ਈਰਾਨ ’ਚ ਫ਼ਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਪ੍ਰਧਾਨ ਮੰਤਰੀ ਆਪਣਾ ਅਸਰ ਰਸੂਖ ਵਰਤਣ: ਸੀਚੇਵਾਲ
ਜਸਬੀਰ ਸਿੰਘ ਚਾਨਾ
ਕਪੂਰਥਲਾ, 17 ਜੂਨ
ਰਾਜ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਜ਼ਰਾਇਲ ਤੇ ਈਰਾਨ ’ਚ ਛਿੜੀ ਜੰਗ ’ਤੇ ਚਿੰਤਾ ਪ੍ਰਗਟਾਉਂਦਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਰ ਰਸੂਖ ਵਰਤ ਕੇ ਈਰਾਨ ’ਚ ਫ਼ਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ।
ਅੱਜ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਜਿਹੜੇ ਵੀ ਦੇਸ਼ ਦਾ ਇੱਕ ਦੂਜੇ ਨਾਲ ਕੋਈ ਰੌਲਾ ਜਾਂ ਵਿਵਾਦ ਚੱਲ ਰਿਹਾ ਹੈ ਉਸ ਨੂੰ ਟੇਬਲ ’ਤੇ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਮੁੱਚੀ ਦੁਨੀਆਂ ’ਚ ਸੁੱਖ-ਸ਼ਾਂਤੀ ਗੁਰੂ ਨਾਨਕ ਦੇਵ ਦੇ ਫ਼ਲਸਫੇ ’ਤੇ ਪਹਿਰਾ ਦੇਣ ਨਾਲ ਹੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੰਮੇ ਸਮੇਂ ਤੋਂ ਯੂਕਰੇਨ ਤੇ ਰੂਸ ’ਚ ਯੁੱਧ ਚੱਲ ਰਿਹਾ ਹੈ। ਦੋਵਾਂ ਮੁਲਕਾਂ ’ਚ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਇਜ਼ਰਾਈਲ ਤੇ ਹਮਾਸ ’ਚ ਜੰਗ ਚੱਲ ਰਹੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਲੜਾਈ ’ਚ ਕਿੰਨੇ ਬੱਚੇ ਮਾਰੇ ਗਏ ਹਨ ਜਿਨ੍ਹਾਂ ਨੂੰ ਅਜੇ ਜੰਗ ਦੇ ਅਰਥਾਂ ਦਾ ਵੀ ਨਹੀਂ ਪਤਾ।