ਉੱਤਰਕਾਸ਼ੀ: ਸੁਰੰਗ ’ਚ ਫਸੇ ਕਾਮੇ ਸਹੀ ਸਲਾਮਤ
ਉੱਤਰਕਾਸ਼ੀ(ਯੂਕੇ), 21 ਨਵੰਬਰ
ਪਿਛਲੇ ਦਸ ਦਿਨਾਂ ਤੋਂ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਫਸੇ 41 ਵਰਕਰ ਸਹੀ ਸਲਾਮਤ ਹਨ। ਇਨ੍ਹਾਂ ਵਰਕਰਾਂ ਦੀਆਂ ਅੱਜ ਪਹਿਲੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਸਬੰਧਤ ਪਰਿਵਾਰਾਂ ਨੂੰ ਨਵੀਂ ਆਸ ਬੱਝੀ ਹੈ। ਪਰਿਵਾਰ ਪਿਛਲੇ ਦਸ ਦਿਨਾਂ ਤੋਂ ਆਪਣੇ ਜੀਆਂ ਦੀ ਖੈਰ ਸੁੱਖ ਜਾਣਨ ਤੇ ਉਨ੍ਹਾਂ ਦੀ ਇਕ ਝਲਕ ਦੇਖਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਰਾਹਤ ਕਾਰਜ ਅੱਜ 10ਵੇਂ ਦਿਨ ਵੀ ਜਾਰੀ ਰਹੇ। ਵਰਕਰਾਂ ਦੀਆਂ ਇਹ ਤਸਵੀਰਾਂ ਛੇ ਇੰਚ ਪਾਈਪਲਾਈਨ ਰਾਹੀਂ ਭੇਜੇ ਐਂਡੋਸਕੋਪਿਕ ਕੈਮਰੇ ਦੀ ਮਦਦ ਨਾਲ ਖਿੱਚੀਆਂ ਗਈਆਂ ਹਨ। ਰਾਹਤ ਕਰਮੀ ਸੋਮਵਾਰ ਨੂੰ ਸੁਰੰਗ ਦੇ ਢਹਿ ਗਏ ਹਿੱਸੇ ਵਿੱਚ ਡਰਿਲਿੰਗ ਕਰਕੇ ਮਲਬੇ ਰਾਹੀਂ ਪਾਈਪ ਪਾਉਣ ਵਿਚ ਸਫ਼ਲ ਰਹੇ ਸੀ। ਇਸ ਪਾਈਪ ਰਾਹੀਂ ਅੱਜ ਵਰਕਰਾਂ ਲਈ ਫਲ ਤੇ ਜ਼ਰੂਰੀ ਦਵਾਈਆਂ ਭੇਜੀਆਂ ਗਈਆਂ ਹਨ। ਉਸਾਰੀ ਅਧੀਨ ਸੁਰੰਗ ਉੱਤਰਾਖੰਡ ਦੇ ਚਾਰ ਧਾਮ ਰੂਟ ’ਤੇ ਪੈਂਦੀ ਹੈ। ਰਾਹਤ ਕਾਰਜਾਂ ਵਿੱਚ ਲੱਗੀਆਂ ਏਜੰਸੀਆਂ ਵੱਲੋਂ ਜਾਰੀ ਵੀਡੀਓ ਵਿੱਚ ਪੀਲੇ ਤੇ ਸਫੈਦ ਹੈਲਮਟ ਪਾਈ ਇਹ ਵਰਕਰ ਪਾਈਪਲਾਈਨ ਰਾਹੀਂ ਪੁੱਜੀਆਂ ਖਾਣ-ਪੀਣ ਦੀਆਂ ਚੀਜ਼ਾਂ ਲੈਂਦੇ ਤੇ ਇਕ ਦੂਜੇ ਨਾਲ ਗੱਲਬਾਤ ਕਰਦੇ ਨਜ਼ਰ ਆਏ। ਕੈਮਰੇ ਦੀ ਮਦਦ ਨਾਲ ਵਰਕਰਾਂ ਨੂੰ ਦੇਖ ਰਹੇ ਅਧਿਕਾਰੀ ਉਨ੍ਹਾਂ ਨੂੰ ਹਦਾਇਤਾਂ ਦਿੰਦੇ ਸੁਣਦੇ ਹਨ ਕਿ ਉਹ ਲੈਂਜ਼ ਸਾਫ਼ ਕਰਨ ਤੇ ਖ਼ੁਦ ਕੈਮਰੇ ਸਾਹਮਣੇ ਹੋਣ। ਉਹ ਇਹ ਕਹਿੰਦੇ ਵੀ ਸੁਣਦੇ ਹਨ ਕਿ ਉਹ ਪਾਈਪਲਾਈਨ ਦੇ ਮੂੰਹ ਅੱਗੇ ਆ ਕੇ ਪਹਿਲਾਂ ਭੇਜੇ ਵਾਕੀ-ਟਾਕੀਜ਼ ਦੀ ਵਰਤੋਂ ਕਰਨ। ਇਸ ਤੋਂ ਪਹਿਲਾਂ ਇਨ੍ਹਾਂ ਵਰਕਰਾਂ ਦੇ ਸਾਕ-ਸਬੰਧੀਆਂ ਨੇ ਪਹਿਲਾਂ ਤੋਂ ਮੌਜੂਦ ਚਾਰ ਇੰਚੀ ਕੰਪਰੈਸਰ ਟਿਊਬ ਰਾਹੀਂ ਕਾਮਿਆਂ ਨਾਲ ਗੱਲਬਾਤ ਕੀਤੀ ਸੀ।
