ਐੱਨਐੱਸਯੂਆਈ ਵੱਲੋਂ ਸੈਣੀ ਵਿਰੁੱਧ ਪ੍ਰਦਰਸ਼ਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੂਨ
ਐੱਨਐੱਸਯੂਆਈ ਹਰਿਆਣਾ ਦੇ ਵਿਦਿਆਰਥੀਆਂ ਨੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿੱਚ ਵਿਦਿਆਰਥੀਆਂ ਨਾਲ ਹੋ ਰਹੀ ਧੱਕੇਸ਼ਾਹੀ ਖ਼ਿਲਾਫ਼ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਐੱਨਐੱਸਯੂਆਈ ਦੇ ਸੈਂਕੜੇ ਆਗੂ ਚੰਡੀਗੜ੍ਹ ਦੇ ਸੈਕਟਰ-9 ਵਿੱਚ ਸਥਿਤ ਹਰਿਆਣਾ ਕਾਂਗਰਸ ਦੇ ਦਫ਼ਤਰ ਵਿੱਚ ਇਕੱਠੇ ਹੋਏ। ਉਹ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਕੁਝ ਹੀ ਦੂਰੀ ’ਤੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ। ਇਸ ਦੌਰਾਨ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਖਿੱਚ-ਧੂਹ ਵੀ ਹੋਈ ਹੈ।
ਐੱਨਐੱਸਯੂਆਈ ਹਰਿਆਣਾ ਦੇ ਪ੍ਰਧਾਨ ਅਵਿਨਾਸ਼ ਯਾਦਵ ਨੇ ਮੰਗ ਕੀਤੀ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਤੁਰੰਤ ਹਟਾਇਆ ਜਾਵੇ। ਇਸ ਤੋਂ ਇਲਾਵਾ ਵਿਦਿਆਰਥੀਆਂ ’ਤੇ ਹਮਲਾ ਕਰਨ ਵਾਲੇ ਪ੍ਰੋਫੈਸਰ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਨੀਵਰਸਿਟੀ ਕੈਲੰਡਰ ਵਿੱਚ ਕੀਤੀਆਂ ਗਈਆਂ ਸੋਧਾਂ ਅਤੇ ਪ੍ਰਾਸਪੈਕਟਸ ਵਿੱਚ ਐੱਲਡੀਵੀ ਨਿਯਮਾਂ ਵਿੱਚ ਕੀਤੀ ਗਈ ਸੋਧ ਨੂੰ ਵੀ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਪਰ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ ਹੈ।