ਐਲਬਰਟ ਦੂਆ ਨੂੰ ਐੱਨਆਰਆਈ ਭਰਾਵਾਂ ਵੱਲੋਂ ਸਮਰਥਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜੂਨ
ਘੱਟ ਗਿਣਤੀ ਭਾਈਚਾਰੇ ਦੇ ਹਲਕਾ ਪੱਛਮੀ ਤੋਂ ਸਰਬ ਸਾਂਝੇ ਉਮੀਦਵਾਰ ਐਲਬਰਟ ਦੂਆ ਨੂੰ ਜਿੱਥੇ ਹਰ ਵਰਗ ਵੱਲੋਂ ਸਮਰਥਨ ਮਿਲ ਰਿਹਾ ਹੈ ਉਥੇ ਐੱਨਆਰਆਈ ਭਾਈਚਾਰੇ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਅਮਰੀਕਾ ਦੇ ਪ੍ਰਧਾਨ ਸਰਬਜੀਤ ਰਾਜ, ਹੋਸਨਾ ਇੰਟਰਨੈਸ਼ਨਲ ਮਨਿਸਟਰੀ ਅਮਰੀਕਾ ਦੇ ਫਾਊੰਡਰ ਚੇਅਰਮੈਨ ਡੇਵਡ ਮਸੀਹ, ਆਸਟ੍ਰੇਲੀਅਨ ਕ੍ਰਿਸ਼ਚੀਅਨ ਫੈਡਰੇਸ਼ਨ ਦੇ ਬਰਨਾਰਡ ਮਲਿਕ, ਆਲ ਕ੍ਰਿਸ਼ਚੀਅਨ ਫੈਡਰੇਸ਼ਨ ਯੂਕੇ ਦੇ ਚੇਅਰਮੈਨ ਪਾਲ ਸਹੋਤਾ, ਮੇਸੀ ਐਂਡ ਸਨ ਫਾਊਂਡੇਸ਼ਨ ਦੇ ਟਰੱਸਟੀ ਐਡਵੋਕੇਟ ਕਮਲ ਖੋਖਰ ਅਤੇ ਸਰਪਰਸਤ ਸੁਰਿੰਦਰ ਮੈਸੀ ਨੇ ਐਲਬਰਟ ਦੂਆ ਦੀ ਤਨ, ਮਨ ਅਤੇ ਧਨ ਨਾਲ ਮਦਦ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਦੂਆ ਨੂੰ ਭੇਜੇ ਵੱਖ-ਵੱਖ ਪੱਤਰਾਂ ਵਿੱਚ ਸਮਰਥਨ ਦਾ ਐਲਾਨ ਕਰਦਿਆਂ ਉਨ੍ਹਾਂ ਹਲਕਾ ਪੱਛਮੀ ਵਿੱਚ ਰਹਿੰਦੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸਾਈ ਭਾਈਚਾਰੇ ਅਤੇ ਖ਼ਾਸ ਕਰਕੇ ਘੱਟ ਗਿਣਤੀ ਲੋੜਵੰਦ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਐਲਬਰਟ ਦੂਆ ਨੂੰ ਵੋਟ ਪਾ ਕੇ ਕਾਮਯਾਬ ਕਰਨ।
ਇਸ ਦੌਰਾਨ ਐਲਬਰਟ ਦੂਆ ਵੱਲੋਂ ਹਲਕਾ ਪੱਛਮੀ ਦੇ ਵੱਖ ਵੱਖ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸਾਈ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਵਰਗਾਂ ਅਤੇ ਖਾਸ ਕਰਕੇ ਘੱਟ ਗਿਣਤੀਆਂ ਦੇ ਪ੍ਰਤੀਨਿਧ ਮੀਟਿੰਗਾਂ ਦੌਰਾਨ ਆਪਣਾ ਸਮਰਥਨ ਦੇ ਰਹੇ ਹਨ।