ਊਧਮ ਸਿੰਘ ਦੀ ਸ਼ਹਾਦਤ ਕਦੇ ਭੁਲਾਈ ਨਹੀਂ ਜਾ ਸਕਦੀ: ਖੱਟਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਕੁਰੂਕਸ਼ੇਤਰ ਵਿੱਚ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਕਿਹਾ ਕਿ ਊਧਮ ਸਿੰਘ ਜਿਹੇ ਸੂਰਮਿਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦੀ ਖੁੱਲ੍ਹੀ ਹਵਾ ’ਚ ਸਾਹ ਲੈ ਰਹੇ ਹਾਂ। ਇਸ ਦੌਰਾਨ ਉਨ੍ਹਾਂ ਸ਼ਹੀਦ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਖੱਟਰ ਨੇ ਕਿਹਾ ਕਿ ਊਧਮ ਸਿੰਘ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸਾਨੂੰ ਸਭ ਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਊਧਮ ਸਿੰਘ ਨੇ ਜੱਲ੍ਹਿਆਂਵਾਲੇ ਬਾਗ ’ਚ ਹੋਏ ਕਤਲੇਆਮ ਦਾ ਬਦਲਾ ਲੈਣ ਲਈ ਇੰਗਲੈਂਡ ਜਾ ਕੇ ਅੰਗਰੇਜ਼ ਅਫਸਰ ਨੂੰ ਗੋਲੀਆਂ ਮਾਰੀਆਂ ਸਨ। ਉਹ ਗੋਲੀਆਂ ਮਾਰ ਕੇ ਦੌੜੇ ਨਹੀਂ ਸਗੋਂ ਖੁਦ ਗ੍ਰਿਫ਼ਤਾਰੀ ਦਿੱਤੀ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਦਿਨ ਵਿਚ ਹੀ ਦੋਸ਼ੀ ਕਰਾਰ ਦਿੱਤਾ ਤੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਅਜਿਹੇ ਸੂਰਮਿਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸੰਤਾਂ-ਮਹਾਪੁਰਖਾਂ ਦੇ ਬਲਿਦਾਨ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਲੋਕਾਂ ਤੱਕ ਪਹੁੰਚਾਉਣ ਲਈ ਸਰਕਾਰ ਨੇ ‘ਸੰਤ-ਮਹਾਪੁਰਖ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ’ ਬਣਾਈ ਹੈ। ਇਸ ਤਹਿਤ ਮਹਾਪੁਰਖਾਂ ਦੀਆਂ ਜੈਯੰਤੀਆਂ ਸਰਕਾਰੀ ਖਰਚੇ ’ਤੇ ਮਨਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ‘ਹਰਿਆਣਾ ਏਕ ਹਰਿਆਣਵੀ ਏਕ’ ਦੇ ਨਾਅਰੇ ’ਤੇ ਕੰਮ ਕਰ ਰਹੀ ਹੈ। ਦੇਸ਼ ਦੇ ਨਾਗਰਿਕਾਂ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਕੇ ਅੱਗੇ ਵਧਣਾ ਹੀ ਕ੍ਰਾਂਤੀਕਾਰੀਆਂ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਦੌਰਾਨ ਸਾਬਕਾ ਮੰਤਰੀ ਕਰਨ ਦੇਵ ਕੰਬੋਜ ਅਤੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਵੀ ਲੋਕਾਂ ਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਇਸ ਦੌਰਾਨ ਖੱਟਰ ਨੇ ਕੰਬੋਜ ਸਭਾ ਦੀ ਮੰਗ ’ਤੇ ਕਰਨਾਲ, ਕੁਰੂਕਸ਼ੇਤਰ ਤੇ ਸ਼ਾਹਬਾਦ ਵਿਚ ਬਣ ਰਹੀਆਂ ਤਿੰਨ ਧਰਮਸ਼ਾਲਾਵਾਂ ਲਈ 47.76 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਸੁਭਾਸ਼ ਸੁਧਾ, ਰਾਮ ਕਰਨ ਕਾਲਾ, ਅਸੀਮ ਗੋਇਲ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕ੍ਰਿਸ਼ਨ ਬੇਦੀ ਸਮੇਤ ਹੋਰ ਹਾਜ਼ਰ ਸਨ।