ਉੱਭਾ ਕਤਲ ਕਾਂਡ ਵਿੱਚ ਚਾਰ ਨੌਜਵਾਨ ਗ੍ਰਿਫ਼ਤਾਰ
ਮਾਨਸਾ, 26 ਦਸੰਬਰ
ਪਿੰਡ ਉੱਭਾ ਵਿੱਚ ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੇ ਕਤਲ ਮਾਮਲੇ ਨੂੰ ਪੁਲੀਸ ਨੇ ਸੁਲਝਾ ਲਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬੰਟੀ ਸਿੰਘ, ਜੰਟਾ ਸਿੰਘ, ਜਗਰਾਜ ਸਿੰਘ ਉਰਫ ਰਾਜ ਤੇ ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀਆ ਉੱਭਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਕਤਲ ਕੀਤਾ ਸੀ।
ਇਸ ਸਬੰਧੀ ਮਾਨਸਾ ਦੇ ਐੱਸਪੀ (ਜਾਂਚ) ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਪਿੰਡ ਉੱਭਾ ਵਿੱਚ ਹੋਏ ਕਤਲ ਦੇ ਮੁਲਜ਼ਮਾਂ ਨੂੰ ਕੁਝ ਹੀ ਸਮੇਂ ਦੇ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ 24 ਦਸੰਬਰ ਨੂੰ ਥਾਣਾ ਜੋਗਾ ਦੀ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਉੱਭਾ ਦਾ ਕੁਲਦੀਪ ਸਿੰਘ ਪੁੱਤਰ ਸਿੰਕਦਰ ਸਿੰਘ, ਜੋ ਪਲੰਬਰ ਦਾ ਕੰਮ ਕਰਦਾ ਹੈ, ਉਹ 22 ਦਸੰਬਰ ਨੂੰ ਆਪਣੇ ਕੰਮਕਾਜ ਲਈ ਮਾਨਸਾ ਗਿਆ ਸੀ, ਜੋ ਸ਼ਾਮ ਨੂੰ ਘਰ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਸਿੰਕਦਰ ਦੀ ਭਾਲ ਕਰਨ ’ਤੇ 24 ਦਸੰਬਰ ਨੂੰ ਉਸ ਦੀ ਲਾਸ਼ ਬੁਰਜ ਰਾਠੀ ਵਾਲੇ ਸੂਏ ’ਚੋਂ ਸਮੇਤ ਮੋਟਰਸਾਈਕਲ ਮਿਲੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਗਗਨਦੀਪ ਕੌਰ ਦੇ ਬਿਆਨ ’ਤੇ ਅਵਤਾਰ ਸਿੰਘ ਉਰਫ ਮੋਟੂ, ਬੰਟੀ ਸਿੰਘ, ਖੁਸ਼ਦੀਪ ਸਿੰਘ ਉਰਫ ਤੋਤੂ, ਜੰਟਾ ਸਿੰਘ, ਜਗਰਾਜ ਸਿੰਘ ਉਰਫ ਰਾਜ ਤੇ ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਉੱਭਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਗਰੋਂ ਇੰਸਪੈਕਟਰ ਜਗਦੀਸ਼ ਕੁਮਾਰ ਇੰਚਰਾਜ ਸੀਆਈਏ ਸਟਾਫ ਮਾਨਸਾ ਦੀ ਅਗਵਾਈ ਹੇਠ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਬੰਟੀ ਸਿੰਘ, ਜੰਟਾ ਸਿੰਘ, ਜਗਰਾਜ ਸਿੰਘ ਉਰਫ ਰਾਜ, ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਉੱਭਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਤਫਤੀਸ਼ ਦੌਰਾਨ ਗੁਰਦੀਪ ਸਿੰਘ ਉਰਫ ਬਿੱਲਾ, ਕੁਲਦੀਪ ਸਿੰਘ ਉਰਫ ਗਿੱਪੀ, ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਉੱਭਾ, ਅਮਨਦੀਪ ਸਿੰਘ ਉਰਫ ਅਮਨਾ ਵਾਸੀ ਕੋਟਲੀ ਖੁਰਦ ਨੂੰ ਮੁੱਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਹੈ। ਮ੍ਰਿਤਕ ਕੁਲਦੀਪ ਸਿੰਘ ਦਾ ਉਕਤ ਵਿਅਕਤੀਆਂ ਨਾਲ ਦੀਵਾਲੀ ਵਾਲੇ ਦਿਨ ਲੜਾਈ-ਝਗੜਾ ਹੋਇਆ ਸੀ, ਜਿਸ ਵਿੱਚ ਬੰਟੀ ਸਿੰਘ ਦੇ ਸੱਟ ਲੱਗੀ ਗਈ ਸੀ, ਜਿਸ ਕਰਕੇ ਉਕਤ ਵਿਅਕਤੀ ਬਦਲਾ ਲੈਣ ਦੀ ਤਾਂਕ ਵਿੱਚ ਰਹਿੰਦੇ ਸਨ ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।