ਏਅਰ ਇੰਡੀਆ ਦੀਆਂ ਰੱਦ 7 ਕੌਮਾਂਤਰੀ ਉਡਾਣਾਂ ’ਚ 6 ਡਰੀਮਲਾਈਨਰ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਜੂਨ
ਏਅਰ ਇੰਡੀਆ ਨੇ ਅੱਜ ਵੱਖ-ਵੱਖ ਕਾਰਨਾਂ ਅਤੇ ਡਰੀਮਲਾਈਨਰ ਬੇੜੇ ਦੀ ਵਧਦੀ ਹੋਈ ਜਾਂਚ ਦੇ ਮੱਦੇਨਜ਼ਰ ਲੰਡਨ-ਅੰਮ੍ਰਿਤਸਰ ਅਤੇ ਦਿੱਲੀ-ਦੁਬਈ ਸਮੇਤ ਸੱਤ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਉਡਾਣਾਂ ਦੇ ਜਹਾਜ਼ਾਂ ਵਿੱਚ ਛੇ ਬੋਇੰਗ 787-8 ਡਰੀਮਲਾਈਨਰ ਸ਼ਾਮਲ ਸਨ। ਅਹਿਮਦਾਬਾਦ ਵਿੱਚ 12 ਜੂਨ ਨੂੰ ਹਾਦਸਾਗ੍ਰਸਤ ਹੋਇਆ ਜਹਾਜ਼ ਵੀ ਡਰੀਮਲਾਈਨਰ ਸੀ। ਇਸ ਹਾਦਸੇ ਵਿੱਚ 270 ਜਣੇ ਮਾਰੇ ਗਏ ਸਨ। ਏਅਰ ਇੰਡੀਆ ਵੱਲੋਂ ਰੱਦ ਕੀਤੀਆਂ ਉਡਾਣਾਂ ਵਿੱਚ ਏਆਈ 33 (ਬੰਗਲੁਰੂ ਤੋਂ ਲੰਡਨ), ਏਆਈ 915 (ਦਿੱਲੀ-ਦੁਬਈ); ਏਆਈ 153 (ਦਿੱਲੀ-ਵੀਏਨਾ), ਏਆਈ 170 (ਲੰਡਨ-ਅੰਮ੍ਰਿਤਸਰ), ਏਆਈ143 (ਦਿੱਲੀ-ਪੈਰਿਸ), ਏਆਈ 159 (ਅਹਿਮਦਾਬਾਦ-ਲੰਡਨ) ਸ਼ਾਮਲ ਹਨ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਸਾਂ ਫਰਾਂਸਿਸਕੋ ਤੋਂ ਮੁੰਬਈ ਜਾ ਰਹੇ ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਅੱਜ ਸਵੇਰੇ ਇਸ ਨੂੰ ਕੋਲਕਾਤਾ ਵਿੱਚ ਆਪਣੇ ਤੈਅ ਪੜਾਅ ’ਤੇ ਹੀ ਰੋਕ ਦਿੱਤਾ ਹੈ। ਏਅਰ ਇੰਡੀਆ ਨੇ ਏਆਈ 171 ਦੇ ਹਾਦਸਾਗ੍ਰਸਤ ਹੋਣ ਮਗਰੋਂ ਸੋਮਵਾਰ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ ਸਨ। ਕੰਪਨੀ ਨੇ ਕਿਹਾ ਕਿ ਡੀਜੀਸੀਏ ਵੱਲੋਂ ਪੂਰੇ ਭਾਰਤ ਵਿੱਚ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਲਾਈਨ ਨੇ ਜਾਂਚ ਦੌਰਾਨ ਕੁੱਝ ਨੁਕਸਾਂ ਦਾ ਪਤਾ ਚੱਲਣ ਮਗਰੋਂ ਦਿੱਲੀ-ਪੈਰਿਸ ਉਡਾਣ ਰੱਦ ਕਰ ਦਿੱਤੀ। ਕੰਪਨੀ ਨੇ ਕਿਹਾ ਕਿ ਜਹਾਜ਼ ਉਪਲੱਬਧ ਨਾ ਹੋਣ ਕਾਰਨ ਉਸ ਨੇ ਅਹਿਮਦਾਬਾਦ-ਲੰਡਨ ਉਡਾਣ ਵੀ ਰੱਦ ਕਰ ਦਿੱਤੀ ਹੈ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਤੋਂ ਪੈਰਿਸ ਜਾਣ ਵਾਲੇ ਜਹਾਜ਼ ਏਆਈ143 ਨੂੰ ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਜਾਂਚ ਮਗਰੋਂ ਰੱਦ ਕਰ ਦਿੱਤਾ। ਏਅਰਲਾਈਨ ਨੇ ਇਸ ਸਬੰਧੀ ਹੋਰ ਵੇਰਵੇ ਨਹੀਂ ਦਿੱਤੇ। ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਯਾਤਰੀਆਂ ਨੂੰ ਹੋਟਲ ਵਿੱਚ ਠਹਿਰਾਉਣ ਦਾ ਪ੍ਰਬੰਧ ਕਰਨ ਅਤੇ ਰੱਦ ਉਡਾਣਾਂ ਸਬੰਧੀ ਰਿਫੰਡ ਕਰਨਾ ਯਕੀਨੀ ਬਣਾ ਰਹੀ ਹੈ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਅਹਿਮਦਾਬਾਦ ਤੋਂ ਗੈਟਵਿਕ (ਲੰਡਨ) ਜਾਣ ਵਾਲੀ ਏਆਈ-159 ਉਡਾਣ ਬਾਰੇ ਏਅਰ ਇੰਡੀਆ ਨੇ ਕਿਹਾ ਕਿ ਇਸ ਨੂੰ ਤਕਨੀਕੀ ਨੁਕਸ ਕਾਰਨ ਨਹੀਂ ਸਗੋਂ, ਹਵਾਈ ਖੇਤਰ ਦੀਆਂ ਪਾਬੰਦੀਆਂ ਅਤੇ ਹੋਰ ਇਹਤਿਆਤੀ ਜਾਂਚਾਂ ਦੇ ਮੱਦੇਨਜ਼ਰ ਜਹਾਜ਼ ਉਪਲੱਬਧ ਨਾ ਹੋਣ ਦੀ ਸੂਰਤ ਵਿੱਚ ਰੱਦ ਕੀਤਾ ਗਿਆ ਹੈ।
ਬੰਬ ਦੀ ਧਮਕੀ ਮਗਰੋਂ ਇੰਡੀਗੋ ਦਾ ਜਹਾਜ਼ ਨਾਗਪੁਰ ’ਚ ਉਤਾਰਿਆ
ਕੋਚੀ/ਮੁੰਬਈ: ਮਸਕਟ ਤੋਂ ਅੱਜ ਇੱਥੇ ਪਹੁੰਚੇ ਅਤੇ ਦਿੱਲੀ ਲਈ ਰਵਾਨਾ ਹੋਏ ਇੰਡੀਗੋ ਦੇ ਇੱਕ ਜਹਾਜ਼ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਮਗਰੋਂ ਜਾਂਚ ਲਈ ਇਸ ਨੂੰ ਨਾਗਪੁਰ ਹਵਾਈ ਅੱਡੇ ’ਤੇ ਐਮਰਜੈਂਸੀ ਹਾਲਾਤ ਵਿੱਚ ਉਤਾਰਨਾ ਪਿਆ। ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਏਐੱਲ) ਨੇ ਦੱਸਿਆ ਕਿ ਇੰਡੀਗੋ ਜਹਾਜ਼ ਵਿੱਚ ਬੰਬ ਹੋਣ ਦੀ ਧਮਕੀ ਉਸ ਦੀ ਅਧਿਕਾਰਤ ਈ-ਮੇਲ ’ਤੇ ਮਿਲੀ ਸੀ। ਇਹ ਜਹਾਜ਼ 157 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨਾਲ ਸਵੇਰੇ 9.31 ਵਜੇ ਦਿੱਲੀ ਲਈ ਰਵਾਨਾ ਹੋਇਆ ਸੀ। ਸੀਆਈਏਐੱਲ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ। ਇਸ ਦੌਰਾਨ ਗੋਆ ਤੋਂ ਲਖਨਊ ਜਾ ਰਹੇ ਇੰਡੀਗੋ ਦੇ ਇੱਕ ਜਹਾਜ਼ ਨੂੰ ਅੱਜ ਖ਼ਰਾਬ ਮੌਸਮ ਕਾਰਨ ਹਵਾ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਪਾਇਲਟ ਜਹਾਜ਼ ਨੂੰ ਸੁਰੱਖਿਅਤ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਸਫ਼ਲ ਰਿਹਾ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਨੰਬਰ 6ਈ 6811 ਨੂੰ ਲਖਨਊ ਵਿੱਚ ਸੁਰੱਖਿਅਤ ਉਤਾਰਿਆ ਗਿਆ। -ਪੀਟੀਆਈ