ਐੱਨਡੀਏ: ਹਰਿਆਣਾ ਦੀ ਸ਼੍ਰੀਤੀ ਦਕਸ਼ ਨੂੰ ਪਹਿਲਾ ਸਥਾਨ
ਵਿਜੈ ਮੋਹਨ
ਚੰਡੀਗੜ੍ਹ, 30 ਮਈ
ਅੱਜ ਜਦੋਂ 17 ਮਹਿਲਾ ਕੈਡੇਟਾਂ ਦਾ ਪਹਿਲਾ ਬੈਚ ਖੜਕਵਾਸਲਾ ਸਥਿਤ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਤੋਂ ਬਾਹਰ ਨਿਕਲਿਆ ਤਾਂ ਹਰਿਆਣਾ ਦੀ ਡਿਵੀਜ਼ਨ ਕੈਡੇਟ ਕੈਪਟਨ ਸ਼੍ਰੀਤੀ ਦਕਸ਼ ਨੇ ਆਰਟਸ ਸਟਰੀਮ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਤਿੰਨ ਸਾਲ ਪਹਿਲਾਂ ਅਕੈਡਮੀ ’ਚ ਸ਼ਾਮਲ ਹੋਣ ਮਗਰੋਂ ਇੱਥੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਮਹਿਲਾ ਕੈਡੇਟਾਂ ਦੀ ਗਿਣਤੀ ਦੇ ਮਾਮਲੇ ’ਚ ਹਰਿਆਣਾ ਮੋਹਰੀ ਹੈ। ਸ਼੍ਰੀਤੀ ਦਾ ਟਰਾਫੀ ਨਾਲ ਸਨਮਾਨ ਕੀਤਾ ਗਿਆ। ਪਾਸਿੰਗ ਆਊਟ ਪਰੇਡ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੀਤੀ ਨੇ ਕਿਹਾ ਕਿ ਉਹ ਹਰਿਆਣਾ ਨਾਲ ਸਬੰਧਤ ਹੈ ਪਰ ਐੱਨਡੀਏ ’ਚ ਆਉਣ ਤੋਂ ਪਹਿਲਾਂ ਉਸ ਨੇ ਨੋਇਡਾ ’ਚ ਪੜ੍ਹਾਈ ਕੀਤੀ। ਉਸ ਦੇ ਪਿਤਾ ਵਿੰਗ ਕਮਾਂਡਰ ਯੋਗੇਸ਼ ਕੁਮਾਰ ਦਕਸ਼ (ਸੇਵਾਮੁਕਤ) ਭਾਰਤੀ ਹਵਾਈ ਸੈਨਾ ’ਚ ਪਾਇਲਟ ਸਨ ਤੇ ਹੁਣ ਇੱਕ ਨਿੱਜੀ ਹਵਾਬਾਜ਼ੀ ਕੰਪਨੀ ਨਾਲ ਕੰਮ ਕਰ ਰਹੇ ਹਨ। ਉਸ ਦੀ ਵੱਡੀ ਭੈਣ ਹਵਾਈ ਸੈਨਾ ’ਚ ਫਲਾਈਂਗ ਅਫਸਰ ਹੈ। ਉਸ ਨੇ ਖੁਦ ਲਈ ਥਲ ਸੈਨਾ ਦੀ ਚੋਣ ਕੀਤੀ ਹੈ ਤੇ ਉਹ ਪ੍ਰੀ-ਕਮਿਸ਼ਨ ਸਿਖਲਾਈ ਲਈ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਜਾਵੇਗੀ। ਐੱਨਡੀਏ ’ਚ ਸਿਖਲਾਈ ਦੌਰਾਨ ਸ਼੍ਰੀਤੀ ਨੂੰ ਹੰਟਰ ਸਕੁਐਡਰਨ ’ਚ ਨਿਯੁਕਤ ਕੀਤਾ ਗਿਆ ਸੀ। ਇਸੇ ਯੂਨਿਟ ’ਚ ਕੈਡੇਟ ਦੌਰਾਨ ਉਸ ਦੇ ਪਿਤਾ ਵੀ ਹਿੱਸਾ ਸਨ। ਸ਼੍ਰੀਤੀ ਨੇ ਸਕੂਲੀ ਪੜ੍ਹਾਈ ਦੌਰਾਨ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਨੇ 10ਵੀਂ ’ਚੋਂ 97 ਤੇ 12ਵੀਂ ’ਚੋਂ 99 ਫੀਸਦ ਅੰਕ ਹਾਸਲ ਕੀਤੇ ਸਨ। ਅੱਜ ਦੀ ਪਰੇਡ ’ਚ 300 ਤੋਂ ਵੱਧ ਪੁਰਸ਼ ਕੈਡੇਟ ਵੀ ਸ਼ਾਮਲ ਸਨ। ਪਰੇਡ ਦਾ ਨਿਰੀਖਣ ਕਰਦਿਆਂ ਮਿਜ਼ੋਰਮ ਦੇ ਰਾਜਪਾਲ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਇਸ ਪਰੇਡ ਨੂੰ ਮਹਿਲਾ ਸ਼ਕਤੀਕਰਨ ਦਾ ਪ੍ਰਤੀਕ ਦੱਸਿਆ।ਰੱਖਿਆ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 2022 ’ਚ ਪਹਿਲੇ ਬੈਚ ਦੇ ਦਾਖਲੇ ਤੋਂ ਲੈ ਕੇ ਅੱਜ ਇਸ ਦੇ ਪਾਸਿੰਗ ਆਊਟ ਹੋਣ ਤੱਕ ਅਕੈਡਮੀ ’ਚ ਹਰਿਆਣਾ ਦੀਆਂ ਸਭ ਤੋਂ ਵੱਧ 35 ਮਹਿਲਾ ਕੈਡੇਟ ਹਨ।