ਉਪਜਾਊ ਜ਼ਮੀਨਾਂ ਜਬਰੀ ਐਕੁਆਇਰ ਕਰਨ ਖ਼ਿਲਾਫ਼ ਰੈਲੀ
ਗੁਰਿੰਦਰ ਸਿੰਘ
ਲੁਧਿਆਣਾ, 27 ਮਈ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਐਕੁਆਇਰ ਕਰ ਕੇ ਅਰਬਨ ਸਟੇਟ ਬਣਾਉਣ ਦੀ ਯੋਜਨਾ ਖ਼ਿਲਾਫ਼ ਵਿੱਚ ਅੱਜ ਗਲਾਡਾ ਦਫ਼ਤਰ ਬਾਹਰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚਿਤਾਵਨੀ ਰੈਲੀ ਕੀਤੀ ਗਈ ਜਿਸ ਵਿੱਚ ਪੀੜਤ ਕਿਸਾਨਾਂ ਅਤੇ ਇਲਾਕਾ ਵਾਸੀਆਂ ਨੇ ਹਿੱਸਾ ਲਿਆ।
ਰੈਲੀ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ- ਚਰਨ ਸਿੰਘ ਨੂਰਪੁਰਾ, ਜਗਰੂਪ ਸਿੰਘ ਹਸਨਪੁਰ, ਰਘਵੀਰ ਸਿੰਘ ਬੈਨੀਪਾਲ, ਮਨਪ੍ਰੀਤ ਸਿੰਘ, ਬਲਦੇਵ ਸਿੰਘ ਲਤਾਲਾ, ਜਸਵੀਰ ਸਿੰਘ ਝੱਜ, ਸਾਧੂ ਸਿੰਘ ਅੱਚਰਵਾਲ, ਮਹਿੰਦਰ ਸਿੰਘ ਕਮਾਲਪੁਰਾ, ਗੁਰਜੀਤ ਸਿੰਘ ਗਿੱਲ, ਕੁਲਦੀਪ ਸਿੰਘ ਗਰੇਵਾਲ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੇ ਖੇਤੀ ਦੇ ਧੰਦੇ ਨੂੰ ਬਚਾਉਣ ਦੀ ਥਾਂ ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਕਰਨ ਦੇ ਰਾਹ ਪਈ ਹੋਈ ਹੈ। ਕਾਰਪੋਰੇਟ ਵੱਡੀਆਂ ਕੰਪਨੀਆਂ ਦੇ ਦਬਾਅ ਅਧੀਨ ਇਲਾਕੇ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਐਕੁਆਇਰ ਕਰ ਕੇ ਅਰਬਨ ਸਟੇਟ ਬਣਾਉਣ ਦੀ ਯੋਜਨਾ ਸਰਕਾਰ ਨੇ ਬਣਾਈ ਹੈ, ਜੋ ਕਿਸਾਨਾਂ ਇਲਾਕੇ ਦੇ ਲੋਕਾਂ ਅਤੇ ਖੇਤੀ ਦੇ ਧੰਦੇ ਵਾਸਤੇ ਲਾਹੇਵੰਦ ਨਹੀਂ ਹੈ। ਇਸ ਮੌਕੇ ਅਮਨਦੀਪ ਸਿੰਘ ਲਲਤੋਂ, ਜਸਦੇਵ ਸਿੰਘ ਲਲਤੋਂ, ਗੁਰਦੀਪ ਸਿੰਘ ਅਲੀਗੜ੍ਹ, ਸਟੀਲ ਐਂਡ ਮੋਲਡ ਯੂਨੀਅਨ ਦੇ ਹਰਜਿੰਦਰ ਸਿੰਘ, ਡਾ. ਸੁਖਪਾਲ ਸਿੰਘ ਸੇਖੋਂ, ਡਾ. ਰਜਿੰਦਰਪਾਲ ਸਿੰਘ ਔਲਖ, ਡਾ. ਗੁਰਪ੍ਰੀਤ ਸਿੰਘ ਰਤਨ, ਕਸਤੂਰੀ ਲਾਲ, ਦਲਵੀਰ ਸਿੰਘ ਜੋਧਾਂ, ਜਥੇਦਾਰ ਅਜਮੇਰ ਸਿੰਘ ਰਤਨ ਤੇ ਰਾਜਵੀਰ ਸਿੰਘ ਘੁਡਾਣੀ ਨੇ ਵੀ ਸੰਬੋਧਨ ਕੀਤਾ। ਰੈਲੀ ਉਪਰੰਤ ਕਿਸਾਨਾਂ ਦੇ ਵਫ਼ਦ ਨੇ ਗਲਾਡਾ ਦੇ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ।
ਸਰਕਾਰ ਯੋਜਨਾ ਨੂੰ ਰੱਦ ਕਰ ਕੇ ਲੋਕਾਂ ਤੋਂ ਮੁਆਫ਼ੀ ਮੰਗੇ: ਕਿਸਾਨ ਆਗੂ
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੀ ਜ਼ਮੀਨ ਨਹੀਂ ਛੱਡਣਗੇ, ਇਸ ਲਈ ਸਰਕਾਰ ਆਪਣੀ ਇਸ ਯੋਜਨਾ ਨੂੰ ਰੱਦ ਕਰ ਕੇ ਲੋਕਾਂ ਤੋਂ ਮੁਆਫ਼ੀ ਮੰਗੇ। ਇਸ ਮੌਕੇ ਹਰਨੇਕ ਸਿੰਘ ਗੁੱਜਰਵਾਲ ਅਤੇ ਚਮਕੌਰ ਸਿੰਘ ਬਰਮੀ ਨੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੁੱਟਣ ਤੋਂ ਬਚਾਉਣ ਲਈ ਸੰਯੁਕਤ ਕਿਸਾਨ ਮੋਰਚਾ ਜ਼ੋਰਦਾਰ ਸੰਘਰਸ਼ ਸ਼ੁਰੂ ਕਰੇਗਾ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਇਸ ਵਿਰੁੱਧ ਮਤੇ ਪਾਸ ਕੀਤੇ ਗਏ ਹਨ।Advertisementਅਕਾਲੀ ਦਲ ਵੱਲੋਂ ਗਲਾਡਾ ਦਫ਼ਤਰ ਬਾਹਰ ਧਰਨਾ ਅੱਜ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੇ ਅਰਬਨ ਅਸਟੇਟ ਬਣਾਉਣ ਲਈ 32 ਪਿੰਡਾਂ ਦੀ ਉਪਜਾਊ 24311 ਏਕੜ ਜ਼ਮੀਨ ਐਕੁਆਇਰ ਕਰਨ ਦੇ ਫ਼ੈਸਲੇ ਖ਼ਿਲਾਫ਼ ਭਲਕੇ 28 ਮਈ ਨੂੰ ਗਲਾਡਾ ਦਫ਼ਤਰ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਚੇਚੇ ਤੌਰ ’ਤੇ ਪੁੱਜਣਗੇ। ਇੱਥੇ ਜ਼ਿਮਨੀ ਚੋਣ ਲਈ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਪੰਜਾਬ ਅਤੇ ਕਿਸਾਨ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਡੱਟ ਕੇ ਪਹਿਰਾ ਦਿੰਦਿਆਂ ਉਸਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਵੇਗਾ। ਇਸ ਮੌਕੇ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਅਮਨਜੋਤ ਸਿੰਘ ਗੋਹਲਵੜੀਆ ਅਤੇ ਬੀਕੇ ਟਾਂਕ ਵੀ ਹਾਜ਼ਰ ਸਨ।