ਉਗਰਾਹਾਂ ਛੱਡ ਸਿੱਧੂਪੁਰ ਜਥੇਬੰਦੀ ਨਾਲ ਜੁੜਿਆ ਪਿੰਡ ਕਾਲਬੰਜਾਰਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਜਨਵਰੀ
ਇਥੇ ਵੱਖ-ਵੱਖ ਯੂਨੀਅਨਾਂ ਨੂੰ ਛੱਡ ਕੇ ਲੋਕ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਜੁੜਨ ਲੱਗੇ ਹਨ। ਇਸੇ ਤਰ੍ਹਾਂ ਸਬ-ਡਿਵੀਜ਼ਨ ਲਹਿਰਾਗਾਗਾ ਦੇ ਪਿੰਡ ਕਾਲਬੰਜਾਰਾ ਦੇ ਲੋਕਾਂ ਨੇ ਖਨੌਰੀ ਮੋਰਚੇ ’ਤੇ ਡੱਲਵਾਲ ਦੇ ਮਰਨ ਵਰਤ ਦੀ ਹਮਾਇਤ ’ਚ ਇਕੱਤਰਤਾ ਕੀਤੀ। ਇਸ ਦੌਰਾਨ ਵੱਡੀ ਗਿਣਤੀ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਸਿੱਧੂਪੁਰ ਯੂਨੀਅਨ ਨਾਲ ਚੱਲਣ ਦਾ ਫ਼ੈਸਲਾ ਕੀਤਾ। ਭਾਕਿਯੂ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਇਕਾਈ ਦਾ ਗਠਨ ਕਰਦਿਆਂ ਹਰਬੰਸ ਸਿੰਘ ਨੂੰ ਪ੍ਰਧਾਨ, ਰਾਜਵਿੰਦਰ ਸਿੰਘ ਜਰਨਲ ਸਕੱਤਰ, ਕੁਲਦੀਪ ਸਿੰਘ ਪ੍ਰੈੱਸ ਸਕੱਤਰ, ਗੁਰਮੀਤ ਸਿੰਘ ਕਾਲਾ, ਸੁਖਵਿੰਦਰ ਸਿੰਘ ਮਿੰਦੀ ਸੀਨੀਅਰ ਮੀਤ ਪ੍ਰਧਾਨ, ਲਖਬੀਰ ਸਿੰਘ, ਗੁਰਵਿੰਦਰ ਸਿੰਘ ਰਟੋਲ ਮੀਤ ਪ੍ਰਧਾਨ, ਗੁਰਸੇਵਕ ਸਿੰਘ, ਮੋਤੀ ਸਿੰਘ, ਹਰਦੀਪ ਸਿੰਘ ਸਕੱਤਰ, ਸੁਖਵਿੰਦਰ ਸਿੰਘ ਨੂੰ ਸਲਾਹਕਾਰ ਚੁਣਨ ਤੋਂ ਇਲਾਵਾ 20 ਦੇ ਕਰੀਬ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਇਕਾਈ ਪ੍ਰਧਾਨ ਹਰਬੰਸ ਸਿੰਘ, ਜਨਰਲ ਸਕੱਤਰ ਰਾਜਵਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਲਈ ਰੱਖੇ ਮਰਨ ਵਰਤ ਤੋਂ ਬਾਅਦ ਉਨ੍ਹਾਂ ਪਿੰਡ ਵਿੱਚ ਚੱਲਦੀ ਯੂਨੀਅਨ ਦੇ ਆਗੂਆਂ ਨੂੰ ਕਿਹਾ ਸੀ ਕਿ ਖਨੌਰੀ ਮੋਰਚੇ ’ਤੇ ਜਾਇਆ ਜਾਵੇ ਪਰ ਉਨ੍ਹਾਂ ਵੱਲੋਂ ਖਨੌਰੀ ਜਾਣ ਤੋਂ ਆਨਾਕਾਨੀ ਕਰਨ ’ਤੇ ਪਿੰਡ ਦੇ ਨੌਜਵਾਨਾਂ ਨੇ ਸਿੱਧੂਪੁਰ ਯੂਨੀਅਨ ਨਾਲ ਜੁੜ ਕੇ ਖਨੌਰੀ ਮੋਰਚੇ ’ਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਇਸ ਸਬੰਧੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਕੁਝ ਕੁ ਬੰਦਿਆਂ ਨੂੰ ਛੱਡ ਕੇ ਲਗਭਗ ਪਿੰਡ ਦੇ ਸਾਰੇ ਹੀ ਕਿਸਾਨ ਭਰਾਵਾਂ ਨੇ ਸਿੱਧੂਪੁਰ ਯੂਨੀਅਨ ਨਾਲ ਜੁੜਨ ਦੀ ਸਹਿਮਤੀ ਪ੍ਰਗਟਾਈ ਹੈ।