ਉੱਤਰਾਖੰਡ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਮਨਜ਼ੂਰੀ
ਦੇਹਰਾਦੂਨ, 31 ਮਈ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੇ ਸੂਬੇ ’ਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਦੀ ਤਜਵੀਜ਼ ਨੂੰ ਮਨਜ਼ੂੁਰੀ ਦੇ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਇਹ ਐਲਾਨ 22 ਮਈ ਰਿਸ਼ੀਕੇਸ਼ ’ਚ ਸਿੱਖਾਂ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਰਸਮੀ ਤੌਰ ’ਤੇ ਖੋਲ੍ਹਣ ਦੌਰਾਨ ਕੀਤਾ ਗਿਆ ਸੀ। ਮੁੱਖ ਮੰਤਰੀ ਵੱਲੋਂ ਤਜਵੀਜ਼ ਨੂੰ ਮਨਜ਼ੂੁਰੀ ਮਿਲਣ ਮਗਰੋਂ ਸੂਬੇ ਵੱਲੋਂ ਹੁਣ ਸ਼ਹੀਦੀ ਦਿਹਾੜੇ ਅਤੇ ਗੁਰੂ ਤੇਗ ਬਹਾਦਰ ਦੇ ਇਤਿਹਾਸ ਦੇ ਸਬੰਧ ’ਚ ਸਮਾਗਮ ਕੀਤੇ ਜਾਣਗੇ। ਗੁਰੂ ਤੇਗ ਬਹਾਦਰ ਜਿਨ੍ਹਾਂ ਦਾ ਪ੍ਰਕਾਸ਼ 1621 ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਦੇ ਘਰ ਹੋਇਆ ਸੀ, ਨੂੰ ਉਨ੍ਹਾਂ ਦੀਆਂ ਧਾਰਮਿਕ ਸਿੱਖਿਆਵਾਂ ਤੇ ਲਾਸਾਨੀ ਸ਼ਹਾਦਤ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਸਨਮਾਨ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਦਿੱਤੀ ਸੀ। ਗੁਰੂ ਤੇਗ ਬਹਾਦਰ ਦੀਆਂ ਸਿੱਖਿਆਵਾਂ ਦਲੇਰੀ, ਦਇਆ ਤੇ ਨਿਆਂ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਦਾ ਸੁਨੇਹਾ ਦਿੰਦੀਆਂ ਹਨ। ਉਨ੍ਹਾਂ ਦੀ ਸ਼ਹਾਦਤ ਦਮਨ ਖ਼ਿਲਾਫ਼ ਡਟਣ ਦਾ ਪ੍ਰਤੀਕ ਹੈ ਤੇ ਉਨ੍ਹਾਂ ਦਾ ਜੀਵਨ ਸ਼ਾਂਤੀ, ਸਹਿਣਸ਼ੀਲਤਾ ਤੇ ਬਰਾਬਰੀ ਲਈ ਪ੍ਰੇਰਦਾ ਹੈ। ‘ਖਾਲਸਾ ਵੋਕਸ’ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਅਸੀਂ ਸ਼ਾਂਤੀ ਤੇ ਸਦਭਾਵਨਾ ਭਰਪੂਰ ਦੁਨੀਆ ਬਣਾਉਣ ਵੱਲ ਵਧ ਸਕਦੇ ਹਾਂ, ਜਿੱਥੇ ਪਿਆਰ, ਦਇਆ ਤੇ ਨਿਆਂ ਹੋਵੇ। -ਏਐੱਨਆਈ