ਪਾਈਪ ਰਾਹੀਂ ਡਰਾਈ ਫਰੂਟ ਜਿਹੀਆਂ ਖੁਰਾਕੀ ਵਸਤਾਂ ਵੀ ਭੇਜੀਆਂ ਗਈਆਂ ਸਨ। 53 ਮੀਟਰ ਮਲਬੇ ਰਾਹੀਂ ਭੇਜੀ ਪਾਈਪਲਾਈਨ ਨਾ ਸਿਰਫ਼ ‘ਜੀਵਨਰੇਖਾ’ ਸਾਬਤ ਹੋਈ ਹੈ, ਬਲਕਿ ਇਸ ਨੇ ਰਾਹਤ ਕਾਰਜਾਂ ਵਿੱਚ ਲੱਗੇ ਕਾਮਿਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ। ਸੁਰੰਗ ’ਚ ਫਸੇ ਵਰਕਰਾਂ ਨਾਲ ਸੰਚਾਰ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਹੈ ਤੇ ਹੁਣ ਵੱਧ ਮਾਤਰਾ ਵਿੱਚ ਖੁਰਾਕੀ ਵਸਤਾਂ ਭੇਜੀਆਂ ਜਾ ਸਕਣਗੀਆਂ।ਸੁਨੀਤਾ ਹੇੇਮਬ੍ਰਮ, ਜਿਸ ਦਾ ਦਿਓਰ ਪ੍ਰਦੀਪ ਕਿਸਕੂ ਸੁਰੰਗ ਵਿੱਚ ਫਸੇ ਵਰਕਰਾਂ ’ਚ ਸ਼ਾਮਲ ਹੈ, ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਂ ਅੱਜ ਸਵੇਰੇ ਹੀ ਉਸ ਨਾਲ ਗੱਲਬਾਤ ਕੀਤੀ ਹੈ।’’ ਉਹ ਬਿਹਾਰ ਦੇ ਬਾਂਕਾ ਤੋਂ ਸਿਲਕਿਆਰਾ ਪਹੁੰਚੀ ਸੀ। ਉਸ ਨੇ ਕਿਹਾ, ‘‘ਨਵੀਂ ਫੂਡ ਪਾਈਪ ਰਾਹੀਂ ਉਨ੍ਹਾਂ ਨੂੰ ਸੰਤਰੇ ਭੇਜੇ ਗਏ ਹਨ। ਖਿਚੜੀ ਭੇਜਣ ਲਈ ਯਤਨ ਜਾਰੀ ਹਨ। ਉਹ ਠੀਕ ਸੀ। ਪਹਿਲਾਂ ਸਾਨੂੰ ਆਪਣੀ ਗੱਲ ਅੰਦਰ ਤੱਕ ਪੁੱਜਦੀ ਕਰਨ ਲਈ ਉੱਚੀ ਬੋਲਣਾ ਪੈਂਦਾ ਸੀ, ਪਰ ਅੱਜ ਉਸ ਦੀ ਆਵਾਜ਼ ਸਾਫ਼ ਸੀ।’’ ਅਧਿਕਾਰੀਆਂ ਮੁਤਾਬਕ ਨਵੀਂ ਪਾਈਪਲਾਈਨ ਜ਼ਰੀਏ ਦਲੀਆ, ਖਿਚੜੀ, ਕੱਟੇ ਹੋਏ ਸੇਬ ਤੇ ਕੇਲੇ ਆਦਿ ਖੁਰਾਕੀ ਵਸਤਾਂ ਭੇਜੀਆਂ ਜਾ ਸਕਦੀਆਂ ਹਨ। ਵਰਕਰਾਂ ਲਈ ਮੋਬਾਈਲ ਫੋਨ ਤੇ ਚਾਰਜਰ ਵੀ ਭੇਜੇ ਜਾ ਸਕਦੇ ਹਨ।’’ਚੇਤੇ ਰਹੇ ਕਿ 12 ਨਵੰਬਰ ਨੂੰ ਸੁਰੰਗ ਦਾ ਇਕ ਹਿੱਸਾ ਢਹਿਣ ਕਰ ਕੇ ਮਲਬੇ ਦੇ ਇਕ ਵੱਡੇ ਢੇਰ ਪਿੱਛੇ 41 ਵਰਕਰ ਫਸ ਗਏ ਸਨ। ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਵੱਲੋਂ ਮਸ਼ੀਨ ਡਰਿੱਲਾਂ ਦੀ ਮਦਦ ਨਾਲ ਸਟੀਲ ਪਾਈਪ ਪਾਉਣ ਸਣੇ ਕਈ ਬਦਲਵੀਆਂ ਯੋਜਨਾਵਾਂ ਤਹਿਤ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਸੁਰੰਗ ਦੇ ਉਪਰੋਂ 80 ਮੀਟਰ ਤੋਂ ਵੱਧ ਵਰਟੀਕਲ (ਖੜ੍ਹੇ ਦਾਅ) ਡਰਿਲਿੰਗ ਦੀ ਯੋਜਨਾ ਵੀ ਇਸ ਵਿਚ ਸ਼ਾਮਲ ਹੈ। -ਪੀਟੀਆਈਵਰਕਰਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸਿਖਰਲੀ ਤਰਜੀਹ: ਮੋਦੀਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਗਾਤਾਰ ਦੂਜੇ ਦਿਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਫੋਨ ਕਰਕੇ ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਵਰਕਰਾਂ ਨੂੰ ਬਾਹਰ ਕੱਢਣ ਲਈ ਜਾਰੀ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ। ਧਾਮੀ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਸ੍ਰੀ ਮੋਦੀ ਨੂੰ ਦੱਸਿਆ ਕਿ ਸਾਰੇ ਵਰਕਰ ਸੁਰੱਖਿਅਤ ਹਨ ਤੇ ਪ੍ਰਧਾਨ ਮੰਤਰੀ ਨੇ ਜ਼ੋਰ ਕੇ ਆਖਿਆ ਕਿ ਵਰਕਰਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸਿਖਰਲੀ ਤਰਜੀਹ ਹੋਵੇ। ਉਸਾਰੀ ਅਧੀਨ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿਣ ਮਗਰੋਂ ਸ੍ਰੀ ਮੋਦੀ ਨੇ ਚੌਥੀ ਵਾਰ ਮੁੱਖ ਮੰਤਰੀ ਧਾਮੀ ਤੋਂ ਰਾਹਤ ਕਾਰਜਾਂ ਬਾਰੇ ਜਾਣਕਾਰੀ ਮੰਗੀ ਹੈ। ਸਿਲਕਿਆਰ ਸੁਰੰਗ ਉੱਤਰਕਾਸ਼ੀ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਜਦੋਂਕਿ ਰਾਜਧਾਨੀ ਦੇਹਰਾਦੂਨ ਤੋਂ ਸੱਤ ਘੰਟੇ ਦੀ ਦੂਰੀ ’ਤੇ ਹੈ।