ਇਲਾਜ ਦੌਰਾਨ ਲਾਪਰਵਾਹੀ ਵਰਤਣ ਵਾਲੇ ਡਾਕਟਰ ਨੂੰ ਡੇਢ ਲੱਖ ਰੁਪਏ ਹਰਜਾਨਾ
ਜਸਵੰਤ ਜੱਸ
ਫਰੀਦਕੋਟ, 12 ਦਸੰਬਰ
ਸਥਾਨਕ ਖਪਤਕਾਰ ਕਮਿਸ਼ਨ ਨੇ ਆਪਣੇ ਇੱਕ ਹੁਕਮ ਵਿੱਚ ਕੋਟਕਪੂਰਾ ਦੇ ਇੱਕ ਹਸਪਤਾਲ ਨੂੰ ਕਥਿਤ ਤੌਰ 'ਤੇ ਇੱਕ ਬਜ਼ੁਰਗ ਮਰੀਜ਼ ਦੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦਾ ਕਸੂਰਵਾਰ ਮੰਨਦਿਆਂ ਆਦੇਸ਼ ਦਿੱਤੇ ਹਨ ਕਿ ਉਹ ਮ੍ਰਿਤਕ ਔਰਤ ਦੇ ਲੜਕੇ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ-ਅੰਦਰ ਅਦਾ ਕਰੇ। ਸੂਚਨਾ ਅਨੁਸਾਰ ਸ਼ਿਕਾਇਤਕਰਤਾ ਕੰਵਰਜੀਤ ਸਿੰਘ ਨੇ ਖ਼ਪਤਕਾਰ ਕਮਿਸ਼ਨ ਸਾਹਮਣੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਡਾ. ਟੋਨੀ ਕਟਾਰੀਆ ਨੇ ਉਸ ਦੀ ਮਾਂ ਦੇ ਇਲਾਜ ਦੌਰਾਨ ਕਥਿਤ ਤੌਰ 'ਤੇ ਲਾਪਰਵਾਹੀ ਵਰਤੀ ਅਤੇ ਉਸ ਨੂੰ ਮੈਡੀਕਲ ਸਾਇੰਸ ਅਨੁਸਾਰ ਬਣਦਾ ਇਲਾਜ ਸਮੇਂ ਸਿਰ ਨਹੀਂ ਦਿੱਤਾ ਜਿਸ ਕਰਕੇ ਉਸ ਦੀ ਮਾਂ ਦੀ ਮੌਤ ਹੋ ਗਈ। ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਦੋਹਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਕਿਹਾ ਕਿ ਕਮਿਸ਼ਨ ਸਾਹਮਣੇ ਪੇਸ਼ ਹੋਈ ਗਵਾਹੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਡਾ. ਟੋਨੀ ਕਟਾਰੀਆ ਨੇ ਆਪਣੇ ਹਸਪਤਾਲ ਵਿੱਚ ਬਜ਼ੁਰਗ ਔਰਤ ਦੇ ਇਲਾਜ ਦੌਰਾਨ ਲਾਪਰਵਾਹੀ ਵਰਤੀ ਹੈ। ਇਸ ਲਈ ਸ਼ਿਕਾਇਤ ਕਰਤਾ ਆਪਣੀ ਮਾਂ ਦੀ ਮੌਤ ਤੇ ਮਾੜੇ ਇਲਾਜ ਬਦਲੇ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਉਸ ਨੂੰ ਇਨਸਾਫ ਲੈਣ ਲਈ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਇਸ ਲਈ ਉਸ ਨੂੰ ਡੇਢ ਲੱਖ ਰੁਪਏ ਮੁਆਵਜ਼ਾ ਅਤੇ ਖਰਚੇ ਵਜੋਂ ਦੇਣੇ ਬਣਦੇ ਹਨ। ਹਾਲਾਂਕਿ ਇਲਾਜ ਕਰਨ ਵਾਲੇ ਡਾ. ਟੋਨੀ ਕਟਾਰੀਆ ਨੇ ਅਦਾਲਤੀ ਸੁਣਵਾਈ ਦੌਰਾਨ ਕਿਹਾ ਸੀ ਕਿ ਉਸ ਦੇ ਹਸਪਤਾਲ ਉੱਪਰ ਲਾਏ ਗਏ ਇਲਜ਼ਾਮ ਗਲਤ ਹਨ ਅਤੇ ਉਹਨਾਂ ਨੇ ਮੈਡੀਕਲ ਸਾਇੰਸ ਮੁਤਾਬਕ ਹਰ ਸੰਭਵ ਇਲਾਜ ਕੀਤਾ ਹੈ ਪਰੰਤੂ ਖਪਤਕਾਰ ਕਮਿਸ਼ਨ ਨੇ ਡਾਕਟਰ ਟੋਨੀ ਕਟਾਰੀਆ, ਉਸ ਦੇ ਹਸਪਤਾਲ ਅਤੇ ਬੀਮਾ ਕੰਪਨੀ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਅਤੇ ਤੱਥਾਂ ਨੂੰ ਨਕਾਰਦਿਆਂ ਆਦੇਸ਼ ਦਿੱਤੇ ਕਿ ਖਪਤਕਾਰ ਨੂੰ ਉਕਤ ਮੁਆਵਜ਼ਾ 45 ਦਿਨਾਂ ਦੇ ਅੰਦਰ ਅੰਦਰ ਅਦਾ ਕੀਤਾ ਜਾਵੇ।