੇ ਪਰਿਵਾਰ ਅਤੇ ਸਮਾਜ ਨੂੰ ਨਿਗਲ ਜਾਂਦੇ ਹਨ। ਸ਼ੌਕ ਵਿੱਚ ਕੀਤੀ ਨਸ਼ਿਆਂ ਦੀ ਸ਼ੁਰੂਆਤ ਵਿਅਕਤੀ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਸੇ ਤਰ੍ਹਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਕੇਵਲ ਆਪਣਾ ਹੀ ਨਹੀਂ ਬਲਕਿ ਦੂਜਿਆਂ ਦਾ ਜੀਵਨ ਵੀ ਖ਼ਤਰੇ ਵਿੱਚ ਪੈਂਦਾ ਹੈ। ਬਗੈਰ ਡਰਾਈਵਿੰਗ ਲਾਇਸੰਸ ਵਾਹਨ ਚਲਾਉਣਾ ਤੇ ਡਰਾਈਵਿੰਗ ਕਰਦੇ ਸਮੇਂ ਸਟੰਟ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਹ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ।
ਪ੍ਰਿੰਸੀਪਲ ਬਲਦੇਵ ਬਾਵਾ ਨੇ ਨਸ਼ਿਆਂ ਤੇ ਟਰੈਫਿਕ ਨਿਯਮਾਂ ਬਾਰੇ ਚਲਾਈ ਮੁਹਿੰਮ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਦੋਵੇਂ ਅਹਿਮ ਗੱਲਾਂ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਨਸ਼ੇ ਭਵਿੱਖ ਅਤੇ ਸਿਹਤ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸੁਰੱਖਿਅਤ ਰਹਿ ਸਕਦੇ ਹਾਂ। ਇਸ ਮੌਕੇ ਮੈਡਮ ਜਸਮਿੰਦਰ ਕੌਰ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਤਜਿੰਦਰਪਾਲ ਸਿੰਘ, ਅਨੂਪ ਸਿੰਘ ਅਤੇ ਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।