ਉਪ ਰਾਜਪਾਲ ਵੱਲੋਂ ਧੌਲਾ ਕੂਆਂ ਚੌਕ ਦਾ ਦੌਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਗਸਤ
ਦਿੱਲੀ ਦੇ ਸਭ ਤੋਂ ਰੁਝੇਵਿਆਂ ਵਾਲੇ ਚੌਕ ’ਚੋਂ ਇੱਕ ਧੌਲਾ ਕੂੰਆਂ ਚੌਕ ਵਿੱਚ ਬੱਸਾਂ ਦੀ ਆਵਾਜਾਈ ਸਚਾਰੂ ਰੂਪ ’ਚ ਚਲਾਉਣ ਲਈ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਅੱਜ ਇੱਥੇ ਸੜਕਾਂ ਨਾਲ ਸਬੰਧਤ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਮੌਜੂਦਾ ਲੇਨਾਂ ਚੌੜੀਆਂ ਕਰਨ ਅਤੇ ਹੋਰ ਨਵੀਆਂ ਲੇਨਾਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਚੌਕ ਤੋਂ ਰੋਜ਼ਾਨਾ ਲਗਪਗ ਪੰਜ ਲੱਖ ਤੋਂ ਵੱਧ ਵਾਹਨਾਂ ਲੰਘਦੇ ਹਨ। ਸਰਕਾਰੀ ਸੂਤਰਾਂ ਅਨੁਸਾਰ ਧੌਲਾ ਕੂਆਂ ’ਤੇ ਟਰੈਫਿਕ ਜਾਮ ਦਾ ਸਭ ਤੋਂ ਵੱਡਾ ਕਾਰਨ ਬੱਸਾਂ ਦੀ ਆਵਾਜਾਈ ਹੈ। ਧੌਲਾ ਕੂਆਂ ਵਿੱਚ ਮੈਟਰੋ ਸਟੇਸ਼ਨ ਦੀਆਂ ਦੋ ਲਾਈਨਾਂ ਲਈ ਇੱਕ ਮੁੱਖ ਇੰਟਰਚੇਂਜ ਪੁਆਇੰਟ ਹੈ ਪਰ ਇੱਥੇ ਮੁੱਖ ਤੌਰ ’ਤੇ ਦਿੱਲੀ ਦੀਆਂ ਆਪਣੀਆਂ ਤੇ ਅੰਤਰਰਾਜੀ ਬੱਸਾਂ ਕਾਰਨ ਭੀੜ ਰਹਿੰਦੀ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਸਿਟੀ ਬੱਸਾਂ ਯਾਤਰੀਆਂ ਨੂੰ ਲੈਣ ਲਈ ਇੱਥੇ ਰੁਕਦੀਆਂ ਹਨ ਜਦੋਂ ਕਿ ਰਾਜਸਥਾਨ ਤੋਂ ਅੰਤਰਰਾਜੀ ਬੱਸਾਂ ਨੂੰ ਬੀਕਾਨੇਰ ਹਾਊਸ, ਧੌਲਾ ਕੂਆਂ ਤੋਂ ਯਾਤਰੀਆਂ ਨੂੰ ਚੜ੍ਹਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਅਧਿਕਾਰੀ ਨੇ ਕਿਹਾ ਕਿ ਭਾਵੇਂ ਕਿ ਸਲਿੱਪ ਰੋਡ ’ਤੇ ਤਿੰਨ ਬੱਸ ਸ਼ੈਲਟਰ ਹਨ ਪਰ ਮੌਜੂਦਾ ਪ੍ਰਬੰਧ ਵਿੱਚ ਸਹੀ ਬੱਸ ਲੇਨ ਨਹੀਂ ਹੈ। ਇਸ ਦੌਰਾਨ ਐੱਲਜੀ ਨੇ ਵਾਧੂ ਲੇਨਾਂ ਬਣਾਉਣ, ਮੌਜੂਦਾ ਲੇਨਾਂ ਨੂੰ ਚੌੜਾ ਕਰਨ, ਬੱਸ ਬੇਅ ਅਤੇ ਬੱਸ ਲੇਨਾਂ ਲਈ ਸਹੀ ਨਿਸ਼ਾਨ ਲਗਾ ਕੇ ਬਿਨਾਂ ਕਿਸੇ ਮੁਸ਼ਕਲ ਦੇ ਯਾਤਰੀ ਪਿਕ-ਅੱਪ ਦੀ ਆਗਿਆ ਦੇਣ ਲਈ ਇੱਕ ਢਾਂਚਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।