ਐਡਵੋਕੇਟ ਘੁੰਮਣ ਦੇ ਪਰਿਵਾਰਿਕ ਮੈਂਬਰ ਵੀ ਚੋਣ ਮੁਹਿੰਮ ’ਚ ਉਤਰੇ
ਗੁਰਿੰਦਰ ਸਿੰਘ
ਲੁਧਿਆਣਾ, 23 ਮਈ
ਹਲਕਾ ਪੱੱਛਮੀ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਪਰਿਵਾਰਿਕ ਮੈਂਬਰ ਅਤੇ ਸਮਰਥਕ ਵੀ ਚੋਣ ਮੁਹਿੰਮ ਵਿੱਚ ਨਿੱਤਰ ਕੇ ਵੋਟਰਾਂ ਨੂੰ ਮਿਲ ਰਹੇ ਹਨ ਅਤੇ ਆਪਣਾ ਚੋਣ ਏਜੰਡਾ ਰੱਖਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣ ਰਹੇ ਹਨ। ਇਸ ਮੌਕੇ ਐਡਵੋਕੇਟ ਘੁੰਮਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹਲਕੇ ਵਿੱਚ ਸਾਫ਼-ਸੁਥਰੀ ਰਾਜਨੀਤੀ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਲੋਕਾਂ ਨੂੰ ਵਿਦਿਆ, ਸਿਹਤ, ਬੇਰੁਜ਼ਗਾਰੀ ਅਤੇ ਵਿਕਾਸ ਦੇ ਮਸਲਿਆਂ 'ਤੇ ਆਪਣੀ ਪਾਰਟੀ ਦੀ ਯੋਜਨਾ ਦੱਸਦੇ ਹੋਏ ਕਿਹਾ ਕਿ ਜੇ ਉਹ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚਦੇ ਹਨ ਤਾਂ ਉਹ ਇਨ੍ਹਾਂ ਮੁੱਦਿਆਂ ਨੂੰ ਤਰਜ਼ੀਹ ਦੇਣਗੇ।
ਇਸ ਮੌਕੇ ਕਈ ਵੋਟਰਾਂ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨਾਲ ਸਵਾਲ-ਜਵਾਬ ਵੀ ਕੀਤੇ। ਐਡਵੋਕੇਟ ਘੁੰਮਣ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਇਲਾਕੇ ’ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਹਾਲ ਕਰਵਾ ਕੇ ਲੋਕਾਂ ਅੰਦਰ ਬੈਠੇ ਡਰ ਅਤੇ ਭੈਅ ਨੂੰ ਖਤਮ ਕਰਨਾ, ਨਸ਼ਾ ਤਸਕਰਾਂ ਨੂੰ ਨੱਥ ਪਾਉਣੀ, ਇਲਾਕੇ ਦੇ ਵਿਕਾਸ ਵਿੱਚ ਬਿਜਲੀ, ਪਾਣੀ ਅਤੇ ਸੜਕਾਂ ਦੇ ਕਾਰਜਾਂ ਨੂੰ ਪ੍ਰਮੁੱਖਤਾ ਦੇਣਾ ਹੋਵੇਗੀ।