ਐਂਬੂਲੈਂਸ ਧਾਰਮਿਕ ਸਥਾਨ ਦੀ ਕੰਧ ’ਚ ਵੱਜੀ, ਚਾਲਕ ਹਲਾਕ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਜੂਨ
ਇੱਥੇ ਚੰਡੀਗੜ੍ਹ-ਲੁਧਿਆਣਾ ਮਾਰਗ ’ਤੇ ਅੱਜ ਸਵੇਰੇ ਪਿੰਡ ਹੀਰਾ ਨੇੜੇ ਮਰੀਜ਼ ਨੂੰ ਲਿਜਾ ਰਹੀ ਐਂਬੂਲੈਂਸ ਬੇਕਾਬੂ ਹੋ ਕੇ ਧਾਰਮਿਕ ਸਥਾਨ ਦੀ ਕੰਧ ਵਿੱਚ ਵੱਜੀ। ਇਸ ਹਾਦਸੇ ਵਿੱਚ ਐਂਬੂਲੈਂਸ ਚਾਲਕ ਜੈਪਾਲ ਵਾਸੀ ਯਮੁਨਾਨਗਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ 4 ਜੀਅ ਜਿਸ ਵਿੱਚ 2 ਬੱਚੇ ਵੀ ਸ਼ਾਮਲ ਹਨ, ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪ੍ਰਾਈਵੇਟ ਐਂਬੂਲੈਂਸ ਮਰੀਜ਼ ਨੂੰ ਲੈ ਕੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਸੀ ਕਿ ਰਾਹ ਵਿੱਚ ਐਂਬੂਲੈਂਸ ਬੇਕਾਬੂ ਹੋ ਕੇ ਪਿੰਡ ਹੀਰਾ ਨੇੜੇ ਸੜਕ ਕਿਨਾਰੇ ਬਣੇ ਧਾਰਮਿਕ ਅਸਥਾਨ ਦੀ ਕੰਧ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਐਂਬੂਲੈਂਸ ਚਾਲਕ ਜੈਪਾਲ ਦੀ ਮੌਤ ਹੋ ਗਈ, ਜਦਕਿ ਐਂਬੂਲੈਸ ’ਚ ਸਵਾਰ ਲਲਿਤਾ, ਭਗਵਾਨ, ਨਾਬਾਲਗ ਸ਼ਾਮ ਕੁਮਾਰ ਸਮੇਤ ਇਕ ਹੋਰ ਬੱਚਾ ਜ਼ਖ਼ਮੀ ਹੋ ਗਿਆ। ਇਹ ਪਰਿਵਾਰ ਆਪਣੇ ਬੱਚੇ ਨੂੰ ਚੰਡੀਗੜ੍ਹ ਸਥਿਤ ਹਸਪਤਾਲ ਤੋਂ ਛੁੱਟੀ ਕਰਵਾ ਕੇ ਲੁਧਿਆਣਾ ਵਿੱਚ ਘਰ ਵਾਪਸ ਜਾ ਰਿਹਾ ਸੀ ਕਿ ਰਸਤੇ ਵਿਚ ਹਾਦਸਾ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਸਮਰਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਜੈਪਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਕੂੰਮਕਲਾਂ ਪੁਲੀਸ ਨੇ ਜੈਪਾਲ ਦੇ ਭਰਾ ਘਣਸ਼ਿਆਮ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ।