ਐੱਨਓਸੀ ਨਾ ਮਿਲਣ ’ਤੇ ਈਓ ਦਫ਼ਤਰ ਅੱਗੇ ਧਰਨਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਮਈ
ਨਗਰ ਕੌਂਸਲ ਖੰਨਾ ਵੱਲੋਂ ਐੱਨਓਸੀ ਨਾ ਮਿਲਣ ’ਤੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਅੱਗੇ ਆਮ ਆਦਮੀ ਪਾਰਟੀ ਖੰਨਾ ਦੇ ਟਕਸਾਲੀ ਆਗੂ ਭੁਪਿੰਦਰ ਸਿੰਘ ਸਰ੍ਹਾਂ ਵੱਲੋਂ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰਜਿਸਟਰੀ ਕਰਵਾਉਣ ਲਈ ਹੁਣ ਐੱਨਓਸੀ ਦੀ ਲੋੜ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਜਿਸ ਨਾਲ ਸਰਕਾਰ ਦਾ ਲੋਕਾਂ ਵਿੱਚ ਅਕਸ ਖਰਾਬ ਹੋ ਰਿਹਾ ਹੈ। ਸ੍ਰੀ ਸਰ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਖੁਦ ਹੰਢਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਪਿਛਲੇ ਡੇਢ-ਦੋ ਮਹੀਨੇ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਅੱਜ-ਕੱਲ੍ਹ ਦਾ ਲਾਰਾ ਲਾਇਆ ਗਿਆ ਅਤੇ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਆਫਲਾਈਨ ਐੱਨਓਸੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀਆਂ ਵੱਲੋਂ ਚਹੇਤਿਆਂ ਨੂੰ ਪਿਛਲੀਆਂ ਤਰੀਕਾਂ ਵਿੱਚ ਐੱਨਓਸੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਅਤੇ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਤੋਂ ਮੰਗ ਕੀਤੀ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਖੰਨਾ ਵਿੱਚ ਕਿਹੜੀ ਰਜਿਸਟਰੀ ਕਦੋਂ ਕੀਤੀ ਗਈ ਹੈ ਤੇ ਇਸ ਦੀ ਐੱਨਓਸੀ ਕਦੋਂ ਜਾਰੀ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ।
ਆਫਲਾਈਨ ਐੱਨਓਸੀ ਦੇਣੀਆਂ ਬੰਦ ਹਨ: ਈਓ
ਕੌਂਸਲ ਦੇ ਕਾਰਜ ਸਾਧਕ ਚਰਨਜੀਤ ਸਿੰਘ ਉੱਭੀ ਨੇ ਕਿਹਾ ਕਿ ਐੱਨਓਸੀ ਹੁਣ ਆਫਲਾਈਨ ਬੰਦ ਹਨ। ਕਿਸੇ ਨੂੰ ਪਿਛਲੇ ਤਰੀਕ ਵਿੱਚ ਐੱਨਓਸੀ ਜਾਰੀ ਨਹੀਂ ਕੀਤੀ ਗਈ ਅਤੇ ਕੌਂਸਲ ਵੱਲੋਂ 22 ਅਪਰੈਲ 2025 ਤੋਂ ਆਫ਼ਲਾਈਨ ਐੱਨਓਸੀ ਦੇਣੀਆਂ ਬੰਦ ਕੀਤੀਆਂ ਗਈਆਂ ਹਨ।Advertisement