ਉਹ ਝੂਠ ਬੋਲਦਾ ਹੈ...
ਸੁਖਪਾਲ ਸਿੰਘ ਗਿੱਲ
ਗੱਲ 1990 ਦੇ ਦਹਾਕੇ ਦੀ ਹੈ। ਸਵੇਰੇ ਉੱਠਿਆ ਤਾਂ ਪਿਤਾ ਜੀ ਨੇ ਕਿਹਾ, “ਅਖ਼ਬਾਰ ਵਿਚ ‘ਕਵੀ ਓ ਵਾਚ’ ਪੜ੍ਹ। ਮੈਂ ਪੜ੍ਹ ਲਿਆ, ਇਸ ਦੀ ਆਖਰੀ ਪੰਗਤੀ ਸੀ- ‘ਨਾਕੇ ਵਾਲਿਆਂ ਬੱਸਾਂ ਫਰੋਲ ਸੁੱਟੀਆਂ, ਦੋ ਮਾਚਿਸਾਂ ਇੱਕ ਬਲੇਡ ਮਿਲਿਆ’। ਉਸ ਵਕਤ ਤਾਂ ਇੰਨੀ ਸੋਝੀ ਨਹੀਂ ਸੀ ਕਿ ਇਸ ਦਾ ਮਤਲਬ ਸਮਝ ਸਕਾਂ ਪਰ ਉਹਨਾਂ ਸਮਝਾਉਣ ਦੀ ਕੋਸ਼ਿਸ਼ ਕੀਤੀ; ਨਾਲ ਹੀ ਕਿਹਾ ਕਿ ਇਹ ਤੇਰੇ ਸਰਕਾਰੀ ਕਾਲਜ ਰੂਪਨਗਰ ਦੇ ਪੰਜਾਬੀ ਅਧਿਆਪਕ ਬੇਨਤੀ ਸਰੂਪ ਸ਼ਰਮਾ (ਭੂਸ਼ਨ ਧਿਆਨਪੁਰੀ) ਲਿਖਦੇ ਹਨ। ਉਹਨਾਂ ਦੀ ਉਹ ਆਖਰੀ ਪੰਗਤੀ ਅੱਜ ਵੀ ਹਾਲਾਤ ‘ਤੇ ਕਰਾਰੀ ਚੋਟ ਲੱਗਦੀ ਹੈ। ਭੂਸ਼ਨ ਬਾਰੇ ਵੱਖ ਵੱਖ ਅਖਬਾਰਾਂ ਵਿਚ ਪੜ੍ਹਨ ਸੁਣਨ ਨੂੰ ਮਿਲਦਾ ਹੈ ਜੋ ਸਾਹਿਤਕ ਰੁਚੀਆਂ ਦੀ ਹੱਲਾਸ਼ੇਰੀ ਦਿੰਦਾ।
ਦੂਜੇ ਦਿਨ ਕਾਲਜ ਗਿਆ ਤਾਂ ਲੰਮੀ ਦਾੜ੍ਹੀ, ਸਿਰੋ ਮੋਨੀ ਅਤੇ ਵੱਖਰੀ ਪਛਾਣ ਵਾਲੀ ਸ਼ਖ਼ਸੀਅਤ, ਆਪਣੇ ਅਧਿਆਪਕ ਭੂਸ਼ਨ ਧਿਆਨਪੁਰੀ ਜੀ ਨੂੰ ਮਿਲਿਆ। ਇਹ ਪੁੱਛਣ ਕਿ “ਸਰ, ‘ਕਵੀ ਓ ਵਾਚ’ ਤੁਸੀਂ ਹੀ ਲਿਖਦੇ ਹੋ?’, ਉਹਨਾਂ ਮਜ਼ਾਕੀਆ ਲਹਿਜ਼ੇ ਵਿਚ ਮੈਨੂੰ ਕਿਹਾ, “ਜੀ ਸਰ, ਮੈਂ ਹੀ ਲਿਖਦਾ ਹਾਂ।” ਮੈਨੂੰ ਇਉਂ ਲੱਗਿਆ ਜਿਵੇਂ ‘ਸਰ’ ਸ਼ਬਦ ਉਹਨਾਂ ਨੂੰ ਆਸ ਤੋਂ ਉਲਟ ਲੱਗਿਆ। ਬਸ ਉਸ ਦਿਨ ਤੋਂ ਉਹਨਾਂ ਦੇ ਪੀਰੀਅਡ ਵੱਲ ਧਿਆਨ ਵੱਧ ਰੁਚਿਤ ਹੋਣਾ ਸੁਭਾਵਿਕ ਸੀ। ਜਮਾਤ ਵਿਚ ਕਿੱਸਾ ਕਾਵਿ ਇਸ ਤਰ੍ਹਾਂ ਪੜ੍ਹਾਉਂਦੇ ਜਿਵੇਂ ਕਿੱਸੇ ਦਾ ਦ੍ਰਿਸ਼ ਹੂ-ਬ-ਹੂ ਚਿੱਤਰ ਰਹੇ ਹੋਣ। ਵਿਦਿਆਰਥੀ ਨਾਲ ਉਹਨਾਂ ਤੋਂ ਵੱਧ ਨਿੱਘੀ ਦੋਸਤੀ ਹੋ ਹੀ ਨਹੀਂ ਸਕਦੀ ਸੀ। ਵੱਖਰੀ ਪਛਾਣ ਨਾਲ ਵੱਖਰਾ ਸੁਭਾਅ ਵੀ ਰੱਖਦੇ ਸਨ। ਕਾਲਜ ਛੱਡਣ ਤੋਂ ਬਾਅਦ ਵੀ ਜਦੋਂ ਉਹਨਾਂ ਦੇ ਪੈਰੀਂ ਹੱਥ ਲਾਉਣਾ ਤਾਂ ਉਹਨਾਂ ‘ਕਾਕਾ ਜੀ’ ਕਹਿ ਕੇ ਅਸ਼ੀਰਵਾਦ ਦੇਣਾ। ਕਾਲਜ ਸਮੇਂ ਪੜ੍ਹਾਈ ਦੇ ਬੋਝ ਨਾਲ ਉਹਨਾਂ ਦੀ ਸ਼ਖ਼ਸੀਅਤ ਨੂੰ ਓਨਾ ਨਾ ਨਿਹਾਰ ਸਕੇ ਜਿੰਨਾ ਅੱਜ ਤੱਕ ਨਿਹਾਰ ਤੇ ਨਿਖਾਰਦੇ ਹਾਂ। ਉਹ ਮੁਹੱਬਤ ਦਾ ਪੈਗਾਮ ਸਨ। ਇੱਕ ਵਾਰ ਅੰਮ੍ਰਿਤਾ ਪ੍ਰੀਤਮ ਨੇ ਉਹਨਾਂ ਨੂੰ ਇਉਂ ਲਿਖਿਆ ਸੀ- ‘ਅੰਦਾਜ਼ ਏ ਭੂਸ਼ਨ ਨੂੰ ਮੇਰਾ ਸਲਾਮ ਆਖੀਂ!’
ਵਿਦਿਆਰਥੀਆਂ ਨੂੰ ਮੰਤਰ ਮੁਗਧ ਕਰ ਕੇ ਵਿਅੰਗਮਈ ਤਰੀਕੇ ਨਾਲ ਪੜ੍ਹਾਉਣਾ ਉਹਨਾਂ ਦੀ ਤਬੀਅਤ ਅਤੇ ਤਾਸੀਰ ਸੀ। ਅਫਸਰ ਕਲੋਨੀ ਤੋਂ ਸਰਕਾਰੀ ਕਾਲਜ ਤੱਕ ਤੁਰ ਕੇ ਜਾਣਾ ਉਹਨਾਂ ਦੇ ਜੀਵਨ ਦਾ ਵਰਕਾ ਸੀ। ਪੰਜਾਬੀ ਲਿਖਾਰੀ ਗੁਲਜ਼ਾਰ ਸਿੰਘ ਸੰਧੂ ਨੂੰ ਉਸ ਸਮੇਂ ਅਖਬਾਰ ਦਾ ਸੰਪਾਦਕ ਬਣਨ ‘ਤੇ ਜੱਟਕਾ ਲਹਿਜ਼ੇ ਵਿਚ ਇਉਂ ਵਿਅੰਗ ਕੀਤਾ ਸੀ- ‘ਸਾਡੀ ਕਲਗੀ ਨੂੰ ਨਵਾਂ ਏ ਖੰਬ ਲੱਗਾ, ਆਇਆ ਜਦੋਂ ਦਾ ਇੱਥੇ ਗੁਲਜ਼ਾਰ ਸੰਧੂ… ਚੜ੍ਹਿਆ ਜੱਟ ਸੁਹਾਗੇ ‘ਤੇ ਨਹੀਂ ਮਾਣ ਹੁੰਦਾ, ਇਹ ਤਾਂ ਆਇਆ ਅਖਬਾਰ ਸਵਾਰ ਸੰਧੂ।’
ਪੰਜਾਬੀ ਅਤੇ ਪੰਜਾਬੀਅਤ ਦਾ ਇਹ ਦੀਵਾਨਾ ਠੇਠ ਪੰਜਾਬੀ ‘ਚ ਗੱਲ ਕਰ ਕੇ ਅਤੇ ਬੋਲ ਕੇ ਖੁਸ਼ ਹੁੰਦਾ ਸੀ। ਮਾਂ ਬੋਲੀ ਪ੍ਰਤੀ ਮੋਹ ਪਿਆਰ ਦੀ ਝਲਕ ਉਹਨਾਂ ਦੇ ਚਿਹਰੇ ਤੋਂ ਸਪਸ਼ਟ ਝਲਕਦੀ ਹੁੰਦੀ ਸੀ। ਇੱਕ ਵਾਰ ਕਾਲਜ ਦੇ ਦਿਨਾਂ ‘ਚ ਉਹਨਾਂ ਕੋਲ ਬੈਠਾ ਸਾਂ। ਉਹਨਾਂ ਚੱਲਦੀ ਗੱਲ ਦੌਰਾਨ ਵਿਅੰਗ ਕੀਤਾ- “ਜੇ ਪੰਜਾਬੀ ਕਿਸੇ ਹੋਰ ਭਾਸ਼ਾ ਵਿਚ ਗੱਲ ਕਰਦਾ ਹੈ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਉਹ ਝੂਠ ਬੋਲਦਾ ਹੈ…।” ਉਹਨਾਂ ਦੇ ਇਹ ਸ਼ਬਦ ਅੱਜ ਵੀ ਹੋਰ ਭਾਸ਼ਾ ਬੋਲਣ ਸਮੇਂ ਯਾਦ ਆ ਜਾਂਦੇ ਹਨ।
ਸੰਪਰਕ: 82649-61445