ਏਕੇ ’ਚ ਅੜਿੱਕਾ ਨਾ ਬਣਨ ਸੁਖਬੀਰ: ਚੰਦੂਮਾਜਰਾ
ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 12 ਜੂਨ
ਪਿਛਲੇ ਦਿਨੀ ਘਾਗ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਸਬੰਧੀ ਸਮਾਗਮ ’ਤੇ ਅਕਾਲੀ ਦਲ ਦੇ ਦੋਵੇਂ ਧੜਿਆਂ ਦੀ ਮੁੱਖ ਲੀਡਰਸ਼ਿਪ ਦੇ ਇੱਕੋ ਮੰਚ ’ਤੇ ਇਕੱਠੇ ਹੋਣ ਉਪਰੰਤ ਇੱਕ ਵਾਰ ਫੇਰ ਪੰਥਕ ਏਕਤਾ ਦੀ ਚਰਚਾ ਤੁਰਦੀ ਨਜ਼ਰ ਆ ਰਹੀ ਹੈ। ਇਸ ਭੋਗ ਮਗਰੋਂ ਬਾਦਲ ਵਿਰੋਧੀ ਧੜੇ ਦੇ ਅੱਜ ਇਥੇ ਸਨੌਰ ਨੇੜੇ ਪੈਲੇਸ ’ਚ ਹੋਏ ਇਕੱਠ ’ਚ ਏਕਤਾ ਸਬੰਧੀ ਚਰਚਾ ਮੁੱਖ ਮੁੱਦਾ ਬਣੀ ਰਹੀ ਜਿਸ ਦੌਰਾਨ ਪੰਥਕ ਏਕਤਾ ਨੂੰ ਜ਼ਰੂਰੀ ਦੱਸਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਤਿਆਗ ਦੀ ਭਾਵਨਾ ਹੀ ਪੰਥਕ ਏਕਤਾ ਯਕੀਨੀ ਬਣਾ ਸਕਦੀ ਹੈ ਜਿਸ ਕਰਕੇ ਇਸ ਅਹਿਮ ਪਹਿਲੂ ਤੋਂ ਮੂੰਹ ਫੇਰੀਂ ਬੈਠੀ ਲੀਡਰਸ਼ਿਪ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਰਹੂਮ ਸੁਖਦੇਵ ਸਿੰਘ ਢੀਂਡਸਾ ਏਕਤਾ ਦੇ ਮੁਦੱਈ ਸਨ ਪਰ ਉਨ੍ਹਾਂ ਦੇ ਜਿਉਂਦੇ ਜੀਅ ਇਸ ਨੂੰ ਬੂਰ ਨਾ ਪੈ ਸਕਿਆ। ਸੁਖਬੀਰ ਬਾਦਲ ਨੂੰ ਸੰਬੋਧਿਤ ਹੁੰਦਿਆਂ ਚੰਦੂਮਾਜਰਾ ਨੇ ਕਿਹਾ ਕਿ ਹੁਣ ਸ੍ਰੀ ਢੀਂਡਸਾ ਦੀਆਂ ਭਾਵਨਾਵਾਂ ਤੇ ਇੱਛਾ ਦੀ ਪੂਰਤੀ ਵਿੱਚ ਉਹ ਅੜਿੱਕਾ ਨਾ ਬਣਨ।
ਭਰਤੀ ਕਮੇਟੀ ਦੀ ਆਮਦ ’ਤੇ ਸਨੌਰ ਤੋਂ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੀ ਅਗਵਾਈ ਹੇਠਾਂ ਹੋਏ ਇਸ ਇਕੱਠ ਵਿਚ ਭਰਤੀ ਕਮੇਟੀ ਦੇ ਮੈਬਰਾਂ ਮਨਪ੍ਰੀਤ ਸਿੰਘ ਇਯਾਲੀ ਅਤੇ ਇਕਬਾਲ ਸਿੰਘ ਝੂੰਦਾ ਸਨੌਰ, ਘਨੌਰ, ਸ਼ੁਤਰਾਣਾ, ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ ਅਤੇ ਰਾਜਪੁਰਾ ਹਲਕਿਆਂ ਨਾਲ਼ ਸਬੰਧਤ ਕੀਤੀ ਗਈ ਭਰਤੀ ਦੀਆਂ 1448 ਕਾਪੀਆਂ ਸੌਂਪੀਆਂ ਗਈਆਂ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਦੇ ਅਕਾਲੀ ਵਰਕਰਾਂ ਦਾ ਇਕੱਠ ਕਰਕੇ ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਪ੍ਰਤੀ ਸਮਰਪਿਤ ਭਾਵਨਾ ਪੇਸ਼ ਕੀਤੀ ਗਈ ਹੈ।