ਇਰਾਨ ਸਮਝੌਤਾ ਕਰੇ ਜਾਂ ਹਮਲੇ ਦਾ ਸਾਹਮਣਾ: ਟਰੰਪ
ਦੋਹਾ (ਕਤਰ), 15 ਮਈ
ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇਰਾਨ ’ਤੇ ਦਬਾਅ ਵਧਾਉਂਦਿਆਂ ਚਿਤਾਵਨੀ ਦਿੱਤੀ ਕਿ ਉਸ ਕੋਲ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਹੱਲ ਲਈ ਦੋ ਹੀ ਰਾਹ ਹਨ। ਪਹਿਲਾ ਜਾਂ ਤਾਂ ਉਹ ਸਮਝੌਤਾ ਕਰੇ ਜਾਂ ਸੰਭਾਵੀ ਹਵਾਈ ਹਮਲੇ ਲਈ ਤਿਆਰ ਰਹੇ। ਟਰੰਪ ਨੇ ਕਤਰ ਨੂੰ ਵੀ ਅਪੀਲ ਕੀਤੀ ਕਿ ਉਹ ਇਰਾਨ ’ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਸ ਨੂੰ ਪ੍ਰਮਾਣੂ ਪ੍ਰੋਗਰਾਮ ਦੇ ਸਬੰਧ ’ਚ ਅਮਰੀਕਾ ਨਾਲ ਸਮਝੌਤਾ ਕਰਨ ਲਈ ਮਨਾਏ।
ਟਰੰਪ ਨੇ ਕਤਰ ਦੇ ਸਿਖਰਲੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਇਹ ਦੇਖਣਾ ਚਾਹਾਂਗੇ ਕਿ ਕੀ ਅਸੀਂ ਇਰਾਨ ਦੀ ਸਮੱਸਿਆ ਬਿਨਾਂ ਕਿਸੇ ਤਾਕਤ ਦੀ ਵਰਤੋਂ ਦੇ ਸਮਝਦਾਰੀ ਨਾਲ ਹੱਲ ਕਰ ਸਕਦੇ ਹਾਂ। ਇਸ ਦੇ ਸਿਰਫ਼ ਦੋ ਹੀ ਰਾਹ ਹਨ: ਸਮਝਦਾਰੀ ਤੇ ਤਾਕਤ।’ ਟਰੰਪ ਨੇ ਇਹ ਵੀ ਕਿਹਾ ਕਿ ਕਤਰ ਦੇ ਹਾਕਮ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਕੂਟਨੀਤਕ ਸਮਝੌਤੇ ਲਈ ਦਬਾਅ ਪਾ ਰਹੇ ਸਨ। ਕਤਰ ਇਰਾਨ ਨਾਲ ਇੱਕ ਵੱਡਾ ਸਮੁੰਦਰੀ ਤੇਲ ਤੇ ਗੈਸ ਖੇਤਰ ਸਾਂਝਾ ਕਰਦਾ ਹੈ ਜੋ ਉਸ ਦੀ ਖੁਸ਼ਹਾਲੀ ਲਈ ਬਹੁਤ ਅਹਿਮ ਹੈ। ਟਰੰਪ ਨੇ ਕਿਹਾ, ‘ਮੈਂ ਕੱਲ੍ਹ ਰਾਤ ਕਿਹਾ ਕਿ ਇਰਾਨ ਬਹੁਤ ਕਿਸਮਤ ਵਾਲਾ ਹੈ ਕਿ ਉਸ ਕੋਲ ਅਮੀਰ ਹਨ ਕਿਉਂਕਿ ਉਹ ਅਸਲ ਵਿੱਚ ਉਨ੍ਹਾਂ ਲਈ ਲੜ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਅਸੀਂ ਇਰਾਨ ’ਤੇ ਘਾਤਕ ਕਾਰਵਾਈ ਕਰੀਏ। ਉਹ ਕਹਿੰਦੇ ਹਨ ਕਿ ਤੁਸੀਂ ਸਮਝੌਤਾ ਕਰ ਸਕਦੇ ਹੋ। ਉਹ ਅਸਲ ’ਚ ਲੜ ਰਹੇ ਹਨ। ਮੇੇਰਾ ਮੰਨਣਾ ਹੈ ਕਿ ਇਰਾਨ ਨੂੰ ਅਮੀਰ ਦਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹੀਦਾ ਹੈ।’ ਟਰੰਪ ਨੇ ਕਿਹਾ, ‘ਜਿੱਥੇ ਤੱਕ ਇਰਾਨ ਦਾ ਸਵਾਲ ਹੈ ਤਾਂ ਉਹ ਚੰਗੇ ਡਰੋਨ ਬਣਾਉਂਦਾ ਹੈ।’ ਇਸੇ ਦੌਰਾਨ ਟਰੰਪ ਨੇ ਅੱਜ ਮੱਧ ਪੂਰਬ ’ਚ ਅਮਰੀਕੀ ਭਾਈਵਾਲੀ ਦੇ ਕੇਂਦਰ ’ਚ ਸਥਿਤ ਇੱਕ ਅਮਰੀਕੀ ਬੇਸ ਦਾ ਦੌਰਾ ਕੀਤਾ। -ਏਪੀ