ਈਡੀ ਅੱਗੇ ਪੇਸ਼ ਨਾ ਹੋਏ ਕੇਜਰੀਵਾਲ
* ਸੰਘੀ ਏਜੰਸੀ ਨਵੇਂ ਸੰਮਨ ਕਰ ਸਕਦੀ ਹੈ ਜਾਰੀ
* ਮੰਤਰੀ ਰਾਜ ਕੁਮਾਰ ਆਨੰਦ ਦੇ ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਕੇਸ ਵਿੱਚ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਨਹੀਂ ਹੋਏ। ਕੇਜਰੀਵਾਲ ਨੇ ਏਜੰਸੀ ਨੂੰ ਪੱਤਰ ਲਿਖ ਕੇ ਸੰਮਨ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਸੰਮਨ ‘ਗੈਰਕਾਨੂੰਨੀ ਤੇ ਸਿਆਸਤ ਤੋਂ ਪ੍ਰੇਰਤਿ’ ਹਨ। ਅਧਿਕਾਰਤ ਸੂਤਰਾਂ ਮੁਤਾਬਕ ਈਡੀ ਵੱਲੋਂ ਹੁਣ ‘ਆਪ’ ਸੁਪਰੀਮੋ ਨੂੰ ਸੱਜਰੇ ਸੰਮਨ ਜਾਰੀ ਕੀਤੇ ਜਾ ਸਕਦੇ ਹਨ। ਉਂਜ ਅੱਜ ਸਵੇਰੇ ਪਾਰਟੀ ਸੂਤਰਾਂ ਨੇ ਸਾਫ਼ ਕਰ ਦਿੱਤਾ ਸੀ ਕਿ ਕੇਜਰੀਵਾਲ ਰੋਡ ਸ਼ੋਅ ਲਈ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜਾ ਰਹੇ ਹਨ ਤੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ। ਉਧਰ ਆਮ ਆਦਮੀ ਪਾਰਟੀ ਨੇ ਵੀ ਦਾਅਵਾ ਕੀਤਾ ਕਿ ਪਾਰਟੀ ਸੁਪਰੀਮੋ (ਕੇੇਜਰੀਵਾਲ) ਨੂੰ ‘ਸਿਆਸੀ ਸਾਜ਼ਿਸ਼’ ਤਹਤਿ ਸੰਮਨ ਭੇਜੇ ਗਏ ਸਨ। ‘ਆਪ’ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹੈ। ਇਸ ਦੌਰਾਨ ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਨੂੰ ਲੈ ਕੇ ਅੱਜ ਦਿੱਲੀ ਦੇ ਕੈਬਨਿਟ ਮੰਤਰੀ ਤੇ ‘ਆਪ’ ਆਗੂ ਰਾਜ ਕੁਮਾਰ ਆਨੰਦ(57) ਅਤੇ ਕੁਝ ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਈਡੀ ਦੀਆਂ ਟੀਮਾਂ ਨਾਲ ਸੀਆਰਪੀਐੱਫ ਦੀ ਟੀਮ ਵੀ ਮੌਜੂਦ ਸੀ।
‘ਆਪ’ ਆਗੂ ਸੌਰਭ ਭਾਰਦਵਾਜ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਈਡੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਈਡੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸੰਮਨਾਂ ਵਿਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਨ੍ਹਾਂ ਨੂੰ ਕਿਸ ਹੈਸੀਅਤ- ਇਕ ਗਵਾਹ ਜਾਂ ਇਕ ਮਸ਼ਕੂਕ, ਵਿਅਕਤੀ ਵਿਸ਼ੇਸ਼, ਮੁੱਖ ਮੰਤਰੀ ਜਾਂ ‘ਆਪ’ ਦੇ ਕੌਮੀ ਕਨਵੀਨਰ ਵਜੋਂ ਸੱਦਿਆ ਗਿਆ ਹੈ।’’ ਦਿੱਲੀ ਸਰਕਾਰ ’ਚ ਮੰਤਰੀ ਭਾਰਦਵਾਜ ਨੇ ਕਿਹਾ, ‘‘ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਦਾਅਵਾ ਕਿਵੇਂ ਕੀਤਾ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਵੇਗਾ? ਇਸ ਦਾ ਮਤਲਬ ਹੈ ਕਿ ਇਹ ਸਿਆਸੀ ਸਾਜ਼ਿਸ਼ ਹੈ। ਪੰਜ ਰਾਜਾਂ ਵਿਚ ਅਸੈਂਬਲੀ ਚੋਣਾਂ ਹੋ ਰਹੀਆਂ ਹਨ ਤੇ ਕੌਮੀ ਕਨਵੀਨਰ ਹੋਣ ਦੇ ਨਾਤੇ ਕੇਜਰੀਵਾਲ ਨੂੰ ਉਥੇ ਪ੍ਰਚਾਰ ਲਈ ਜਾਣਾ ਪੈਂਦਾ ਹੈ।’’ ਭਾਰਦਵਾਜ ਨੇ ਦਾਅਵਾ ਕੀਤਾ ਕਿ ਇਹ ਭਾਜਪਾ ਦੀ ‘ਸਿਆਸੀ ਸਾਜ਼ਿਸ਼’ ਸੀ ਤੇ ਉਨ੍ਹਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਉਧਰ ‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਭਾਜਪਾ ਨੂੰ ਅਪੀਲ ਕੀਤੀ ਕਿ ਉਹ ਜਾਂਚ ਏਜੰਸੀਆਂ ਦੀ ‘ਦੁਰਵਰਤੋਂ’ ਰੋਕੇ। ਰਾਏ ਨੇ ਕਿਹਾ, ‘‘ਮੁੱਖ ਮੰਤਰੀ ਕੇਜਰੀਵਾਲ ਨੇ ਈਡੀ ਸੰਮਨਾਂ ਨੂੰ ਲੈ ਕੇ ਜਵਾਬ ਭੇਜ ਦਿੱਤਾ ਹੈ। ਉਨ੍ਹਾਂ ਮੁੜ ਸੱਦਣ ਦੀ ਮੰਗ ਕੀਤੀ ਹੈ, ਪਰ ਈਡੀ ਦਾ ਜਵਾਬ ਨਹੀਂ ਆਇਆ। ਇਸ ਦੀ ਥਾਂ ਭਾਜਪਾ ਤਰਜਮਾਨਾਂ ਨੇ ਕੇਜਰੀਵਾਲ ਵੱਲੋਂ ਈਡੀ ਨੂੰ ਲਿਖੇ ਪੱਤਰਾਂ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਈਡੀ ਤੇ ਭਾਜਪਾ ਵਿਚਾਲੇ ਫ਼ਰਕ ਕਰਨਾ ਔਖਾ ਹੋ ਗਿਆ ਹੈ।’’ ਚੇਤੇ ਰਹੇ ਕਿ ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਵੀ ਲੰਘੇ ਦਿਨੀਂ ਖਦਸ਼ਾ ਜਤਾਇਆ ਸੀ ਕਿ ਈਡੀ ਅੱਗੇ ਪੇਸ਼ ਹੋਣ ਮੌਕੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਕੇਜਰੀਵਾਲ ਦੇ ਪਾਰਟੀ ਕੁਲੀਗ ਮਨੀਸ਼ ਸਿਸੋਦੀਆ ਤੇ ਸੰਜੈ ਸਿੰਘ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਪਹਿਲਾਂ ਹੀ ਨਿਆਂਇਕ ਹਿਰਾਸਤ ਵਿਚ ਹਨ। -ਪੀਟੀਆਈ
ਕੇਜਰੀਵਾਲ ਈਡੀ ਦੇ ਸੰਮਨਾਂ ਤੋਂ ਭੱਜੇ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਆਬਕਾਰੀ ਨੀਤੀ ਨਾਲ ਜੁੜੇ ਕੇਸ ਵਿਚ ਈਡੀ ਦੇ ਸੰਮਨਾਂ ਤੋਂ ‘ਭੱਜਣ’ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਕਿਹਾ ਕਿ ਕੇਜਰੀਵਾਲ ਸੱਚ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ। ਭਾਜਪਾ ਦੇ ਕੌਮੀ ਤਰਜਮਾਨ ਸੰਬਤਿ ਪਾਤਰਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਰਵਿੰਦ ਕੇਜਰੀਵਾਲ ਈਡੀ ਦੇ ਸੰਮਨਾਂ ਤੋਂ ਭੱਜ ਗਏ ਹਨ। ਉਹ ਸੱਚ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ...ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਕਿੰਗ (ਕੇਜਰੀਵਾਲ) ਨੇ ਸਵੀਕਾਰ ਕੀਤਾ ਹੈ ਕਿ ਉਹ ਸ਼ਰਾਬ ਘੁਟਾਲੇ ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸੀ।’’ ਪਾਤਰਾ ਨੇ ਕਿਹਾ ਕਿ ਈਡੀ ਵੱਲੋਂ ਜਾਰੀ ਸੰਮਨ ਤੱਥਾਂ ਤੇ ਸਬੂਤਾਂ ’ਤੇੇ ਅਧਾਰਤਿ ਹਨ, ਪਰ ਕੇਜਰੀਵਾਲ ਜਾਂਚ ਏਜੰਸੀ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ ਕਿਉਂਕਿ ਉਹ ਸੱਚ ਜਾਣਦੇ ਹਨ। -ਪੀਟੀਆਈ
‘ਮੈਨੂੰ ਗ੍ਰਿਫ਼ਤਾਰ ਕਰ ਸਕਦੇ ਹੋ, ਮੇਰੀ ਸੋਚ ਨੂੰ ਨਹੀਂ’
ਸਿੰਗਰੌਲੀ (ਮੱਧ ਪ੍ਰਦੇਸ਼): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੰਗਰੌਲੀ ਵਿੱਚ ਪਾਰਟੀ ਉਮੀਦਵਾਰਾਂ ਲਈ ਕੱਢੇ ਰੋਡ ਸ਼ੋਅ ਦੌਰਾਨ ਈਡੀ ਦੇ ਸੰਮਨਾਂ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘‘ਉਹ ਮੈਨੂੰ ਗ੍ਰਿਫ਼ਤਾਰ ਕਰ ਸਕਦੇ ਹਨ, ਪਰ ਉਹ ਮੇਰੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰਨਗੇ। ਦੇਸ਼ ਭਰ ਵਿਚ ਫੈਲੇ ਲੱਖਾਂ ਤੇ ਕਰੋੜਾਂ ਕੇੇਜਰੀਵਾਲਾਂ ਨੂੰ ਕਿਵੇਂ ਗ੍ਰਿਫ਼ਤਾਰ ਕਰਨਗੇ।’’ ਆਪ ਸੁਪਰੀਮੋ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਕਦੇ ਵੀ ਭ੍ਰਿਸ਼ਟਾਚਾਰ ’ਚ ਸ਼ਾਮਲ ਨਹੀਂ ਰਹੀ। -ਪੀਟੀਆਈ