ਐਰੋਸਿਟੀ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਥਾਂ ਮਿਲਿਆ ‘ਧੋਖਾ’
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 1 ਜੂਨ
ਪਾਵਰਕੌਮ ਵੱਲੋਂ ਐਰੋਸਿਟੀ ਵਿੱਚ ਬਿਜਲੀ ਸਪਲਾਈ ਦੀਆਂ ਓਪਨ ਤਾਰਾਂ ਪਾਉਣ ਲਈ ਸੜਕ ਕੰਢੇ ਖੰਭੇ ਗੱਡ ਦਿੱਤੇ ਗਏ ਹਨ। ਇਸ ਕਾਰਨ ਲੋਕਾਂ ਵਿੱਚ ਰੋਸ ਅਤੇ ਸਹਿਮ ਦਾ ਮਾਹੌਲ ਹੈ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਗਮਾਡਾ ਵੱਲੋਂ ਆਪਣੇ ਵਕਾਰੀ ਪ੍ਰਾਜੈਕਟ ਐਰੋਸਿਟੀ ਵਿੱਚ ਅੰਡਰਗਰਾਊਂਡ ਬਿਜਲੀ ਸਪਲਾਈ ਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ ਸੀ ਪਰ ਗਮਾਡਾ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ, ਹੁਣ ਇੱਥੇ ਓਪਨ ਤਾਰਾਂ ਪਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਐਰੋਸਿਟੀ ਬਲਾਕ ‘ਜੀ’ ਅਤੇ ‘ਈ’ ਵਿੱਚ ਜ਼ਮੀਨ ਦੇ ਉੱਪਰ ਬਿਜਲੀ ਸਪਲਾਈ ਲਈ ਖੰਭੇ ਗੱਡਣ ਦਾ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਐਰੋਸਿਟੀ ਪ੍ਰਾਜੈਕਟ ਦੀਆਂ ਸਾਰੀਆਂ ਸੇਵਾਵਾਂ ਬਿਜਲੀ, ਪਾਣੀ, ਸੀਵਰੇਜ ਆਦਿ ਅੰਡਰਗਰਾਊਡ ਦੇਣ ਦਾ ਭਰੋਸਾ ਦਿੱਤਾ ਸੀ। ਇਸ ਕਾਰਨ ਲੋਕਾਂ ਨੇ ਮਹਿੰਗੇ ਭਾਅ ’ਤੇ ਐਰੋਸਿਟੀ ਵਿੱਚ ਪਲਾਟ ਖ਼ਰੀਦ ਕੇ ਆਪਣੇ ਸੁਫ਼ਨਿਆਂ ਦੇ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ ਸੀ।
ਉਨ੍ਹਾਂ ਕਿਹਾ ਕਿ ਅੰਡਰਗਰਾਊਂਡ ਬਿਜਲੀ ਸਪਲਾਈ ਵਾਲਾ ਇਹ ਪੰਜਾਬ ਸਰਕਾਰ ਦਾ ਪਹਿਲਾ ਪ੍ਰਾਜੈਕਟ ਸੀ। ਇਸ ਦੀ ਉਸਾਰੀ ਗਮਾਡਾ ਨੇ ਕੁਝ ਸਾਲ ਪਹਿਲਾਂ ਕੀਤੀ ਸੀ। ਗਮਾਡਾ ਨੇ ਪਲਾਟ ਵੇਚਣ ਸਮੇਂ ਅਲਾਟੀਆਂ ਨੂੰ ਅੰਡਰਗਰਾਊਂਡ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਪਾਵਰਕੌਮ ਵੱਲੋਂ ਜ਼ਮੀਨ ਉੱਪਰ ਓਵਰਹੈੱਡ ਖੰਭੇ ਖੜ੍ਹੇ ਕੀਤੇ ਜਾ ਰਹੇ ਹਨ। ਇਸ ਦਾ ਸਥਾਨਕ ਲੋਕ ਵਿਰੋਧ ਕਰ ਰਹੇ ਹਨ। ਇਹ ਐਰੋਸਿਟੀ ਦੇ ਮਾਸਟਰ ਪਲਾਨ ਦੀ ਵੱਡੀ ਉਲੰਘਣਾ ਹੈ ਜਦੋਂ ਵਸਨੀਕਾਂ ਨੇ ਪਾਵਰਕੌਮ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅੰਡਰਗਰਾਊਂਡ ਬਿਜਲੀ ਸਪਲਾਈ ਲਈ ਵਿਭਾਗ ਕੋਲ ਲੋੜੀਂਦੇ ਤਕਨੀਕੀ ਉਪਕਰਨ ਨਹੀਂ ਹਨ ਅਤੇ ਨਾ ਹੀ ਲੋੜੀਂਦੇ ਫੰਡ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਜੇ ਪਾਵਰਕੌਮ ਨੇ ਅੰਡਰਗਰਾਊਂਡ ਤਾਰਾਂ ਨਾ ਪਾਈਆਂ ਤਾਂ ਸਥਾਨਕ ਵਸਨੀਕ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਗਮਾਡਾ ਦੇ ਐਕਸੀਅਨ (ਇਲੈਕਟ੍ਰੀਕਲ ਵਿੰਗ) ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਕਿਸੇ ਨਿੱਜੀ ਫੰਕਸ਼ਨ ਵਿੱਚ ਬਾਹਰ ਆਏ ਹੋਏ ਹਨ। ਇਸ ਸਬੰਧੀ ਭਲਕੇ ਦਫ਼ਤਰੀ ਸਮੇਂ ਵਿਸਥਾਰ ’ਚ ਗੱਲ ਕੀਤੀ ਜਾ ਸਕਦੀ ਹੈ। ਉਂਜ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਟਰੀਟ ਲਾਈਟਾਂ ਦਾ ਕੰਮ ਹੈ।
ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹੈ ਗਮਾਡਾ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਦੇ ਵਿਕਾਸ ਤੇ ਲੋਕਾਂ ਲਈ ਗਮਾਡਾ ਕੋਈ ਕੰਮ ਨਹੀਂ ਕਰ ਰਿਹਾ ਹੈ। ਐਰੋਸਿਟੀ ਵਸਾਉਣ ਸਮੇਂ ਗਮਾਡਾ ਨੇ ਅੰਡਰਗਰਾਊਂਡ ਤਾਰਾਂ ਪਾਉਣ ਦੇ ਪੈਸੇ ਵਸੂਲੇ ਸਨ ਤੇ ਹੁਣ ਓਵਰਹੈੱਡ ਤਾਰਾਂ ਪਾਉਣਾ ਗ਼ਲਤ ਹੈ। ਇਹ ਅਦਾਰਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਆਪਣੇ ਇਕਰਾਰ ਮੁਤਾਬਕ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹੀ ਹਾਲ ਰਿਹਾ ਤਾਂ ਮੁਹਾਲੀ ਵਿਕਾਸ ਪੱਖੋਂ ਪਛੜ ਜਾਵੇਗਾ। ਅਧੂਰੇ ਪਏ ਕੰਮਾਂ ਅਤੇ ਲੋਕ ਮਸਲਿਆਂ ਬਾਰੇ ਗਮਾਡਾ ਕੋਈ ਧਿਆਨ ਨਹੀਂ ਰਿਹਾ ਹੈ। ਇਸ ਤਰ੍ਹਾਂ ਸਰਕਾਰੀ ਅਦਾਰੇ ਤੋਂ ਲੋਕਾਂ ਦਾ ਭਰੋਸਾ ਉਠਣਾ ਸੁਭਾਵਿਕ ਹੈ। ਸੜਕਾਂ, ਬਿਜਲੀ-ਪਾਣੀ ਅਤੇ ਹੋਰ ਸਹੂਲਤਾਂ ਨੂੰ ਲੋਕ ਤਰਸ ਰਹੇ ਹਨ। ਸੜਕ ਹਾਦਸੇ ਵਾਪਰ ਰਹੇ ਹਨ। ਲੋਕਾਂ ਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਹਨ।