ਏਐੱਸਆਈ ਤੇ ਹਮਾਇਤੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
ਗੁਰਬਖਸ਼ਪੁਰੀ
ਤਰਨ ਤਾਰਨ, 20 ਮਈ
ਝਬਾਲ ਦੀ ਪੁਲੀਸ ਨੇ ਆਪਣੇ ਹੀ ਏਐੱਸਆਈ ਅਤੇ ਉਸ ਦੇ ਹਮਾਇਤੀ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਆਦਿ ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਏਐੱਸਆਈ ਰਾਮ ਸਿੰਘ ਅਤੇ ਉਸਦੇ ਸਾਥੀ ਭੁੱਚਰ ਕਲਾਂ ਦਾ ਵਾਸੀ ਗੁਰਬਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਅਤੇ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ (14 ਮਈ) ਨੂੰ ਏਐੱਸਆਈ ਰਾਮ ਸਿੰਘ, ਜਸਬੀਰ ਸਿੰਘ ’ਤੇ ਚਿੱਟਾ ਵੇਚਣ ਦਾ ਦੋਸ਼ ਲਗਾ ਕੇ ਉਸ ਨੂੰ ਥਾਣਾ ਲੈ ਆਇਆ| ਇਸੇ ਦੌਰਾਨ ਜਸਬੀਰ ਸਿੰਘ ’ਤੇ ਲਗਾਏ ਦੋਸ਼ ਨੂੰ ਝੂਠਾ ਆਖਦਿਆਂ ਪਿੰਡ ਦੇ ਪਤਵੰਤਿਆਂ ਸੁਰਜੀਤ ਸਿੰਘ ਅਤੇ ਗੁਰਸੇਵਕ ਸਿੰਘ ਸ਼ਾਹ ਨੇ ਕਿਹਾ ਕਿ ਉਹ ਅੰਮ੍ਰਿਤਧਾਰੀ ਹੋਣ ਕਰਕੇ ਅਜਿਹਾ ਕਿਸੇ ਵੀ ਸੂਰਤ ਵਿੱਚ ਨਹੀਂ ਕਰ ਸਕਦਾ| ਇਸ ਸਭ ਕੁਝ ਦੇ ਬਾਵਜੂਦ ਏਐੱਸਆਈ ਰਾਮ ਸਿੰਘ ਨੇ ਜਿੱਥੇ ਥਾਣਾ ਅੰਦਰ ਜਸਬੀਰ ਸਿੰਘ ਦੀ ਮਾਰਕੁੱਟ ਕੀਤੀ ਉੱਥੇ ਉਸ ਨੂੰ ਛੱਡਣ ਲਈ 25,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ| ਜਸਬੀਰ ਸਿੰਘ ਨੇ ਮੌਕੇ ’ਤੇ ਆਏ ਆਪਣੇ ਸਮਰਥਕਾਂ ਤੋਂ ਲੈ ਕੇ ਏਐੱਸਆਈ ਰਾਮ ਸਿੰਘ ਨੂੰ 6000 ਰੁਪਏ ਦੇ ਦਿੱਤੇ ਅਤੇ ਬਾਕੀ ਦੇ ਪੈਸੇ ਪਿੰਡ ਜਾ ਕੇ ਰਾਮ ਸਿੰਘ ਦੇ ਹਮਾਇਤੀ ਗੁਰਬਿੰਦਰ ਸਿੰਘ ਨੂੰ ਦੇਣ ਦਾ ਯਕੀਨ ਦਿੱਤਾ| ਪੈਸੇ ਲੈਣ ਦੇ ਬਾਵਜੂਦ ਰਾਮ ਸਿੰਘ ਨੇ ਜਸਬੀਰ ਸਿੰਘ ਖਿਲਾਫ਼ ਆਬਕਾਰੀ ਐਕਟ ਤਹਿਤ ਉਸ ਤੋਂ ਸ਼ਰਾਬ ਬਰਾਮਦ ਹੋਣ ਦਾ ਕੇਸ ਦਰਜ ਕਰ ਲਿਆ| ਗੁਰਬਿੰਦਰ ਸਿੰਘ ਨੇ ਜਸਬੀਰ ਸਿੰਘ ਤੋਂ ਲਏ 19,000 ਰੁਪਏ ਏਐੱਸਆਈ ਨੂੰ ਨਹੀਂ ਦਿੱਤੇ| ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਰਾਮ ਸਿੰਘ ਅਤੇ ਉਸ ਦੇ ਹਮਾਇਤੀ ਗੁਰਬਿੰਦਰ ਸਿੰਘ ਖਿਲਾਫ਼ ਬੀਤੇ ਕੱਲ੍ਹ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀ ਦਫ਼ਾ 7, 7-ਏ, 8 ਅਤੇ ਬੀਐੱਨਐੱਸ ਦੀ ਦਫ਼ਾ 61 (2) ਅਧੀਨ ਕੇਸ ਦਰਜ ਕੀਤਾ ਗਿਆ ਹੈ| ਇਸ ਤੋਂ ਪਹਿਲਾਂ ਥਾਣਾ ਝਬਾਲ ਦੀ ਹਿਰਾਸਤ ਵਿੱਚੋਂ ਮੁਲਜ਼ਮ ਦੇ ਫਰਾਰ ਹੋ ਜਾਣ ’ਤੇ ਦੋ ਏਐੱਸਆਈਜ਼ ਖਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।