ਏਅਰ ਵਿਸਤਾਰਾ ਨੂੰ ਉੱਤਰ-ਪੂਰਬੀ ਭਾਰਤ ’ਚ ਘੱਟੋ-ਘੱਟ ਲਾਜ਼ਮੀ ਉਡਾਣਾਂ ਨਾ ਚਲਾਉਣ ’ਤੇ 70 ਲੱਖ ਰੁਪਏ ਜੁਰਮਾਨਾ
ਨਵੀਂ ਦਿੱਲੀ, 6 ਫਰਵਰੀ
ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਏਅਰ ਵਿਸਤਾਰਾ ਨੂੰ ਦੇਸ਼ ਦੇ ਉੱਤਰ-ਪੂਰਬੀ ਖੇਤਰ ਦੇ ਘੱਟ ਤੋਂ ਘੱਟ ਸੇਵਾ ਵਾਲੇ ਖੇਤਰਾਂ ਲਈ ਘੱਟੋ-ਘੱਟ ਲਾਜ਼ਮੀ ਉਡਾਣਾਂ ਦਾ ਸੰਚਾਲਨ ਨਾ ਕਰਨ ‘ਤੇ 70 ਲੱਖ ਰੁਪਏ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਪਿਛਲੇ ਸਾਲ ਅਕਤੂਬਰ ਵਿੱਚ ਅਪਰੈਲ 2022 ਵਿੱਚ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਲਾਇਆ ਗਿਆ ਸੀ। ਡੀਜੀਸੀਏ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਪਹਿਲਾਂ ਹੀ ਜੁਰਮਾਨਾ ਅਦਾ ਕਰ ਚੁੱਕੀ ਹੈ। ਇਸ ਮਾਮਲੇ ਬਾਰੇ ਵਿਸਤਾਰਾ ਦੇ ਬੁਲਾਰੇ ਨੇ ਕਿਹਾ, ”ਵਿਸਤਾਰਾ ਪਿਛਲੇ ਕਈ ਸਾਲਾਂ ਤੋਂ ਆਰਡੀਜੀ (ਰੂਟ ਡਿਸਪਰਸਲ ਗਾਈਡਲਾਈਨਜ਼) ਦੀ ਪੂਰੀ ਤਰ੍ਹਾਂ ਪਾਲਣਾ ਕਰ ਰਿਹਾ ਹੈ। ਅਸਲ ਵਿੱਚ, ਅਸੀਂ ਲਗਾਤਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਲੋੜੀਂਦੇ ਏਐੱਸਕੇਐੱਮਐੱਸ ਨੂੰ ਲਗਾਤਾਰ ਤਾਇਨਾਤ ਕਰ ਰਹੇ ਹਾਂ, ਜਿਵੇਂ ਕਿ ‘ਆਰਡੀਜੀ ਨਿਯਮ’ ਵਿੱਚ ਨਿਰਧਾਰਤ ਕੀਤਾ ਗਿਆ ਹੈ।” ਹਾਲਾਂਕਿ, ਬੁਲਾਰੇ ਨੇ ਮੰਨਿਆ ਕਿ ਬਾਗਡੋਗਰਾ ਹਵਾਈ ਅੱਡੇ ਦੇ ਬੰਦ ਹੋਣ ਕਾਰਨ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ, ਜਿਸ ਨਾਲ ਅਪਰੈਲ 2022 ਵਿੱਚ ਲੋੜੀਂਦੀਆਂ ਉਡਾਣਾਂ ਦੀ ਗਿਣਤੀ ਵਿੱਚ ਸਿਰਫ 0.01 ਪ੍ਰਤੀਸ਼ਤ (ਸਿਰਫ਼ ਇੱਕ ਉਡਾਣ ਤੋਂ ਘੱਟ) ਦੀ ਕਮੀ ਆਈ। -ੲੇਐੱਨਆਈ