ਇੱਕੋ ਜਿਹੇ ਨੰਬਰਾਂ ਵਾਲੇ ਵੋਟਰ ਕਾਰਡਾਂ ਦਾ ਮਸਲਾ ਹੱਲ
ਨਵੀਂ ਦਿੱਲੀ, 13 ਮਈ
ਚੋਣ ਕਮਿਸ਼ਨ ਨੇ ਇੱਕੋ ਜਿਹੇ ਨੰਬਰਾਂ ਵਾਲੇ ਵੋਟਰ ਆਈਡੀ ਕਾਰਡਾਂ ਦਾ ਮਸਲਾ ਹੱਲ ਕਰਦਿਆਂ ਅਜਿਹੇ ਕਾਰਡ ਧਾਰਕਾਂ ਨੂੰ ਨਵੇਂ ਨੰਬਰਾਂ ਵਾਲੇ ਨਵੇਂ ਵੋਟਰ ਆਈਡੀ ਕਾਰਡ ਜਾਰੀ ਕਰ ਦਿੱਤੇ ਹਨ। ਸੂਤਰਾਂ ਨੇ ਕਿਹਾ ਕਿ ਇੱਕੋ ਜਿਹੇ ਵੋਟਰ ਫੋਟੋ ਪਛਾਣ ਪੱਤਰ ਜਾਂ ਈਪੀਆਈਸੀ ਨੰਬਰਾਂ ਦੇ ਮਾਮਲੇ ‘ਬਹੁਤ ਘੱਟ’ ਸਨ। ਔਸਤਨ ਚਾਰ ਪੋਲਿੰਗ ਸਟੇਸ਼ਨਾਂ ’ਚ ਅਜਿਹਾ ਇੱਕ ਮਾਮਲਾ ਸੀ। ਸੂਤਰਾਂ ਨੇ ਦੱਸਿਆ ਕਿ ਤਸਦੀਕ ਦੌਰਾਨ ਪਤਾ ਲੱਗਾ ਕਿ ਇੱਕੋ ਜਿਹੇ ਈਪੀਆਈਸੀ ਨੰਬਰ ਵਾਲੇ ਲੋਕ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅਤੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੇ ਵੋਟਰ ਸਨ। ਉਨ੍ਹਾਂ ਕਿਹਾ ਕਿ ਹਰ ਵੋਟਰ ਦਾ ਨਾਮ ਉਸ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵਿੱਚ ਹੁੰਦਾ ਹੈ, ਜਿੱਥੋਂ ਦਾ ਉਹ ਵਸਨੀਕ ਹੈ। ਇੱਕੋ ਜਿਹੇ ਨੰਬਰ ਦਾ ਈਪੀਆਈਸੀ ਹੋਣ ਕਰਕੇ ਕਦੇ ਵੀ ਅਜਿਹੇ ਵਿਅਕਤੀ ਨੂੰ ਕਿਸੇ ਹੋਰ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਦਾ ਮੌਕਾ ਨਹੀਂ ਮਿਲਦਾ। ਇਸ ਤਰ੍ਹਾਂ ਇੱਕੋ ਜਿਹੇ ਈਪੀਆਈਸੀ ਦਾ ਮੁੱਦਾ ਕਿਸੇ ਵੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। -ਪੀਟੀਆਈ
ਚੋਣ ਕਮਿਸ਼ਨ ਅਧਿਕਾਰਤ ਬਿਆਨ ਦੇਵੇ: ਤ੍ਰਿਣਮੂਲ ਕਾਂਗਰਸ
ਇੱਕੋ ਜਿਹੇ ਨੰਬਰਾਂ ਵਾਲੇ ਵੋਟਰ ਕਾਰਡਾਂ ਦਾ ਮਸਲਾ ਹੱਲ ਹੋਣ ਬਾਰੇ ਤ੍ਰਿਣਮੂਲ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਅੱਜ ਕਿਹਾ, ‘ਅਸੀਂ ਸਿਰਫ਼ ਉਦੋਂ ਹੀ ਬਿਆਨ ਦੇਵਾਂਗੇ, ਜਦੋਂ ਚੋਣ ਕਮਿਸ਼ਨ ਸੂਤਰਾਂ ਰਾਹੀਂ ਨਹੀਂ ਸਗੋ ਅਧਿਕਾਰਤ ਤੌਰ ’ਤੇ ਗੱਲ ਕਰੇਗਾ। ਜ਼ਿਕਰਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਵੱਲੋਂ ਵੋਟਰ ਸੂਚੀ ਵਿੱਚ ਹੇਰਾਫੇਰੀ ਦੇ ਲਾਏ ਗਏ ਦੋਸ਼ਾਂ ਮਗਰੋਂ ਚੋਣ ਕਮਿਸ਼ਨ ਨੇ ਮਾਰਚ ਵਿੱਚ ਕਿਹਾ ਸੀ ਕਿ ਉਸ ਵੱਲੋਂ ਅਗਲੇ ਤਿੰਨ ਮਹੀਨਿਆਂ ਵਿੱਚ ‘ਦਹਾਕਿਆਂ ਪੁਰਾਣਾ’ ਮਸਲਾ ਹੱਲ ਕਰ ਦਿੱਤਾ ਜਾਵੇਗਾ।