ਐਕੁਆਇਰ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ’ਤੇ ਕਿਸਾਨਾਂ ਨੇ ਰਾਹ ਰੋਕਿਆ
ਕਰਮਜੀਤ ਸਿੰਘ ਚਿੱਲਾ
ਬਨੂੜ, 21 ਦਸੰਬਰ
ਪਿੰਡ ਮਨੌਲੀ ਸੂਰਤ ਵਿੱਚ ਕਿਸਾਨਾਂ ਨੂੰ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵੱਜੋਂ ਕਿਸਾਨਾਂ ਨੇ ਜ਼ਮੀਨ ਵਿੱਚ ਬਣਾਇਆ ਆਰਜ਼ੀ ਰਾਹ ਰੋਕ ਕੇ ਪੰਜਾਬ ਸਰਕਾਰ, ਮਾਲ ਵਿਭਾਗ ਤੇ ਐੱਨਐੱਚਏਆਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਤੁਰੰਤ ਮੁਆਵਜ਼ਾ ਜਾਰੀ ਕਰਨ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੜਕ ਦਾ ਕੰਮ ਬੰਦ ਕਰਨ ਦੀ ਚਿਤਾਵਨੀ ਦਿੱਤੀ।
ਕਿਸਾਨ ਚੇਤੰਨ ਸਿੰਘ, ਬਲਬੀਰ ਸਿੰਘ, ਸੁਖਜੀਤ ਸਿੰਘ, ਨੰਬਰਦਾਰ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਹਰਮਿੰਦਰ ਸਿੰਘ, ਰਾਮਕਰਨ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐਕੁਆਇਰ ਕੀਤੀ ਜ਼ਮੀਨ ਦੀ ਜਨਵਰੀ 2023 ਵਿੱਚ ਪੇਮੈਂਟ ਪਾਉਣੀ ਸ਼ੁਰੂ ਕੀਤੀ ਸੀ ਪਰ ਦੋ ਸਾਲ ਬੀਤਣ ਦੇ ਬਾਵਜੂਦ ਅਨੇਕਾਂ ਕਿਸਾਨਾਂ ਨੂੰ ਪੂਰਾ ਬਣਦਾ ਮੁਆਵਜ਼ਾ ਜਾਰੀ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰ ਲਏ ਹਨ। ਕਿਸਾਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਦੇ ਕੋਠਿਆਂ, ਟਿਊਬਵੈੱਲਾਂ ਤੇ ਦਰੱਖਤਾਂ ਦੀਆਂ ਪੇਮੈਂਟਾਂ ਵੀ ਜਾਰੀ ਨਹੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਥਾਂ ’ਤੇ ਕੋਈ ਸੁਣਵਾਈ ਨਹੀ ਹੋ ਰਹੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀ ਕਈ ਤਰ੍ਹਾਂ ਦੀ ਊਣਤਾਈਆਂ ਲਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਡੀਆਰ ਦਫ਼ਤਰ ਵਿੱਚ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ। ਚੇਤੰਨ ਸਿੰਘ, ਚਮਨ ਲਾਲ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਿਸ ਨੰਬਰ ਦਿਖਾਏ ਜਾ ਰਹੇ ਹਨ, ਜਦ ਕਿ ਉਨ੍ਹਾਂ ਦੀ ਜ਼ਮੀਨ ਨੂੰ ਐੱਨਐੱਚਏਆਈ ਦੀ ਮਲਕੀਅਤ ਦਾ ਤਿੰਨ ਡੀ ਦਾ ਨੋੋਟਿਸ ਵੀ ਚੜਾ ਦਿੱਤਾ ਹੈ। ਉਨ੍ਹਾਂ ਨੂੰ ਇਸ ਐਕੁਆਇਰ ਹੋਈ ਜ਼ਮੀਨ ਦੀ ਫੁੱਟੀ ਕੌਡੀ ਵੀ ਨਹੀ ਮਿਲੀ।
ਕਿਸਾਨਾਂ ਨੇ ਅੱਜ ਐਕੁਆਇਰ ਕੀਤੀ ਜ਼ਮੀਨ ਤੇ ਬਿਨਾਂ ਮੁਆਵਜ਼ਾ ਦਿੱਤੇ ਬਣਾਏ ਰਸਤੇ ਦਾ ਕੰਮ ਬੰਦ ਕਰਾ ਦਿੱਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਪੈਸੇ ਜਾਰੀ ਨਾ ਕੀਤੇ ਗਏ, ਉਹ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਦੂਜੇ ਪਾਸੇ ਦਾ ਰਸਤਾ ਬੰਦ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਤੁਰੰਤ ਬਣਦਾ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ।
ਪੰਚਕੂਲਾ ਦੇ ਡੀਸੀ ਦਫ਼ਤਰ ਅੱਗੇ ਟੈਂਟ ਲਾ ਕੇ ਬੈਠੇ ਕਿਸਾਨ
ਪੰਚਕੂਲਾ (ਪੀਪੀ ਵਰਮਾ): ਪੰਜਾਬ-ਹਰਿਆਣਾ ਦੀ ਸਰਹੱਦ ’ਤੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਭਾਰਤੀ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਜ਼ਿਲ੍ਹੇ ਦੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਅੰਬਾਲਾ ਦੇ ਖਨੌਰੀ ਬਾਰਡਰ ’ਤੇ ਐੱਮਐੱਸਪੀ ਗਾਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ’ਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਜਥੇਬੰਦੀ ਨਾਲ ਜੁੜੇ ਕਿਸਾਨਾਂ ਨੇ ਸੈਕਟਰ-01 ਮਿਨੀ ਸਕੱਤਰੇਤ ਅੱਗੇ ਧਰਨਾ ਦਿੱਤਾ। ਕਿਸਾਨਾਂ ਨੇ ਇੱਕ ਦਿਨ ਲਈ ਮਿਲ ਕੇ ਭੁੱਖ ਹੜਤਾਲ ਕੀਤੀ। ਭੁੱਖ ਹੜਤਾਲ ’ਤੇ ਬੈਠੇ 11 ਕਿਸਾਨਾਂ ਨੂੰ ਫੁੱਲਾਂ ਦੇ ਹਾਰ ਭੇਟ ਕੀਤੇ ਗਏ। ਇਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਅਤੇ ਡੱਲੇਵਾਲ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਪੰਚਕੂਲਾ ਸੀਟੀਐੱਮ ਨੂੰ ਆਪਣੀਆਂ ਮੰਗਾਂ ਭੇਜੀਆਂ। ਭਾਰਤੀ ਕਿਸਾਨ ਯੂਨੀਅਨ ਸਿੰਘ ਨੇ ਕਿਹਾ ਕਿ 10 ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ, ਕਿਸਾਨ ਅੰਬਾਲਾ ਦੇ ਖਨੌਰੀ ਬਾਰਡਰ ‘ਤੇ ਧਰਨਾ ਦੇ ਹਰੇ ਹਨ ਅਤੇ ਹਰਿਆਣਾ ਦੇ ਕਿਸਾਨ ਵੀ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਨਾਲ ਖੜ੍ਹੇ ਹਨ। ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸਮੇਤ ਕਿਮਾਨਾਂ ਨੇ ਸਿਟੀ ਮੈਜੀਸਟਰੇਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਪੱਤਰ ਵੀ ਦਿੱਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਗੀਆਂ ਗਈਆਂ ਤਾਂ ਕਿਸਾਨ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।