ਏਐੱਸ ਕਾਲਜ ’ਚ ਅਤਿਵਾਦ ਵਿਰੋਧੀ ਦਿਵਸ ਮਨਾਇਆ
ਖੰਨਾ: ਇਥੋਂ ਦੇ ਏ.ਐਸ ਕਾਲਜ ਆਫ ਐਜੂਕੇਸ਼ਨ ਵਿੱਚ ਅੱਜ ਐੱਨਐੱਸਐੱਸ ਯੂਨਿਟ ਨੇ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਅਤਿਵਾਦ ਵਿਰੋਧੀ ਦਿਵਸ ਮਨਾਇਆ। ਪ੍ਰੋਗਰਾਮ ਅਫ਼ਸਰ ਡਾ.ਸ਼ਿਲਪੀ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਤਿਵਾਦੀ ਕਾਰਵਾਈਆਂ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਕਿਹਾ। ਉਨ੍ਹਾਂ ਨੂੰ ਸੁਚੇਤ ਰਹਿਣ ਅਤੇ ਅਤਿਵਾਦ ਦੇ ਖਾਤਮੇ ਲਈ ਇੱਕਠੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਡਾ.ਅਰੋੜਾ ਨੇ ਅਤਿਵਾਦ ਦਾ ਮੁਕਾਬਲਾ ਕਰਨ ਵਿਚ ਸ਼ਾਂਤੀ, ਏਕਤਾ ਅਤੇ ਸਹਿਣਸ਼ੀਲਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਅਤਿਵਾਦ ਅਤੇ ਹਿੰਸਾ ਦੇ ਸਮਾਜ ਤੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਦਿਕਾ ਨੇ ਭਾਸ਼ਨ, ਗੁਰਪ੍ਰੀਤ ਨੇ ਕਵਿਤਾ ਅਤੇ ਪ੍ਰੀਤੀ ਨੇ ਸ਼ਪਥ ਪੜ੍ਹੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਹਰ ਤਰ੍ਹਾਂ ਦੇ ਅਤਿਵਾਦ ਅਤੇ ਹਿੰਸਾ ਦਾ ਵਿਰੋਧ ਕਰਨ ਅਤੇ ਸ਼ਾਂਤੀ ਤੇ ਸਮਾਜਿਕ ਸਦਭਾਵਨਾ ਬਣਾਈ ਰੱਖਣ ਦੀ ਸਹੁੰ ਚੁੱਕੀ। -ਨਿੱਜੀ ਪੱਤਰ ਪ੍ਰੇਰਕ