ਊਧਵ ਤੇ ਰਾਜ ਠਾਕਰੇ ਦਾ ਮੇਲ
ਸ਼ਿਵ ਸੈਨਾ ਬਾਨੀ ਬਾਲਾ ਸਾਹਿਬ ਠਾਕਰੇ ਦਾ ਪੁੱਤਰ ਊਧਵ ਅਤੇ ਭਤੀਜਾ ਰਾਜ ਆਪਣੇ ਸਿਆਸੀ ਨਸੀਬ ਨੂੰ ਮੁੜ ਚਮਕਾਉਣ ਲਈ ‘ਮਰਾਠੀ ਮਾਨੂਸ਼’ ਦੇ ਪੱਤੇ ਉੱਤੇ ਨਿਰਭਰ ਕਰ ਰਹੇ ਹਨ। ਉਹ ਭਾਜਪਾ ਉੱਤੇ ਮਹਾਰਾਸ਼ਟਰ ਵਾਸੀਆਂ ਨੂੰ ਇੱਕ ਜਾਂ ਦੂਜੇ ਬਹਾਨੇ ਵੰਡਣ ਦਾ ਦੋਸ਼ ਲਾ ਰਹੇ ਹਨ; ਹਾਲਾਂਕਿ ਉਨ੍ਹਾਂ ਦੀ ਲੜਾਈ ਸਿਰਫ਼ ਭਗਵਾ ਪਾਰਟੀ ਦੇ ਖ਼ਿਲਾਫ਼ ਹੀ ਨਹੀਂ ਸਗੋਂ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ‘ਅਧਿਕਾਰਤ’ ਸ਼ਿਵ ਸੈਨਾ ਦੇ ਖ਼ਿਲਾਫ਼ ਵੀ ਹੈ। ਇਹ ਸ਼ਿੰਦੇ ਹੀ ਸਨ ਜਿਨ੍ਹਾਂ 2022 ਵਿੱਚ ਭਾਜਪਾ ਨਾਲ ਹੱਥ ਮਿਲਾ ਕੇ ਊਧਵ ਦੀ ਅਗਵਾਈ ਵਾਲੀ ਮਹਾਵਿਕਾਸ ਅਗਾੜੀ (ਐੱਮਵੀਏ) ਸਰਕਾਰ ਤੋੜ ਦਿੱਤੀ ਸੀ। ਠਾਕਰੇ ਭਰਾਵਾਂ ਦੀ ਮੁੜ ਮਿਲਣੀ ਦਾ ਮਤਲਬ ਹੈ ਕਿ ਸ਼ਿੰਦੇ ਹੁਣ ਮਰਾਠੀ ਵੋਟਾਂ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ।
ਮਹਾਰਾਸ਼ਟਰ ਵਿੱਚ ਦੋਵੇਂ ਗੱਠਜੋੜ- ਸੱਤਾਧਾਰੀ ਮਹਾਯੁਤੀ ਅਤੇ ਵਿਰੋਧੀ ਧਿਰ ਦਾ ਐੱਮਵੀਏ- ਅੰਦਰੂਨੀ ਮਤਭੇਦਾਂ ਨਾਲ ਘਿਰੇ ਹੋਏ ਹਨ। ਸੂਬੇ ਦੀ ਰਾਜਨੀਤੀ ਨੇ ਹਾਲ ਹੀ ਦੇ ਸਾਲਾਂ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਹਨ ਅਤੇ ਰਾਜ ਭਰ ਵਿੱਚ ਹੋਣ ਵਾਲੀਆਂ ਸਥਾਨਕ ਇਕਾਈਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਅਗਲੇ ਕੁਝ ਮਹੀਨਿਆਂ ਵਿੱਚ ਹੋਰ ਉਤਰਾਅ-ਚੜ੍ਹਾਅ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਠਾਕਰੇ ਭਰਾਵਾਂ ਦਾ ਫੌਰੀ ਟੀਚਾ ਮੁੰਬਈ ਦੀ ਵੱਕਾਰੀ ਮਿਉਂਸਿਪਲ ਕਾਰਪੋਰੇਸ਼ਨ ਵਿੱਚ ਪੈਰ ਜਮਾਉਣਾ ਹੈ, ਜਦੋਂਕਿ ਸ਼ਿੰਦੇ ਦੇ ਸ਼ਿਵ ਸੈਨਾ ਧੜੇ ਦਾ ਮਾੜਾ ਪ੍ਰਦਰਸ਼ਨ ਉਸ ਦੇ ਦਰਜੇ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਮੁਕਾਬਲੇ ਕਮਜ਼ੋਰ ਕਰ ਸਕਦਾ ਹੈ। ਉਂਝ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕੀ ਊਧਵ ਧੜਾ ਆਪਣੇ ਐੱਮਵੀਏ ਦੇ ਸਹਿਯੋਗੀਆਂ ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਦੇ ਸਮਰਥਨ ਤੋਂ ਬਿਨਾਂ ਇਹ ਕਦਮ ਚੁੱਕੇਗਾ? ਆਸ ਹੈ ਕਿ ਕਾਂਗਰਸ ਵੀ ਕੁਝ ਨਗਰ ਨਿਗਮ ਚੋਣਾਂ ਇਕੱਲਿਆਂ ਲੜ ਸਕਦੀ ਹੈ। ਤੇਜ਼ੀ ਨਾਲ ਬਦਲ ਰਹੇ ਸਮੀਕਰਨ ਊਧਵ ਅਤੇ ਰਾਜ ਦਾ ਇਕਜੁੱਟ ਰਹਿਣਾ ਅਤੇ ਬਾਲਾ ਸਾਹਿਬ ਦੀ ਵਿਰਾਸਤ ਦਾ ਲਾਭ ਉਠਾਉਣਾ ਮੁਸ਼ਕਿਲ ਕਰ ਦੇਣਗੇ।