‘ਇੱਕ ਦੇਸ਼ ਇੱਕ ਚੋਣ’ ਦੇ ਹੱਕ ’ਚ ਰਾਸ਼ਟਰਪਤੀ ਨੂੰ ਮੰਗ ਪੱਤਰ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 28 ਮਈ
ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਅੱਜ ਇੱਥੇ ਕਮਿਊਨਿਟੀ ਹਾਲ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੌੜਾ ਦੀ ਪ੍ਰਧਾਨਗੀ ਹੇਠ ‘ਇੱਕ ਦੇਸ਼ ਇੱਕ ਚੋਣ’ ਵਿਸ਼ੇ ’ਤੇ ਹੋਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਇੰਚਾਰਜ ਸੁਰਿੰਦਰ ਆਰੀਆ ਵੀ ਉਨ੍ਹਾਂ ਦੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਰਤੀਆ ਭਾਜਪਾ ਮੰਡਲ ਪ੍ਰਧਾਨ ਅੰਕਿਤ ਸਿੰਗਲਾ ਨੇ ਰਤੀਆ ਪਹੁੰਚਣ ’ਤੇ ਸਾਰਿਆਂ ਦਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕਿਹਾ ਕਿ ‘ਇੱਕ ਰਾਸ਼ਟਰ, ਇੱਕ ਚੋਣ’ ਦਾ ਉਦੇਸ਼ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣਾ ਹੈ। ਇਸ ਨਾਲ ਵੋਟਰਾਂ ਨੂੰ ਆਪਣੇ ਹਲਕਿਆਂ ਵਿੱਚ ਇੱਕੋ ਦਿਨ ਸਰਕਾਰ ਦੇ ਦੋਵਾਂ ਪੱਧਰਾਂ ਲਈ ਵੋਟ ਪਾਉਣ ਦੀ ਇਜਾਜ਼ਤ ਮਿਲੇਗੀ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇੱਕੋ ਸਮੇਂ ਚੋਣਾਂ ਬਾਰੇ ਉੱਚ ਪੱਧਰੀ ਕਮੇਟੀ ਦੀ ਰਿਪੋਰਟ 2024 ਵਿੱਚ ਜਾਰੀ ਕੀਤੀ ਗਈ ਸੀ। ਇਸ ਨੂੰ ਕੇਂਦਰੀ ਮੰਤਰੀ ਮੰਡਲ ਨੇ ਸਵੀਕਾਰ ਕਰ ਲਿਆ ਸੀ, ਜੋ ਕਿ ਚੋਣ ਸੁਧਾਰਾਂ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਰਤੀਆ ਮੀਡੀਆ ਵੈਲਫੇਅਰ ਕਲੱਬ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਬਲਦੇਵ ਸੈਣੀ, ਇੱਕ ਦੇਸ਼ ਇੱਕ ਚੋਣ ਕੋ-ਕੋਆਰਡੀਨੇਟਰ ਡਾ. ਹਰਵਿੰਦਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਚੰਦਰ ਪ੍ਰਕਾਸ਼ ਬਸਤੀ, ਵਿਕਾਸ ਲਾਲੋਦਾ, ਇੰਦਰਾ ਗਵੜੀ, ਬੀਬੋ ਇੰਦੋਰਾ, ਸੁਨੀਲ ਇੰਦੋਰਾ, ਭਾਜਪਾ ਦੇ ਚਾਰੋਂ ਮੰਡਲ ਪ੍ਰਧਾਨ ਰਤੀਆ ਅੰਕਿਤ ਸਿੰਗਲਾ, ਲਖਵਿੰਦਰ ਸਿੰਘ ਮੌਜੂਦ ਸਨ।