ਏਸ਼ੀਅਨ ਚੈਂਪੀਅਨਸ਼ਿਪ: ਵੇਟਲਿਫਟਰ ਅਜੀਤ ਅਤੇ ਅਚਿੰਤਾ ਗਰੁੱਪ ਪੱਧਰ ’ਤੇ ਸਿਖ਼ਰਲੀਆਂ ਦੋ ਥਾਵਾਂ ’ਚ
ਜਿੰਜੂ (ਕੋਰੀਆ), 8 ਮਈ
ਭਾਰਤੀ ਵੇਟਲਿਫਟਰ ਅਜੀਤ ਨਾਰਾਇਣ ਤੇ ਅਚਿੰਤਾ ਸ਼ਿਉਲੀ ਅੱਜ ਇੱਥੇ ਏਸ਼ਿਆਈ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ 73 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿਚ ਗਰੁੱਪ ਬੀ ‘ਚ ਪਹਿਲੇ ਤੇ ਦੂਜੇ ਸਥਾਨ ਉਤੇ ਰਹੇ। ਆਪਣੇ ਪਹਿਲੇ ਸੀਨੀਅਰ ਕੌਮਾਂਤਰੀ ਟੂਰਨਾਮੈਂਟ ਵਿਚ ਮੁਕਾਬਲਾ ਕਰ ਰਹੇ ਅਜੀਤ ਨੇ ਕੁੱਲ 307 (139 ਕਿਲੋ 168 ਕਿਲੋ) ਭਾਰ ਚੁੱਕਿਆ, ਜਦਕਿ ਅਚਿੰਤਾ 305 ਕਿਲੋ (140 ਕਿਲੋ 165 ਕਿਲੋ) ਦਾ ਕੁੱਲ ਭਾਰ ਹੀ ਚੁੱਕ ਸਕੇ। ਭਾਰਤ ਦੇ ਇਨ੍ਹਾਂ ਦੋਵਾਂ ਵੇਟਲਿਫਟਰਾਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਭਾਰ ਦੇ ਅਧਾਰ ਉਤੇ ਗਰੁੱਪ ਬੀ ਵਿਚ ਰੱਖਿਆ ਗਿਆ ਸੀ। ਮੌਜੂਦਾ ਰਾਸ਼ਟਰੀ ਚੈਂਪੀਅਨ ਅਜੀਤ ਨੇ ਆਪਣੇ ਸ਼ੁਰੂਆਤੀ ਦੋ ਸਨੈਚ ਯਤਨਾਂ ਵਿਚ 135 ਕਿਲੋਗ੍ਰਾਮ ਤੇ 139 ਕਿਲੋਗ੍ਰਾਮ ਭਾਰ ਚੁੱਕਿਆ, ਪਰ 141 ਕਿਲੋਗ੍ਰਾਮ ਦੇ ਆਪਣੇ ਆਖ਼ਰੀ ਯਤਨ ਵਿਚ ਅਸਫ਼ਲ ਰਹੇ। ਭਾਰਤੀ ਦਲ ਇਸ ਮੁਕਾਬਲੇ ਵਿਚ ਤਿੰਨ ਚਾਂਦੀ ਦੇ ਤਗ਼ਮਿਆਂ ਨਾਲ ਪਰਤਿਆ ਹੈ। ਰਾਸ਼ਟਰਮੰਡਲ ਖੇਡਾਂ ਦੀ ਜੇਤੂ ਬਿੰਦੀਆਰਾਨੀ ਦੇਵੀ ਤੇ ਨੌਜਵਾਨ ਉਲੰਪਿਕ ਚੈਂਪੀਅਨ ਜੇਰੇਮੀ ਲਾਲਰਿਨੁੰਗਾ ਤਗਮਾ ਹਾਸਲ ਕਰਨ ਵਿਚ ਸਫ਼ਲ ਰਹੇ। -ਪੀਟੀਆਈ