ਏਅਰਪੋਰਟ ਰੋਡ ਤੋਂ ਲਾਸ਼ ਮਿਲੀ
ਜ਼ੀਰਕਪੁਰ: ਪੁਲੀਸ ਨੂੰ ਅੱਜ ਇਥੋਂ ਦੀ 200 ਫੁੱਟ ਏਅਰਪੋਰਟ ਰੋਡ ’ਤੇ ਸੜਕ ਕੰਢੇ ਇੱਕ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਵਧੇਸ਼ ਰਾਏ (43) ਵਾਸੀ ਮੁਲਰੂਪ ਬਿਹਾਰ ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਮ੍ਰਿਤਕ ਆਈ ਟੀ ਸਿਟੀ ਵਿਖੇ ਪੈਂਦੀ ਅਮੇਟੀ ਯੂਨੀਵਰਸਿਟੀ ਦੇ ਨੇੜੇ ਬਿਜਲੀ ਦਾ ਕੰਮ ਕਰਦਾ ਸੀ। ਪੜਤਾਲੀਆ ਅਫਸਰ ਰਾਜੇਸ਼ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਰਖਵਾ ਦਿੱਤਾ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਵਧੇਸ਼ ਰਾਏ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ
ਅਸਲੇ ਸਣੇ ਦੋ ਗ੍ਰਿਫ਼ਤਾਰ
ਅੰਬਾਲਾ: ਅੰਬਾਲਾ ਪੁਲੀਸ ਨੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ-2 ਅੰਬਾਲਾ ਦੀ ਟੀਮ ਨੇ ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ ਹੇਠ 12 ਜੂਨ ਨੂੰ ਸੁਭਾਸ਼ ਪਾਰਕ, ਅੰਬਾਲਾ ਛਾਉਣੀ ਨੇੜਿਓਂ ਮੁਲਜ਼ਮ ਖੁਸ਼ਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਨੂੰ ਕਾਬੂ ਕੀਤਾ। ਇਨ੍ਹਾ ਕੋਲੋਂ ਇੱਕ ਦੇਸੀ ਕੱਟਾ ਤੇ ਇੱਕ ਕਾਰਤੂਸ ਵੀ ਬਰਾਮਦ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਖੁਸ਼ਪ੍ਰੀਤ ਸਿੰਘ ਵਾਸੀ ਪਿੰਡ ਗੋਪਾਲਪੁਰ ਜ਼ਿਨ੍ਹਾ ਪਟਿਆਲਾ, ਜਗਤਾਰ ਸਿੰਘ ਚੰਡੀਗੜ੍ਹ ਵਾਸੀ ਰਾਇਲ ਸਿਟੀ ਬਨੂੜ ਵਜੋਂ ਹੋਈ ਹੈ। ਪੁਲੀਸ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅੰਬਾਲਾ ਛਾਉਣੀ ਥਾਣੇ ਵਿੱਚ ਕੇਸ ਦਰਜ ਕਰ ਲਿਆ। ਅਦਾਲਤ ਨੇ ਖੁਸ਼ਪ੍ਰੀਤ ਸਿੰਘ ਨੂੰ ਨਿਆਂਇਕ ਹਿਰਾਸਤ ਅਤੇ ਜਗਤਾਰ ਸਿੰਘ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। -ਪੱਤਰ ਪ੍ਰੇਰਕ
ਸੜਕ ਹਾਦਸੇ ’ਚ ਮੌਤ
ਪੰਚਕੂਲਾ: ਰਾਏਪੁਰ ਰਾਣੀ ਵਿੱਚ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਸਟਾਈਲਮ ਫੈਕਟਰੀ ਮਾਣਕਟਾਬਰਾ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਛੋਟੇ ਭਰਾ ਅਭਿਲਾਸ਼ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਉਸ ਨੇ ਦੱਸਿਆ ਕਿ ਸਟਾਈਲਮ ਫੈਕਟਰੀ ਤੋਂ ਲਗਪਗ 200 ਮੀਟਰ ਅੱਗੇ ਤੇਜ਼ ਰਫ਼ਤਾਰ ਆਲਟੋ ਕਾਰ ਨੇ ਮਨਪ੍ਰੀਤ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪੰਚਕੂਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। -ਪੱਤਰ ਪ੍ਰੇਰਕ
ਤਿੰਨ ਕਿਲੋ ਭੁੱਕੀ ਸਣੇ ਕਾਬੂ
ਕੁਰਾਲੀ: ਮਾਜਰੀ ਪੁੁਲੀਸ ਨੇ ਇੱਕ ਕਾਰ ਸਵਾਰ ਨੂੰ ਤਿੰਨ ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮਾਜਰੀ ਦੇ ਐੱਸਐੱਚਓ ਯੁਗੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲੀਸ ਪਾਰਟੀ ਮਾਜਰੀ ਚੌਕ ਵਿੱਚ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਸਵਿਫ਼ਟ ਕਾਰ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਕਾਰ ਦੀ ਸੀਟ ਹੇਠੋਂ ਥੈਲਾ ਮਿਲਿਆ। ਇਸ ਵਿੱਚੋਂ ਭੁੱਕੀ ਬਰਾਮਦ ਹੋਈ। ਇਸ ਮਗਰੋਂ ਕਾਰ ਚਾਲਕ ਅਮਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਦਾਲਤ ਨੇ ਉਸਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। -ਪੱਤਰ ਪ੍ਰੇਰਕ
ਨਕਲੀ ਪਨੀਰ ਬਰਾਮਦ
ਘਨੌਲੀ: ਸਿਹਤ ਵਿਭਾਗ ਦੀ ਟੀਮ ਨੇ ਇੱਥੇ ਘਨੌਲੀ ਬੈਰੀਅਰ ਨੇੜੇ ਸਥਿਤ ਇੱਕ ਢਾਬੇ ’ਤੇ ਨਕਲੀ ਪਨੀਰ ਸਪਲਾਈ ਕਰਨ ਆਈ ਪਿੱਕਅੱਪ ਦੇ ਚਾਲਕ ਨੂੰ ਮੌਕੇ ’ਤੇ ਫੜ ਲਿਆ। ਸਹਾਇਕ ਕਮਿਸ਼ਨਰ ਫੂਡ ਸੇਫਟੀ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਅੱਜ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੀ ਗੱਡੀ ਨੂੰ ਘਨੌਲੀ ਬੈਰੀਅਰ ਨੇੜੇ ਇੱਕ ਢਾਬੇ ’ਤੇ ਪਨੀਰ ਉਤਾਰਨ ਸਮੇਂ ਮੌਕੇ ਕਾਬੂ ਕਰ ਲਿਆ। -ਪੱਤਰ ਪ੍ਰੇਰਕ