ਈਟੀਓ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ
ਇੱਥੇ ਜੰਡਿਆਲਾ ਗੁਰੂ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਸੀਵਰੇਜ ਟਰੀਟਮੈਂਟ ਦੀ ਮੰਗ ਨੂੰ ਉਸ ਵੇਲੇ ਬੂਰ ਪਿਆ ਜਦੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਵਾਸੀਆਂ ਨਾਲ ਚੋਣਾਂ ਦੌਰਾਨ ਕੀਤਾ ਆਪਣਾ ਵਾਅਦਾ ਪੂਰਾ ਕਰਦਿਆਂ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਪਲਾਂਟ ਆਉਣ ਵਾਲੇ 18 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਸ ਸਬੰਧੀ ਕੈਬਨਿਟ ਮੰਤਰੀ ਨੇ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕਰਦਿਆਂ ਸੀਵਰੇਜ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ ਜੋ ਅਗਲੇ 25 ਸਾਲ ਤੱਕ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜੰਡਿਆਲਾ ਗੁਰੂ ਦੀ ਆਬਾਦੀ ਅਨੁਸਾਰ ਤਿੰਨ ਲੱਖ ਮੀਟਰਿਕ ਲਿਟਰ ਦੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਲੋੜ ਸੀ ਪਰ ਉਨ੍ਹਾਂ ਵਧ ਰਹੀ ਆਬਾਦੀ ਅਤੇ ਜੀਟੀ ਰੋਡ ਉੱਤੇ ਆ ਰਹੇ ਵੱਡੇ ਵੱਡੇ ਪ੍ਰਾਜੈਕਟਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਸਮਰੱਥਾ ਛੇ ਐੱਮਐੱਲਡੀ ਕੀਤੀ ਹੈ, ਤਾਂ ਜੋ ਇਹ ਅਗਲੇ 25 ਸਾਲਾਂ ਤੱਕ ਜੰਡਿਆਲਾ ਗੁਰੂ ਦੀਆਂ ਲੋੜਾਂ ਪੂਰੀਆਂ ਕਰਦਾ ਰਹੇ। ਉਨ੍ਹਾਂ ਕਿਹਾ ਕਿ ਇਹ ਪਲਾਂਟ ਚਾਲੂ ਹੋਣ ਨਾਲ ਜੰਡਿਆਲਾ ਗੁਰੂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਹੀਂ ਰਹੇਗੀ। ਉਨ੍ਹਾਂ ਕਿਹਾ ਇਹ ਪਹਿਲੀ ਵਾਰ ਹੋਇਆ ਹੈ ਕਿ ਜੰਡਿਆਲਾ ਨਗਰ ਕੌਂਸਲ ਨੇ ਦੋ ਏਕੜ ਜ਼ਮੀਨ ਖਰੀਦ ਕੇ ਆਪਣਾ ਪ੍ਰਾਜੈਕਟ ਸ਼ੁਰੂ ਕੀਤਾ ਹੋਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਦਾ ਕੰਮ ਆਉਣ ਵਾਲੇ ਡੇਢ ਸਾਲ ਤੱਕ ਪੂਰਾ ਹੋ ਜਾਵੇਗਾ ਅਤੇ ਇਹ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਖੇਤੀ ਲਈ ਵਰਤੋਂਯੋਗ ਬਣਾ ਦੇਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਇਸ ਕੰਮ ਦੀ ਗੁਣਵੱਤਾ ਕਾਇਮ ਰੱਖਣ ਲਈ ਆਪਣਾ ਫਰਜ਼ ਨਾਲੋਂ-ਨਾਲ ਨਿਭਾਉਂਦੇ ਰਹਿਣ। ਹਰਭਜਨ ਸਿੰਘ ਨੇ ਕਿਹਾ ਉਨ੍ਹਾਂ ਦਾ ਹਲਕਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਇਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਉਨ੍ਹਾਂ ਦਾ ਫਰਜ਼ ਹੈ, ਜਿਸ ਵਿੱਚ ਉਹ ਰਤੀ ਭਰ ਵੀ ਕੁਤਾਹੀ ਨਹੀਂ ਕਰਦੇ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜੰਡਿਆਲਾ ਗੁਰੂ ਵਿੱਚ ਸਬ ਤਹਿਸੀਲ ਕੰਪਲੈਕਸ, ਬਾਬਾ ਅੰਬੇਡਕਰ ਦਾ ਬੁੱਤ, ਮਲਟੀ ਲੈਵਲ ਪਾਰਕਿੰਗ, 30 ਬਿਸਤਰਿਆਂ ਦਾ ਹਸਪਤਾਲ, ਮਲਟੀਪਰਪਜ਼ ਸਟੇਡੀਅਮ ਤੇ ਪੰਚਾਇਤ ਸਮਿਤੀ ਵਿੱਚ ਆਰਾਮ ਘਰ ਵੀ ਬਣਾਏ ਜਾਣਗੇ।
ਇਸ ਮੌਕੇ ਚੇਅਰਮੈਨ ਸ਼ਨਾਖ ਸਿੰਘ, ਨਰੇਸ਼ ਪਾਠਕ, ਚੇਅਰਮੈਨ ਗੁਰਵਿੰਦਰ ਸਿੰਘ, ਮਾਤਾ ਸੁਰਿੰਦਰ ਕੌਰ, ਐਕਸੀਅਨ ਮਨਿਦਰ ਸਿੰਘ, ਸਤਿੰਦਰ ਸਿੰਘ, ਸੁਨੈਨਾ ਰੰਧਾਵਾ, ਸਰਬਜੋਤ ਸਿੰਘ ਡਿੰਪੀ, ਗੁਲਸ਼ਨ ਜੈਨ, ਡਾਕਟਰ ਸਤਵਿੰਦਰ ਸਿੰਘ, ਰਾਜ ਕੁਮਾਰ ਮਲਹੋਤਰਾ, ਜੰਡਿਆਲਾ ਹਲਕੇ ਦੇ ਸਾਰੇ ਸਰਪੰਚ, ਸਾਰੇ ਬਲਾਕ ਪ੍ਰਧਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।