ਏਐੱਸਆਈ ਅਤੇ ਡਰਾਈਵਰ 1.05 ਲੱਖ ਰੁਪਏ ਦੀ ਵੱਢੀ ਲੈਂਦੇ ਕਾਬੂ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 22 ਮਈ
ਪੰਜਾਬ ਵਿਜੀਲੈਂਸ ਬਿਊਰੋ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐਫ) ਬਠਿੰਡਾ ਰੇਂਜ ਵਿੱਚ ਤਾਇਨਾਤ ਏਐੱਸਆਈ ਮੇਜਰ ਸਿੰਘ ਅਤੇ ਉਸ ਦੇ ਨਿੱਜੀ ਡਰਾਈਵਰ ਰਾਮ ਸਿੰਘ ਨੂੰ 1.05 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਰਾਏਪੁਰ ਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਕੀਤੀਆਂ ਗਈਆਂ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਏਐੱਨਟੀਐੱਫ ਮਾਨਸਾ ਦੀ ਟੀਮ ਨੇ ਉਸ ਦੇ ਪੁੱਤਰ ਅਤੇ ਹੋਰਨਾਂ ਵਿਰੁੱਧ ਮੁਹਾਲੀ ਵਿੱਚ ਐੱਨਡੀਪੀਐੱਸ ਐੱਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਏਐੱਸਆਈ ਮੇਜਰ ਸਿੰਘ ਸ਼ਿਕਾਇਤਕਰਤਾ ਦੀ ਦੁਕਾਨ ’ਤੇ ਆਇਆ ਅਤੇ ਉਸ ਦੇ ਪੁੱਤਰ ਦੀ ਗ੍ਰਿਫ਼ਤਾਰੀ ਦੌਰਾਨ ਉਸ ਦੀ ਤਲਾਸ਼ੀ ਸਮੇਂ ਪੁਲੀਸ ਕੋਲ ਰੱਖਿਆ ਸੋਨਾ ਛੱਡ ਦੇਣ ਬਦਲੇ 2 ਲੱਖ ਰੁਪਏ ਮੰਗੇ। ਰਿਸ਼ਵਤ ਦੀ ਰਕਮ ਘੱਟ ਕਰਨ ਦੀ ਬੇਨਤੀ ਕਰਨ ’ਤੇ ਡਰਾਈਵਰ ਰਾਮ ਸਿੰਘ ਨੇ ਆਪਣੇ ਲਈ 5 ਹਜ਼ਾਰ ਅਤੇ ਏਐੱਸਆਈ ਲਈ ਡੇਢ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਵਿਜੀਲੈਂਸ ਵੱਲੋਂ ਪਨਬੱਸ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਕਾਬੂ
ਮੁਹਾਲੀ (ਪੱਤਰ ਪ੍ਰੇਰਕ): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਸਟੇਟ ਟਰਾਂਸਪੋਰਟ ਦੇ ਡਾਇਰੈਕਟਰ-ਕਮ-ਮੈਨੇਜਿੰਗ ਡਾਇਰੈਕਟਰ (ਪਨਬੱਸ) ਦਫ਼ਤਰ ਦੇ ਸੁਪਰਡੈਂਟ ਜਗਜੀਵਨ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੇ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ-1 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪਿੰਡ ਧਾਰੜ (ਅੰਮ੍ਰਿਤਸਰ) ਵਾਸੀ ਅਤੇ ਪ੍ਰਾਈਵੇਟ ਟਰਾਂਸਪੋਰਟਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਵਿਭਾਗ ਕੋਲ ਉਸ ਦੀ 2 ਲੱਖ ਰੁਪਏ ਦੀ ਸੁਰੱਖਿਆ ਜਮ੍ਹਾਂ ਰਾਸ਼ੀ ਜਾਰੀ ਕਰਨ ਬਦਲੇ ਉਸ ਤੋਂ ਪ੍ਰਤੀ ਬੱਸ 5000 ਰੁਪਏ (ਕੁੱਲ 20,000 ਰੁਪਏ) ਦੀ ਮੰਗ ਕਰ ਰਿਹਾ ਸੀ। ਇਹ ਰਿਫੰਡ ਸ਼ਿਕਾਇਤਕਰਤਾ ਦੀਆਂ ਚਾਰ ਬੱਸਾਂ ਜੋ ਕਿੱਲੋਮੀਟਰ ਸਕੀਮ ਅਧੀਨ ਪਨਬੱਸ ਨੂੰ ਕਿਰਾਏ ’ਤੇ ਦਿੱਤੀਆਂ ਸਨ, ਨਾਲ ਸਬੰਧਤ ਹੈ। ਵਿਜੀਲੈਂਸ ਬਿਊਰੋ ਨੇ ਮੁਲਜ਼ਮ ਸੁਪਰਡੈਂਟ ਨੂੰ ਉਸ ਦੇ ਦਫ਼ਤਰ ਦੇ ਬਾਹਰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦੇ ਕਾਬੂ ਕਰ ਲਿਆ।