ਏਟੀਐੱਮ ਬਦਲ ਕੇ 55 ਹਜ਼ਾਰ ਠੱਗੇ
ਜਸਪ੍ਰੀਤ ਸਿੰਘ ਪੁੱਤਰ ਵਿਕਰਮਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਸਮਾਣਾ ਨੇ ਥਾਣਾ ਸਿਟੀ ਪੁਲੀਸ ਨੂੰ ਅਣ-ਪਛਾਤੇ ਵਿਅਕਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਏਟੀਐੱਮ ਬਦਲ ਕੇ 54,640 ਰੁਪਏ ਦੀ ਠੱਗੀ ਮਾਰੀ ਹੈ। ਜਸਪ੍ਰੀਤ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦਾ ਚਾਚਾ ਰੁਪਿੰਦਰ ਸਿੰਘ ਵਾਸੀ ਘੜਾਮੀ ਪੱਤੀ ਦਾ ਭਾਰਤੀ ਸਟੇਟ ਬੈਂਕ ਵਿਚ ਖ਼ਾਤਾ ਹੈ। ਜਦੋਂ 10 ਮਈ ਨੂੰ ਉਸ ਦੇ ਚਾਚਾ ਰੁਪਿੰਦਰ ਸਿੰਘ ਨੇ ਉਸ ਨੂੰ ਆਪਣਾ ਏਟੀਐੱਮ ਕਾਰਡ ਦੇ ਕੇ ਪੈਸੇ ਕਢਵਾਉਣ ਲਈ ਭੇਜਿਆ ਤਾਂ ਏਟੀਐੱਮ ਦੇ ਕੈਬਿਨ ਵਿੱਚ ਗਿਆ ਤਾਂ ਉਸ ਦੇ ਪਿੱਛੇ ਇਕ ਵਿਅਕਤੀ ਆ ਗਿਆ। ਉਸ ਨੇ ਪੈਸੇ ਕਢਵਾਉਣ ਲਈ ਏਟੀਐੱਮ ਮਸ਼ੀਨ ਵਿੱਚ ਆਪਣਾ ਕਾਰਡ ਲਗਾਇਆ ਪਰ ਏਟੀਐੱਮ ਕਾਰਡ ਨਹੀਂ ਚੱਲਿਆ। ਇਸ ਦੌਰਾਨ ਨਾਲ ਖੜੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਤੁਹਾਡਾ ਏਟੀਐੱਮ ਕਾਰਡ ਸਹੀ ਨਹੀਂ ਲੱਗਾ। ਅਣਪਛਾਤੇ ਵਿਅਕਤੀ ਨੇ ਉਸ ਦਾ ਏਟੀਐੱਮ ਫੜ ਕੇ ਦੁਬਾਰਾ ਮਸ਼ੀਨ ਵਿੱਚ ਲਗਾਉਣ ਲੱਗ ਪਿਆ। ਉਸ ਨੇ ਚਲਾਕੀ ਨਾਲ ਉਸ ਦਾ ਏਟੀਐੱਮ ਬਦਲ ਕੇ ਉਸ ਨੂੰ ਕਿਸੇ ਹੋਰ ਦਾ ਏਟੀਐੱਮ ਕਾਰਡ ਦੇ ਦਿੱਤਾ। ਇਸ ਉਪਰੰਤ ਉਹ ਉੱਥੋਂ ਮੋਟਰ ਸਾਈਕਲ ’ਤੇ ਬੈਠ ਕੇ ਚਲਾ ਗਿਆ। ਕੁਝ ਦੇਰ ਬਾਅਦ ਉਸ ਦੇ ਏਟੀਐੱਮ ਕਾਰਡ ਰਾਹੀਂ 40000/ ਰੁਪਏ ਕਢਵਾ ਲਏ ਅਤੇ 14640/ ਰੁਪਏ ਕਿਸੇ ਦੁਕਾਨਦਾਰ ਤੋਂ ਸਵੈਪ ਕਰਵਾ ਲਏ। ਇਸ ਠੱਗੀ ਦਾ ਪਤਾ ਉਸ ਸਮੇਂ ਲੱਗਾ ਜਦੋਂ ਖ਼ਾਤੇ ’ਚੋਂ ਪੈਸੇ ਕਢਵਾਉਣ ਦਾ ਉਸ ਦਾ ਚਾਚੇ ਦੇ ਮੋਬਾਈਲ ਫ਼ੋਨ ’ਤੇ ਸੰਦੇਸ਼ ਆਏ। ਉਸ ਨੇ ਤੁਰੰਤ ਆਪਣਾ ਏ.ਟੀ.ਐਮ. ਕਾਰਡ ਬੰਦ ਕਰਵਾਇਆ। ਉਸ ਨੇ ਦੱਸਿਆ ਕਿ ਏਟੀਐਮ ਬਦਲਣ ਵਾਲੇ ਵਿਅਕਤੀ ਦੀ ਵੀਡਿਓ ਏਟੀਐੱਮ ਮਸ਼ੀਨ ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਮੌਜੂਦ ਹੈ। ਉਸ ਨੇ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।