ਉਮੀਦਵਾਰਾਂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ
ਨਗਰ ਨਿਗਮ ਦੀ ਚੋਣ ਲੜ ਰਹੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰਨ ਮਗਰੋਂ ਆਪਣੇ ਆਪਣੇ ਇਲਾਕਿਆਂ ਵਿੱਚ ਸਮਰਥਕਾਂ ਨਾਲ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਮੀਦਵਾਰ ਨੁੱਕੜ ਮੀਟਿੰਗਾਂ ਕਰ ਕੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾ ਸੁਣ ਕੇ ਪਹਿਲ ਦੇ ਆਧਾਰ ’ਤੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿਵਾ ਰਹੇ ਹਨ। ਥਾਂ ਥਾਂ ਉਮੀਦਵਾਰਾਂ ਦੇ ਹੋਰਡਿੰਗ ਲੱਗ ਗਏ ਹਨ ਤੇ ਕਈ ਉਮੀਦਵਾਰ ਆਪਣੀਆਂ ਸਿਆਸੀ ਪਾਰਟੀਆਂ ਦੇ ਝੰਡਿਆਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ।
ਹਲਕਾ ਪੱਛਮੀ ਦੇ ਵਾਰਡ ਨੰਬਰ 53 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਰਹੂਮ ਹਰਭਜਨ ਸਿੰਘ ਡੰਗ ਦੀ ਨੂੰਹ ਤੇ ਅਕਾਲੀ ਆਗੂ ਹਰਪ੍ਰੀਤ ਸਿੰਘ ਡੰਗ ਦੀ ਪਤਨੀ ਅਮਰਜੀਤ ਕੌਰ ਡੰਗ ਦੇ ਹੱਕ ਵਿੱਚ ਔਰਤਾਂ ਜਥੇ ਬਣਾ ਕੇ ਚੋਣ ਪ੍ਰਚਾਰ ਕਰ ਰਹੀਆਂ ਹਨ। ਸਾਬਕਾ ਕੌਂਸਲਰ ਸੁਰਜੀਤ ਕੌਰ ਡੰਗ ਦੀ ਅਗਵਾਈ ਹੇਠ ਚੋਣ ਪ੍ਰਚਾਰ ਕਰਦਿਆਂ ਮਰਹੂਮ ਹਰਭਜਨ ਸਿੰਘ ਡੰਗ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਅਮਰਜੀਤ ਕੌਰ ਡੰਗ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਪੁਸ਼ਪਿੰਦਰ ਕੌਰ, ਹਰਕਮਲ ਕੌਰ, ਸੁਰਿੰਦਰ ਕੌਰ, ਹਰਜੀਤ ਕੌਰ, ਡੇਜ਼ੀ, ਸਵੀਟੀ ਕੌਰ, ਸਰਬਜੀਤ ਕੌਰ ਢੀਂਡਸਾ, ਸ਼ਰਨਜੀਤ ਕੌਰ, ਦਮਨਪ੍ਰੀਤ ਕੌਰ ਅਤੇ ਜਤਿੰਦਰ ਕੌਰ ਵੀ ਹਾਜ਼ਰ ਸਨ।